ਸਟਾਫ਼ ਦੀ ਭਾਰੀ ਕਮੀ ਅਤੇ ਮਿਆਦ ਪੁਗ ਚੁੱਕੇ ਬਰੇਕਰਾਂ ਨਾਲ ਜੂਝ ਰਿਹਾ 132 ਕੇ.ਵੀ ਪਾਵਰ ਸਟੇਸ਼ਨ
Saturday, Sep 23, 2023 - 05:03 PM (IST)

ਤਰਨਤਾਰਨ (ਰਮਨ ਚਾਵਲਾ)- ਜ਼ਿਲਾ ਹੈੱਡ ਕੁਆਟਰ ਉੱਪਰ ਮੌਜੂਦ 132 ਕੇ.ਵੀ. ਪਾਵਰ ਸਬ ਸਟੇਸ਼ਨ ਜੋ ਸਟਾਫ ਦੀ ਭਾਰੀ ਕਮੀ ਅਤੇ ਪਾਵਰ ਸਪਲਾਈ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ 9 ਬਰੇਕਰਾਂ ਦੀ ਮਿਆਦ ਖਤਮ ਹੋਣ ਕਾਰਨ ਧੱਕਾ ਸਟਾਰਟ ਦਾ ਕੰਮ ਕਰਦਾ ਵੇਖਿਆ ਜਾ ਸਕਦਾ ਹੈ। ਇਸ ਸਬ ਸਟੇਸ਼ਨ ’ਚ ਕੰਮ ਕਰਨ ਵਾਲੇ ਕਰਮਚਾਰੀ ਵੀ ਆਪਣੀ ਜਾਨ ਜ਼ੋਖਮ ਵਿਚ ਪਾ ਕੰਮ ਕਰਨ ਲਈ ਮਜ਼ਬੂਰ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਬਿਜਲੀ ਘਰ ਵਿਚ ਜਗ੍ਹਾ ਦੀ ਘਾਟ ਕਰਕੇ ਬਰੇਕਰ ਨਹੀਂ ਲਗਾਏ ਜਾ ਰਹੇ ਹਨ, ਜਿਸ ਕਾਰਨ ਆਏ ਦਿਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਰਕੇ ਖਪਤਕਾਰਾਂ ਨੂੰ ਬਿਜਲੀ ਸਪਲਾਈ ਤੋਂ ਵਾਂਝੇ ਰਹਿਣਾ ਪੈਂਦਾ ਹੈ।
ਇਹ ਵੀ ਪੜ੍ਹੋ- ਜ਼ਮੀਨ ਪਿੱਛੇ ਖ਼ੂਨ ਬਣਿਆ ਪਾਣੀ, ਕਲਯੁਗੀ ਪੁੱਤ ਨੇ ਮਾਂ ਤੇ ਭੂਆ ਨੂੰ ਕੁੱਟ-ਕੁੱਟ ਕੀਤਾ ਅੱਧਮੋਇਆ
ਜਾਣਕਾਰੀ ਅਨੁਸਾਰ ਸਥਾਨਕ ਬਿਜਲੀ ਘਰ ਵਿਖੇ ਮੌਜੂਦ 132 ਕੇ.ਵੀ ਪਾਵਰ ਸਬ ਸਟੇਸ਼ਨ ਜਿਸ ਨੂੰ ਸੰਨ੍ਹ 1970 ’ਚ ਸਥਾਪਤ ਕੀਤਾ ਗਿਆ ਸੀ ਦੀ ਇਮਾਰਤ 53 ਸਾਲ ਬੀਤ ਜਾਣ ’ਤੇ ਕੰਡਮ ਹੋ ਚੁੱਕੀ ਹੈ। ਜਿਸ ਵਿਚ ਤਰਨਤਾਰਨ ਸ਼ਹਿਰ ਅਤੇ ਹੋਰ ਪਿੰਡਾਂ ਨੂੰ ਸਪਲਾਈ ਦੇਣ ਅਤੇ ਰੋਕਣ ਲਈ ਲਗਾਏ ਗਏ ਅੱਧੀ ਦਰਜਨ ਤੋਂ ਵੱਧ ਬਰੇਕਰਾਂ ਦੀ ਮਿਆਦ ਖਤਮ ਹੋ ਚੁੱਕੀ ਹੈ। ਇਨ੍ਹਾਂ ਧੱਕਾ ਸਟਾਰਟ ਬਰੇਕਰਾਂ ਦੀ ਮੁਰੰਮਤ ਕਰਨ ਲਈ ਕਰਮਚਾਰੀਆਂ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ। ਜੋ ਦਿਨ ਰਾਤ ਇਨ੍ਹਾਂ ਦੀ ਮੁਰੰਮਤ ਕਰਦੇ ਹੋਏ ਬਿਜਲੀ ਸੇਵਾ ਬਹਾਲ ਕਰ ਰਹੇ ਹਨ। ਸਬ ਸਟੇਸ਼ਨ ਤੋਂ ਬਿਜਲੀ ਸਪਲਾਈ ਦੇਣ ਲਈ ਕੁੱਲ 17 ਫੀਡਰ ਲਗਾਏ ਗਏ ਹਨ ਜਿਨ੍ਹਾਂ ਵਿਚੋਂ 9 ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਹਰੇਕ ਫੀਡਰ ਦੀ ਮਿਆਦ 25 ਸਾਲ ਹੁੰਦੀ ਹੈ ਜੋ ਖਤਮ ਹੋ ਗਈ ਹੈ। ਇਸ ਪੁਰਾਣੇ ਢੰਗ ਨਾਲ ਤਿਆਰ ਇਮਾਰਤ ਵਿਚ ਲਗਾਏ ਫੀਡਰ ਤੰਦੂਰ ਦਾ ਕੰਮ ਕਰਦੇ ਹੋਏ ਗਰਮੀ ਪੈਦਾ ਕਰਦੇ ਹਨ ਜੋ ਇਸ ਇਮਾਰਤ ਅੰਦਰ ਤਾਇਨਾਤ ਕਰਮਚਾਰੀਆਂ ਦਾ ਕਿਸੇ ਸਮੇਂ ਵੀ ਕੋਈ ਜਾਨੀ ਨੁਕਸਾਨ ਕਰ ਸਕਦਾ ਹੈ। ਇਸ ਸਟੇਸ਼ਨ ਵਿਚ ਨਵੇਂ ਬਰੇਕਰਾਂ ਨੂੰ ਲਗਾਉਣ ਸਬੰਧੀ ਜਗ੍ਹਾ ਦੀ ਕਮੀ ਕਰਕੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ ਕਾਂਗਰਸ ਨੂੰ ਝਟਕਾ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਨੇ ਫੜਿਆ ਭਾਜਪਾ ਦਾ ਪੱਲਾ
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬ ਸਟੇਸ਼ਨ ਵਿਚ ਜੇ.ਈ ਦੀਆਂ 4 ਵਿਚੋਂ 3 ਪੋਸਟਾਂ ਖਾਲੀ ਹਨ, ਸਬ ਸਟੇਸ਼ਨ ਅਟੈਂਡੈਟ ਦੀਆਂ 4 ਵਿਚੋਂ 1, ਸਹਾਇਕ ਲਾਈਨ ਮੈਨ ਦੀਆਂ 3 ਵਿਚੋਂ 2, ਸਹਾਇਕ ਸਬਟੇਸ਼ਨ ਅਟੈਂਡੈਂਟ ਦੀ 1 ਪੋਸਟ ਖਾਲੀ ਹੈ। ਇਸ 132 ਕੇ.ਵੀ ਪਾਵਰ ਸਟੇਸ਼ਨ ਵਿਚ ਤਾਇਨਾਤ ਜੇ.ਈ ਨੂੰ ਹੈਲਪਰ ਤੋਂ ਲੈ ਕੇ ਕਲਰਕ ਦੇ ਕੰਮ ਵੀ ਖ਼ੁਦ ਕਰਨੇ ਪੈਂਦੇ ਹਨ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਪਾਵਰ ਕਾਰਪੋਰੇਸ਼ਨ ਦੇ ਐਕਸੀਅਨ ਸ਼ਹਿਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ 132 ਕੇ.ਵੀ ਪਾਵਰ ਸਟੇਸ਼ਨ ਨੂੰ ਵਧਾਉਣ ਸਬੰਧੀ ਟਰਾਂਸਕੋ ਰਾਹੀਂ ਵਿਭਾਗ ਨੂੰ ਲਿਖ ਕੇ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਟੇਸ਼ਨ ਵਿਚ ਆਉਣ ਵਾਲੇ ਸਮੇਂ ਵਿਚ ਆਟੋਮੈਟਿਕ ਸਿਸਟਮ ਸਥਾਪਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਟੀ 5 ਫ਼ੀਡਰ ਦੀ ਸਹੀ ਢੰਗ ਨਾਲ ਮੁਰੰਮਤ ਕਰਵਾਉਂਦੇ ਹੋਏ ਇਸ ਨੂੰ ਜਲਦ ਦੋ ਹਿੱਸਿਆਂ ਵਿਚ ਵੰਡ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਚਿੱਟੇ ਨੇ ਇਕ ਹੋਰ ਘਰ 'ਚ ਵਿਛਾਏ ਸੱਥਰ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8