ਬਮਿਆਲ ਤੇ ਨਰੋਟ ਜੈਮਲ ਸਿੰਘ ''ਚ ਹੜ੍ਹ ਦਾ ਖ਼ਤਰਾ, ਭਾਜਪਾ ਆਗੂ ਸ਼ਵੇਤ ਮਲਿਕ ਨੇ ਲਿਆ ਜਾਇਜ਼ਾ

Wednesday, Jul 22, 2026 - 04:33 PM (IST)

ਬਮਿਆਲ ਤੇ ਨਰੋਟ ਜੈਮਲ ਸਿੰਘ ''ਚ ਹੜ੍ਹ ਦਾ ਖ਼ਤਰਾ, ਭਾਜਪਾ ਆਗੂ ਸ਼ਵੇਤ ਮਲਿਕ ਨੇ ਲਿਆ ਜਾਇਜ਼ਾ

ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਬੀਤੇ ਦਿਨ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਜਿੱਥੇ ਸਰਹੱਦੀ ਖੇਤਰ ਬਮਿਆਲ ਅੰਦਰ ਕੁੱਝ ਖੇਤਰਾਂ 'ਚ ਪਾਣੀ ਦਾ ਕਾਫੀ ਪੱਧਰ ਵੱਧ ਗਿਆ ਸੀ, ਜਿਸ ਨੂੰ ਲੈ ਕੇ ਅੱਜ ਸ਼ਵੇਤ ਮਲਿਕ ਸਭ ਤੋਂ ਪਹਿਲਾਂ ਨਰੋਟ ਜੈਮਲ ਸਿੰਘ ਦੇ ਪਿੰਡ ਕੋਹਲੀਆਂ ਪਹੁੰਚੇ, ਜਿੱਥੇ ਪਿਛਲੇ ਸਾਲ ਰਾਵੀ ਦਰਿਆ ਦੇ ਹੜ੍ਹ ਕਾਰਨ ਭਾਰੀ ਨੁਕਸਾਨ ਹੋਇਆ ਸੀ। ਇਸ ਦੌਰਾਨ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਰਾਵੀ ਦਰਿਆ ਦੇ ਕੰਢੇ ਇੱਕ ਸੁਰੱਖਿਆ ਬੰਨ੍ਹ ਬਣਾਇਆ ਜਾਣਾ ਸੀ, ਜਿਸ ਨਾਲ ਕਰੀਬ 90 ਪਿੰਡਾਂ ਨੂੰ ਹੜ੍ਹਾਂ ਤੋਂ ਬਚਾਇਆ ਜਾ ਸਕਦਾ ਸੀ ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇਹ ਬੰਨ੍ਹ ਨਹੀਂ ਬਣਾਇਆ ਗਿਆ, ਜਿਸ ਕਾਰਨ ਇਸ ਸਾਲ ਵੀ ਇਨ੍ਹਾਂ ਪਿੰਡਾਂ ’ਤੇ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ।

ਇਸ ਮੌਕੇ ਸ਼ਵੇਤ ਮਲਿਕ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਡਿਜ਼ਾਸਟਰ ਮੈਨੇਜਮੈਂਟ ਲਈ 1400 ਕਰੋੜ ਰੁਪਏ ਦਿੱਤੇ ਗਏ ਸਨ ਪਰ ਸਰਕਾਰ ਨੇ ਹੜ੍ਹ ਰੋਕਥਾਮ ਲਈ ਕੋਈ ਠੋਸ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਵਿਕਾਸ ਦੇ ਦਾਅਵੇ ਕਰ ਰਹੀ ਹੈ, ਜਦਕਿ ਜ਼ਮੀਨੀ ਪੱਧਰ ’ਤੇ ਹਾਲਾਤ ਬਿਲਕੁਲ ਵੱਖਰੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਹੜ੍ਹਾਂ ਦੇ ਜ਼ਖ਼ਮ ਅਜੇ ਤੱਕ ਨਹੀਂ ਭਰੇ ਅਤੇ ਹੁਣ ਇੱਕ ਵਾਰ ਫਿਰ ਸਰਹੱਦੀ ਇਲਾਕਿਆਂ ਦੇ ਲੋਕ ਹੜ੍ਹ ਦੇ ਖ਼ਤਰੇ ਹੇਠ ਜੀਅ ਰਹੇ ਹਨ, ਜਦੋਂ ਕਿ ਪੰਜਾਬ ਸਰਕਾਰ ਅਜੇ ਵੀ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਇਸ ਤੋਂ ਬਾਅਦ ਸ਼ਵੇਤ ਮਲਿਕ ਨੇ ਬਮਿਆਲ ਖੇਤਰ ਨੇੜੇ ਉਝ ਅਤੇ ਜਲਾਲੀ ਦਰਿਆ ਦਾ ਵੀ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਸੀਮਾ ਕੁਮਾਰੀ, ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਦੇ ਆਗੂ ਹਾਜ਼ਰ ਸਨ।


 


author

Babita

Content Editor

Related News