ਬਟਾਲਾ ਦੇ ਪਿੰਡ ਧੌਲਪੁਰ ਤੋਂ ਦੋ ਕੁੜੀਆਂ ਭੇਤਭਰੇ ਹਾਲਾਤ ’ਚ ਲਾਪਤਾ
Tuesday, Jul 21, 2026 - 01:38 PM (IST)
ਬਟਾਲਾ(ਸਾਹਿਲ, ਯੋਗੀ) : ਹਲਕਾ ਫ਼ਤਿਹਗੜ੍ਹ ਚੂੜੀਆਂ ਅਧੀਨ ਆਉਂਦੇ ਪਿੰਡ ਧੌਲਪੁਰ ਵਿਖੇ 10 ਅਤੇ 12 ਸਾਲ ਦੀਆਂ ਦੋ ਕੁੜੀਆਂ ਦੇ ਬੀਤੀ ਰਾਤ ਭੇਤਭਰੇ ਹਾਲਾਤ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਹਰਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਧੌਲਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਡੇਰਾ ਪਿੰਡ ਤੋਂ ਬਾਹਰਵਾਰ ਹੈ ਅਤੇ ਉਨ੍ਹਾਂ ਪਿਛਲੇ ਕਰੀਬ 5-6 ਸਾਲਾਂ ਤੋਂ ਇਕ ਵਿਅਕਤੀ ਨੂੰ ਕੰਮ ’ਤੇ ਰੱਖਿਆ ਹੋਇਆ ਹੈ, ਜਿਸ ਦਾ ਪਰਿਵਾਰ ਵੀ ਉਨ੍ਹਾਂ ਦੇ ਡੇਰੇ ’ਤੇ ਹੀ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਹ ਵਿਹੜੇ ’ਚ ਕੂਲਰ ਲਗਾ ਕੇ ਸੁੱਤੇ ਪਏ ਸਨ। ਰਾਤ 12 ਵਜੇ ਦੇ ਕਰੀਬ ਜਦੋਂ ਉੱਠ ਕੇ ਦੇਖਿਆ ਤਾਂ ਉਕਤ ਵਿਅਕਤੀ ਦੀਆਂ ਦੋਵੇਂ ਕੁੜੀਆਂ (ਉਮਰ 10 ਅਤੇ 12 ਸਾਲ) ਗਾਇਬ ਸਨ। ਹਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਲੜਕੀਆਂ ਦੇ ਪਿਤਾ ਰਵੀ ਨੂੰ ਨਾਲ ਲੈ ਕੇ ਥਾਣਾ ਕਿਲਾ ਲਾਲ ਸਿੰਘ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਕੁੜੀਆਂ ਦੀ ਭਾਲ ਆਰੰਭ ਕਰ ਦਿੱਤੀ ਹੈ।
