ਨੌਜਵਾਨ ਦੀ ਮੌਤ ਮਗਰੋਂ ਨਸ਼ਿਆਂ ਵਿਰੁੱਧ ਨਿੱਤਰੇ ਪਿੰਡ ਵਾਸੀ, ਬਣਾਈ 21 ਮੈਂਬਰੀ ਕਮੇਟੀ

Monday, Jul 27, 2026 - 07:11 PM (IST)

ਨੌਜਵਾਨ ਦੀ ਮੌਤ ਮਗਰੋਂ ਨਸ਼ਿਆਂ ਵਿਰੁੱਧ ਨਿੱਤਰੇ ਪਿੰਡ ਵਾਸੀ, ਬਣਾਈ 21 ਮੈਂਬਰੀ ਕਮੇਟੀ

ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ): ਪੁਲਸ ਸਟੇਸ਼ਨ ਕਲਾਨੌਰ ਅਧੀਨ ਆਉਂਦੇ ਪਿੰਡ ਲਖਨ ਕਲਾਂ ਵਿਖੇ ਨਸ਼ੇ ਅਤੇ ਜੂਏ ਦੀ ਲਾਹਨਤ ਨੂੰ ਨੱਥ ਪਾਉਣ ਲਈ ਪਿੰਡ ਦੀ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸਖ਼ਤ ਕਦਮ ਚੁੱਕਦਿਆਂ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪਿਛਲੇ ਦਿਨੀਂ ਇਕ ਨੌਜਵਾਨ ਦੀ ਨਸ਼ੇ ਦੀ ਲਪੇਟ ਵਿਚ ਆਉਣ ਕਾਰਨ ਹੋਈ ਮੌਤ ਤੋਂ ਬਾਅਦ ਪਿੰਡ ਵਾਸੀਆਂ ਵਿਚ ਭਾਰੀ ਚਿੰਤਾ ਅਤੇ ਰੋਸ ਪਾਇਆ ਜਾ ਰਿਹਾ ਸੀ। ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਨਸ਼ੇ ਅਤੇ ਜੂਏ ਵਿਰੁੱਧ ਸਖ਼ਤ ਫੈਸਲਾ ਲਿਆ ਹੈ।

ਪਿੰਡ ਵਾਸੀਆਂ ਨੇ ਕਿਹਾ ਕਿ ਨਸ਼ੇ ਨੇ ਕਈ ਘਰਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਦਲਦਲ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। 21 ਮੈਂਬਰੀ ਕਮੇਟੀ ਪਿੰਡ ਵਿੱਚ ਨਸ਼ੇ ਅਤੇ ਜੂਏ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੇਗੀ ਅਤੇ ਜੇਕਰ ਕੋਈ ਵਿਅਕਤੀ ਅਜਿਹੇ ਗੈਰ-ਕਾਨੂੰਨੀ ਕੰਮਾਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਇਸ ਸਬੰਧੀ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਣ ਵਾਲੇ ਲੋਕਾਂ ਖ਼ਿਲਾਫ਼ ਸਾਰਾ ਪਿੰਡ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰੇਗਾ।

ਇਸ ਮੌਕੇ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਨਾਲ ਜੁੜਨ ਦੀ ਅਪੀਲ ਕੀਤੀ। ਲੋਕਾਂ ਨੇ ਸਪੱਸ਼ਟ ਕੀਤਾ ਕਿ ਪਿੰਡ ਵਿੱਚ ਨਸ਼ੇ ਅਤੇ ਜੂਏ ਦੀ ਲਾਹਨਤ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 


author

Anmol Tagra

Content Editor

Related News