ਓਵਰਟੇਕ ਕਰਦੇ ਸਮੇਂ ਵਾਪਰਿਆ ਹਾਦਸਾ, ਔਰਤ ਦੇ ਸਿਰ ਉਪਰੋਂ ਲੰਘ ਗਿਆ ਟਰੈਕਟਰ
Saturday, Aug 01, 2026 - 05:18 PM (IST)
ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਦੇ ਕਲਾਨੌਰ ਨੇੜੇ ਪਿੰਡ ਭਿਖਾਰੀਵਾਲ ਕੋਲ ਸ਼ਨੀਵਾਰ ਦੁਪਹਿਰ ਇਕ ਦਰਦਨਾਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਰਿਵਾਰ ਵਿਚ ਚੀਕ-ਚਿਹਾੜਾ ਮਚ ਗਿਆ ਜਦਕਿ ਮੌਕੇ ’ਤੇ ਪੁੱਜੀ ਸੜਕ ਸੁਰੱਖਿਆ ਫੋਰਸ ਅਤੇ ਪੁਲਸ ਨੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕਰੀਬ ਸਵੇਰੇ 11:30 ਵਜੇ ਕਲਾਨੌਰ-ਗੁਰਦਾਸਪੁਰ ਸੜਕ ’ਤੇ ਪਿੰਡ ਭਿਖਾਰੀਵਾਲ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਕ ਮੋਟਰਸਾਈਕਲ ਅਤੇ ਟਰੈਕਟਰ-ਟਰਾਲੀ ਵਿਚਕਾਰ ਓਵਰਟੇਕ ਕਰਨ ਦੌਰਾਨ ਹਾਦਸਾ ਹੋਇਆ। ਹਾਦਸੇ ਵਿਚ ਮੋਟਰਸਾਈਕਲ ਸਵਾਰ ਮਹਿਲਾ ਸੜਕ ’ਤੇ ਡਿੱਗ ਪਈ ਅਤੇ ਪਿੱਛੇ ਆ ਰਹੀ ਟਰਾਲੀ ਦਾ ਟਾਇਰ ਉਸ ਦੇ ਸਿਰ ਤੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਸੁਰਿੰਦਰ ਕੌਰ, ਵਾਸੀ ਪਿੰਡ ਕਤੋਵਾਲੀ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਉਹ ਆਪਣੇ ਪਤੀ ਅਤੇ ਸੱਸ ਨਾਲ ਮੋਟਰਸਾਈਕਲ ’ਤੇ ਪਿੰਡ ਭੂਮਲੀ ਵਿਖੇ ਇਕ ਰਿਸ਼ਤੇਦਾਰ ਦੇ ਪਾਠ ਦੇ ਭੋਗ ਵਿਚ ਸ਼ਾਮਲ ਹੋਣ ਲਈ ਜਾ ਰਹੀ ਸੀ ਕਿ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਮੌਕੇ ’ਤੇ ਮੌਜੂਦ ਮ੍ਰਿਤਕਾ ਦੇ ਰਿਸ਼ਤੇਦਾਰ ਜਰਮਨ ਸਿੰਘ, ਵਾਸੀ ਪਿੰਡ ਹੀਰ (ਡੇਰਾ ਬਾਬਾ ਨਾਨਕ) ਨੇ ਦੱਸਿਆ ਕਿ ਹਾਦਸਾ ਟਰੈਕਟਰ-ਟਰਾਲੀ ਨੂੰ ਓਵਰਟੇਕ ਕਰਨ ਦੌਰਾਨ ਵਾਪਰਿਆ। ਉਨ੍ਹਾਂ ਕਿਹਾ ਕਿ ਟਰਾਲੀ ਦਾ ਟਾਇਰ ਸੁਰਿੰਦਰ ਕੌਰ ਦੇ ਸਿਰ ਤੋਂ ਲੰਘਣ ਕਾਰਨ ਉਸ ਦੀ ਤੁਰੰਤ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪੁਲਸ ਤੋਂ ਨਿਰਪੱਖ ਜਾਂਚ ਕਰਕੇ ਇਨਸਾਫ ਦੀ ਮੰਗ ਕੀਤੀ ਹੈ।
ਉਧਰ ਮੌਕੇ ’ਤੇ ਪੁੱਜੇ ਸੜਕ ਸੁਰੱਖਿਆ ਫੋਰਸ ਦੇ ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਨ੍ਹਾਂ ਦੀ ਟੀਮ ਤੁਰੰਤ ਘਟਨਾ ਸਥਾਨ ’ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਮਹਿਲਾ ਦੀ ਮੌਤ ਹੋ ਚੁੱਕੀ ਸੀ ਅਤੇ ਸਬੰਧਤ ਥਾਣੇ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜੋ ਮਾਮਲੇ ਦੀ ਜਾਂਚ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕਰ ਰਹੀ ਹੈ। ਇਸ ਦੌਰਾਨ ਟਰੈਕਟਰ-ਟਰਾਲੀ ਚਾਲਕ ਨੇ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਸ ਦਾ ਕਹਿਣਾ ਸੀ ਕਿ ਉਹ ਬੇਕਸੂਰ ਹੈ। ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
