ਛਾਪੇਮਾਰੀ ਦੀ ਸੂਚਨਾ ਮਿਲਣ ’ਤੇ ਜਲੰਧਰ, ਲੁਧਿਆਣਾ ’ਚ ਮਾਲ ਉਤਾਰ ਰਿਹਾ ਟੈਕਸ ਮਾਫੀਆ

Wednesday, Dec 27, 2023 - 06:25 PM (IST)

ਛਾਪੇਮਾਰੀ ਦੀ ਸੂਚਨਾ ਮਿਲਣ ’ਤੇ ਜਲੰਧਰ, ਲੁਧਿਆਣਾ ’ਚ ਮਾਲ ਉਤਾਰ ਰਿਹਾ ਟੈਕਸ ਮਾਫੀਆ

ਅੰਮ੍ਰਿਤਸਰ (ਨੀਰਜ)-ਸਾਲਾਂ ਤੋਂ ਟੈਕਸ ਚੋਰੀ, ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਦੀ ਸਮੱਗਲਿੰਗ ਕਰਨ ਅਤੇ ਪਾਬੰਦੀਸ਼ੁਦਾ ਤੰਬਾਕੂ ਲਿਆਉਣ ਵਿਚ ਸਰਗਰਮ ਰੇਲਵੇ ਸਟੇਸ਼ਨ ਦਾ ਟੈਕਸ ਮਾਫੀਆ ਇੰਨਾ ਸ਼ਾਤਿਰ ਹੈ ਕਿ ਜਦੋਂ ਵੀ ਟੈਕਸ ਮਾਫੀਆ ਨੂੰ ਕਿਸੇ ਵਿਭਾਗ ਦੀ ਛਾਪੇਮਾਰੀ ਜਾਂ ਚੈਕਿੰਗ ਦੀ ਸੂਚਨਾ ਮਿਲਦੀ ਹੈ ਤਾਂ ਦਿੱਲੀ ਤੋਂ ਅੰਮ੍ਰਿਤਸਰ ਉਤਾਰਨ ਵਾਲੇ ਬਿਨਾਂ ਬਿੱਲ ਮਾਲ ਨੂੰ ਅੰਮ੍ਰਿਤਸਰ ਸਟੇਸ਼ਨ ’ਤੇ ਉਤਾਰਨ ਦੀ ਬਜਾਏ ਜਲੰਧਰ, ਲੁਧਿਆਣਾ ਵਰਗੇ ਸਟੇਸ਼ਨਾਂ ’ਤੇ ਉਤਾਰ ਦਿੱਤਾ ਜਾਂਦਾ ਹੈ, ਇਨ੍ਹਾਂ ਹੀ ਨਹੀਂ, ਕਈ ਵਾਰ ਮਾਨਾਂਵਾਲਾ ਵਰਗੇ ਛੋਟੇ ਸਟੇਸ਼ਨਾਂ ਜਾ ਫਿਰ ਦੋ ਨੰਬਰੀ ਮਾਲ ਨੂੰ ਸ਼ਿਵਾਲਾ ਫਾਟਕ ਜਿੱਥੇ ਟ੍ਰੇਨ ਕਾਫੀ ਘੱਟ ਰਫਤਾਰ ਨਾਲ ਚੱਲਦੀ ਹੈ ਜਾ ਫਿਰ ਰੋਕ ਹੀ ਦਿੱਤੀ ਜਾਂਦੀ ਹੈ, ਉਥੇ ਵੀ ਉਤਾਰ ਦਿੱਤਾ ਜਾਂਦਾ ਹੈ। ਟੈਕਸ ਮਾਫੀਆ ਦੇ ਕਰਿੰਦੇ ਇੰਨੇ ਸ਼ਾਤਿਰ ਹੈ ਕਿ ਇੰਨ੍ਹਾਂ ਛੋਟੇ ਸਟੇਸ਼ਨਾਂ ’ਤੇ ਪਹਿਲਾਂ ਹੀ ਪੁੱਜ ਜਾਂਦੇ ਹਨ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਈ ਵਾਰ ਜਦੋਂ ਰੇਲ ਗੱਡੀ ਅੰਮ੍ਰਿਤਸਰ ਪਹੁੰਚਦੀ ਹੈ ਅਤੇ ਕੋਈ ਵੀ ਵਿਭਾਗ ਚੈਕਿੰਗ ਕਰਨ ਲਈ ਆਉਂਦਾ ਹੈ ਤਾਂ ਜਿਸ ਬੋਗੀ ਵਿਚ ਬਿਨਾਂ ਬਿੱਲ ਦੇ ਸਾਮਾਨ ਪਿਆ ਹੁੰਦਾ ਹੈ, ਉਸ ਨੂੰ ਵੀ ਖੋਲ੍ਹਿਆ ਨਹੀਂ ਜਾਂਦਾ ਅਤੇ ਉਸ ਬੋਗੀ ਨੂੰ ਧੋਣ ਲਈ ਰੇਲਵੇ ਵਾਸ਼ਿੰਗ ਯਾਰਡ ਵਿਚ ਭੇਜਿਆ ਜਾਂਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਈ ਵਾਰ ਮਾਲ ਫੜੇ ਜਾਣ ਦੇ ਡਰ ਕਾਰਨ ਬਿਨਾਂ ਬਿੱਲ ਵਾਲੀ ਬੋਗੀ ਨੂੰ ਕਈ-ਕਈ ਦਿਨ ਖੋਲ੍ਹਿਆ ਨਹੀਂ ਜਾਂਦਾ ਅਤੇ ਬੋਗੀ ਵਾਪਸ ਦਿੱਲੀ ਵਰਗੇ ਸਟੇਸ਼ਨਾਂ ’ਤੇ ਪਹੁੰਚ ਜਾਂਦੀ ਹੈ ਅਤੇ ਜਦੋਂ ਸਥਿਤੀ ਥੋੜ੍ਹੀ ਠੰਡੀ ਹੁੰਦੀ ਹੈ ਤਾਂ ਬੋਗੀ ਫਿਰ ਤੋਂ ਅੰਮ੍ਰਿਤਸਰ ਵੱਲ ਰਵਾਨਾ ਕਰ ਦਿੱਤੀ ਜਾਂਦੀ ਹੈ।

 ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਸੰਘਣੀ ਧੁੰਦ ਦੀ ਲਪੇਟ 'ਚ ਆਈ ਸਵਾਰੀਆਂ ਨਾਲ ਭਰੀ ਬੱਸ, ਪਿਆ ਚੀਕ-ਚਿਹਾੜਾ

ਦਿੱਲੀ ਤੋਂ ਅੰਮ੍ਰਿਤਸਰ ਤੱਕ ਫੈਲਿਆ ਹੈ ਜਾਲ

ਟੈਕਸ ਮਾਫੀਆ ਦੀ ਗੱਲ ਕਰੀਏ ਤਾਂ ਇਹ ਮਾਫੀਆ ਸਿਰਫ ਅੰਮ੍ਰਿਤਸਰ ਹੀ ਨਹੀਂ ਸਗੋਂ ਹੋਰ ਵੱਡੇ ਜ਼ਿਲ੍ਹਿਆਂ ਵਿਚ ਵੀ ਸਰਗਰਮ ਹੈ ਅਤੇ ਲੰਬੇ ਸਮੇਂ ਤੋਂ ਟੈਕਸ ਚੋਰੀ ਨੂੰ ਰੋਕਣ ਵਾਲੇ ਸੀ. ਜੀ. ਐੱਸ. ਟੀ ਵਿਭਾਗ ਅਤੇ ਸਟੇਟ ਜੀ. ਐੱਸ. ਟੀ. ਵਰਗੇ ਵਿਭਾਗਾਂ ਲਈ ਸਿਰਦਰਦੀ ਬਣਿਆ ਹੋਇਆ ਹੈ ਪਰ ਇਹ ਖੇਡ-ਖੇਡ ਰਹੇ ਹਨ। ਜਦੋਂ ਤੋਂ ਟੈਕਸ ਮਾਫੀਆ ਦੇ ਕੁਝ ਮੈਂਬਰਾਂ ਨੇ ਵਧੇਰੇ ਮੁਨਾਫਾ ਕਮਾਉਣ ਲਈ ਟ੍ਰਾਮਾਡੋਲ ਅਤੇ ਐਡਲਾਕ ਵਰਗੀਆਂ ਨਸ਼ੀਲੀਆਂ ਦਵਾਈਆ ਦੀ ਜਦੋਂ ਤੋਂ ਬੁਕਿੰਗ ਸ਼ੁਰੂ ਕੀਤੀ ਹੈ, ਉਦੋਂ ਤੋਂ ਇਨ੍ਹਾਂ ਦੀ ਚਾਂਦੀ ਹੋਈ ਪਈ ਹੈ ਅਤੇ ਕਈ ਮਾਫੀਆ ਮੈਂਬਰਾਂ ਨੇ ਤਾ ਕਾਲੇ ਧਨ ਨਾਲ ਪੌਸ਼ ਖੇਤਰਾਂ ਵਿਚ ਹੋਟਲ ਤੱਕ ਬਣਾ ਲਏ ਹਨ।

ਇਹ ਵੀ ਪੜ੍ਹੋ- ਨਿੱਜੀ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਹੋਸਟਲ ਦੇ ਕਮਰੇ ’ਚ ਕੀਤੀ ਖੁਦਕੁਸ਼ੀ

ਇਕ ਟੈਕਸ ਮਾਫੀਆ ਦੇ ਗੋਦਾਮ ਤੋਂ ਕੋਵਿਡ ਕਾਲ ਦੌਰਾਨ ਫੜੀਆਂ ਸਨ ਲੱਖਾਂ ਟਰਾਮਾਡੋਲ

ਨਸ਼ੀਲੀਆਂ ਦਵਾਈਆਂ ਦੀ ਸਮੱਗਲਿੰਗ ਦੀ ਗੱਲ ਕਰੀਏ ਤਾਂ ਇਸ ਦਾ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਇਕ ਟੈਕਸ ਮਾਫ਼ੀਆ ਦੇ ਗੋਦਾਮ ਵਿੱਚੋਂ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਕੋਵਿਡ ਦੌਰਾਨ ਲੱਖਾਂ ਦੀ ਗਿਣਤੀ ਵਿਚ ਟਰਾਮਾਡੋਲ ਵਰਗੀਆਂ ਪਾਬੰਦੀਸ਼ੁਦਾ ਗੋਲੀਆਂ ਫੜੀਆ ਸਨ, ਹਾਲਾਂਕਿ ਉਸ ਸਮੇਂ ਮਾਮਲੇ ਨੂੰ ਠੰਡੇ ਬਸਤੇ ਵਿਚ ਪਾਉਣ ਦੀ ਪੂਰੀ ਕੋਸਿਸ਼ ਕੀਤੀ ਗਈ ਪਰ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਟੈਕਸ ਮਾਫੀਆ ਨਸ਼ੀਲੀਆਂ ਦਵਾਈਆਂ ਦੀ ਸਮੱਗਲਿੰਗ ਵੀ ਕਰ ਰਿਹਾ ਹੈ।

ਕੇਂਦਰੀ ਅਤੇ ਰਾਜ ਏਜੰਸੀਆਂ ਦੇ ਈਮਾਨਦਾਰ ਅਧਿਕਾਰੀਆਂ ਦੇ ਰਾਡਾਰ ’ਤੇ ਟੈਕਸ ਮਾਫੀਆ

ਨਸ਼ਿਆਂ ਦੀ ਆਮਦ ਅਤੇ ਵਿਕਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਦੀਆਂ ਕੁਝ ਵੱਡੀਆਂ ਏਜੰਸੀਆਂ ਅਤੇ ਸਿਟੀ ਪੁਲਸ, ਜਿਸ ਵਿਚ ਮੁੱਖ ਤੌਰ ’ਤੇ ਆਪਣੀ ਈਮਾਨਦਾਰੀ ਅਕਸ ਲਈ ਜਾਣੇ ਜਾਂਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਟੀਮ ਵਲੋਂ ਇਸ ਸਮੇਂ ਟੈਕਸ ਮਾਫੀਆ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਟੈਕਸ ਮਾਫੀਆ ਨੂੰ ਨੱਥ ਪਾਉਣ ਲਈ ਠੋਸ ਕਾਰਵਾਈ ਵੀ ਸੰਭਵ ਨਜ਼ਰ ਆ ਰਹੀ ਹੈ, ਜਿਸ ਤੋਂ ਬਚਣਾ ਟੈਕਸ ਮਾਫੀਆ ਲਈ ਆਸਾਨ ਨਹੀਂ ਹੋਵੇਗਾ, ਕਿਉਂਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਵੇਚਣ ਅਤੇ ਸਮੱਗਲਿੰਗ ਕਰਨ ਵਾਲਿਆਂ ਖਿਲਾਫ ਸਿੱਧੀ ਕਾਰਵਾਈ ਕਰ ਰਹੀ ਹੈ ਅਤੇ ਆਪ੍ਰੇਸ਼ਨ ਕਲੀਨ ਵੀ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਹੌਂਸਲੇ ਨੂੰ ਸਲਾਮ: ਗੋਦੀ ਚੁੱਕਦੇ ਹੀ ਟੁੱਟ ਜਾਂਦੀਆਂ ਨੇ ਹੱਡੀਆਂ ਫਿਰ ਵੀ ਇਰਾਦੇ ਵੱਡੇ ਰੱਖਦੈ 2 ਫੁੱਟ ਕੱਦ ਵਾਲਾ ਸਰਦਾਰ

ਨੱਗ ’ਚ ਸੈਲਫ ਦੀ ਬਿਲਟੀ ਨਹੀਂ ਲਿਖਿਆ ਜਾਂਦਾ ਪ੍ਰਾਪਤ ਕਰਨ ਵਾਲੇ ਦਾ ਨਾਂ ਅਤੇ ਪਤਾ

ਟੈਕਸ ਮਾਫੀਆ ਦੋ ਨੰਬਰੀ ਸਾਮਾਨ ਲਿਆਉਣ ਵਾਲੇ ਲੋਕਾਂ ਵੱਲੋਂ ਜਦੋਂ ਨੱਗ ਦੀ ਬੁਕਿੰਗ ਕਰਦਾ ਹੈ ਤਾਂ ਉਸ ’ਤੇ ਸੇਲਫ ਦੀ ਬਿਲਟੀ ਬਣਾਈ ਜਾਂਦੀ ਹੈ। ਸਭ ਤੋਂ ਹੈਰਾਨੀਜਨਕ ਪਹਿਲੂ ਇਹ ਹੈ ਕਿ ਨੱਗ ’ਤੇ ਪ੍ਰਾਪਤ ਕਰਨ ਵਾਲੀ ਪਾਰਟੀ ਦਾ ਨਾਂ ਅਤੇ ਪਤਾ ਵੀ ਨਹੀਂ ਲਿਖਿਆ ਜਾਂਦਾ ਹੈ, ਜਦੋਂ ਵੀ ਕੋਈ ਵਿਭਾਗ ਬਿਨਾਂ ਬਿੱਲ ਦੇ ਸਾਮਾਨ ਨੂੰ ਜ਼ਬਤ ਕਰਦਾ ਹੈ ਤਾਂ ਸਬੰਧਤ ਵਿਭਾਗ ਨੂੰ ਇਹ ਨਹੀਂ ਪਤਾ ਹੁੰਦਾ ਕਿ ਜ਼ਬਤ ਕੀਤਾ ਸਾਮਾਨ ਕਿਸ ਪਾਰਟੀ ਦਾ ਹੈ ਅਤੇ ਕਿਸਨੇ ਭੇਜਿਆ ਹੈ। ਇਸੇ ਚੱਕਰ ਵਿਚ ਟੈਕਸ ਮਾਫੀਆ ਇਕ ਨੱਗ ਲਈ 700 ਤੋਂ 2000 ਰੁਪਏ ਤੱਕ ਵਸੂਲਦਾ ਹੈ ਭਾਵੇ ਉਸ ਨੱਗ ਵਿਚ ਕੋਈ ਨਸ਼ੀਲੀ ਦਵਾਈ ਹੋਵੇ ਜਾਂ ਕੋਈ ਖ਼ਤਰਨਾਕ ਵਸਤੂ ਰੱਖੀ ਗਈ ਹੋਵੇ।

ਸਿਹਤ ਲਈ ਬੇਹੱਦ ਖਤਰਨਾਕ ਹੈ ਪਾਬੰਦੀਸ਼ੁਦਾ ਤੰਬਾਕੂ

ਦਿੱਲੀ ਤੋਂ ਆਉਣ ਵਾਲੀਆਂ ਟ੍ਰੇਨਾਂ ਵਿਚ ਨਾ ਸਿਰਫ ਭਾਰੀ ਟੈਕਸ ਵਾਲਾ ਸਾਮਾਨ ਲਿਆਂਦਾ ਜਾ ਰਿਹਾ ਹੈ, ਸਗੋਂ ਪਾਬੰਦੀਸ਼ੁਦਾ ਤੰਬਾਕੂ ਵੀ ਲਿਆਂਦਾ ਜਾ ਰਿਹਾ ਹੈ ਅਤੇ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਹਰ ਰੋਜ਼ ਪਾਬੰਦੀਸ਼ੁਦਾ ਤੰਬਾਕੂ ਦੇ ਚਲਾਨ ਕੀਤੇ ਜਾ ਰਹੇ ਹਨ ਪਰ ਇਸ ਦੀ ਆਮਦ ਨੂੰ ਰੋਕਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਘਟੀਆ ਕੁਆਲਿਟੀ ਦੇ ਇਸ ਪਾਬੰਦੀਸ਼ੁਦਾ ਤੰਬਾਕੂ ਵਿੱਚ ਸਿਰਫ਼ ਖਾਲੀ ਲਿਫ਼ਾਫ਼ਿਆਂ ਵਿੱਚ ਤੰਬਾਕੂ ਭਰਿਆ ਜਾਂਦਾ ਹੈ ਅਤੇ ਇਹ ਵੀ ਨਹੀਂ ਲਿਖਿਆ ਹੁੰਦਾ ਕਿ ਤੰਬਾਕੂ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

                            


author

Shivani Bassan

Content Editor

Related News