ਸਕੂਲ ਵੱਲੋਂ ਬੱਚਿਆਂ ਪਾਸੋਂ ਸਾਹਿਬਜ਼ਾਦਿਆਂ ਦਾ ਰੋਲ ਕਰਵਾਉਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

Thursday, Jan 13, 2022 - 01:47 PM (IST)

ਸਕੂਲ ਵੱਲੋਂ ਬੱਚਿਆਂ ਪਾਸੋਂ ਸਾਹਿਬਜ਼ਾਦਿਆਂ ਦਾ ਰੋਲ ਕਰਵਾਉਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ: ਅਹਿਮਦਾਬਾਦ ਗੁਜਰਾਤ ਦੇ ਇਕ ਸਕੂਲ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦਾ ਬੱਚਿਆਂ ਪਾਸੋਂ ਰੋਲ ਕਰਵਾਉਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਨਸ਼ਰ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ’ਤੇ ਧਰਮ ਪ੍ਰਚਾਰ ਕਮੇਟੀ ਅਧੀਨ ਚੱਲਦੇ ਸਿੱਖ ਮਿਸ਼ਨ ਗੁਜਰਾਤ ਦੇ ਪ੍ਰਚਾਰਕਾਂ ਨੇ ਸਬੰਧਤ ਸਕੂਲ ਪਾਸੋਂ ਜਵਾਬ-ਤਲਬੀ ਕੀਤੀ ਹੈ, ਜਿਸ ’ਤੇ ਪ੍ਰਬੰਧਕਾਂ ਨੇ ਲਿਖਤੀ ਤੌਰ ’ਤੇ ਮੁਆਫ਼ੀ ਮੰਗ ਲਈ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਸਾਲ 2019 ਦੀ ਹੈ, ਪਰ ਹੁਣ ਇਸ ਨੂੰ ਕਿਸੇ ਨੇ ਸੋਸ਼ਲ ਮੀਡੀਏ ’ਤੇ ਪਾ ਦਿੱਤਾ ਹੈ। ਸਕੂਲ ਪ੍ਰਬੰਧਕਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਸਿੱਖ ਧਰਮ ਦੇ ਨਿਯਮਾਂ ਬਾਰੇ ਅਗਿਆਨਤਾ ਹੋਣ ਕਾਰਨ ਅਜਿਹਾ ਹੋਇਆ ਹੈ ਅਤੇ ਉਹ ਸਿੱਖ ਜਗਤ ਤੋਂ ਇਸ ਗ਼ਲਤੀ ਦੀ ਮੁਆਫ਼ੀ ਮੰਗਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਿੱਖ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਟਿਕਟਾਂ ਵੇਚਣ ਦੇ ਇਲਜ਼ਾਮ 'ਤੇ ਬੋਲੇ ਕੇਜਰੀਵਾਲ, ਮੇਰੇ ਘਰੇ ਆ ਕੇ ਬਲਬੀਰ ਰਾਜੇਵਾਲ ਨੇ ਸਾਂਝੇ ਕੀਤੇ ਸਨ ਇਹ ਸਬੂਤ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਆਖਿਆ ਕਿ ਬੀਤੇ ਕੱਲ੍ਹ ਜਦੋਂ ਉਨ੍ਹਾਂ ਨੂੰ ਇਸ ਵੀਡੀਓ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਪੜਤਾਲ ਲਈ ਆਦੇਸ਼ ਜਾਰੀ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਭਾਵੇਂ ਸਕੂਲ ਪ੍ਰਬੰਧਕਾਂ ਨੇ ਮੁਆਫ਼ੀ ਮੰਗ ਲਈ ਹੈ ਅਤੇ ਵੀਡੀਓ ਪੁਰਾਣੀ ਹੋਣ ਦਾ ਦਾਅਵਾ ਕੀਤਾ ਹੈ, ਪਰ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਬਾਜ਼ ਆਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ :ਟਕਸਾਲੀ ਅਕਾਲੀਆਂ 'ਚ ਭਾਜਪਾ ਦੀ ਸੰਨ੍ਹ, 3 ਵੱਡੇ ਪਰਿਵਾਰਾਂ ਮਗਰੋਂ ਹੁਣ ਇਸ ਪਰਿਵਾਰ 'ਤੇ ਨਜ਼ਰ

ਸੰਗਰੂਰ ਦੇ ਪਿੰਡ ਭੱਟੀਵਾਲ ਕਲਾਂ ’ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਕੀਤੀ ਨਿੰਦਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਰੂਰ ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਬਾਣੀ ਦਾ ਨਿਰਾਦਰ ਕਰਨ ਵਾਲੇ ਲੋਕ ਜਾਣਬੁਝ ਕੇ ਸੂਬੇ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਸਰਕਾਰ ਨੂੰ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜਾਣਕਾਰੀ ਅਨੁਸਾਰ ਭੱਟੀਵਾਲ ਕਲਾਂ ਦੀ ਘਟਨਾ ਖੇਤਾਂ ਅੰਦਰ ਬਣੀਆਂ ਸਮਾਧਾਂ ’ਤੇ ਰੱਖੇ ਗਏ ਗੁਟਕਾ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ ਹੈ। ਸੁਨਸਾਨ ਜਗ੍ਹਾ ਜਿੱਥੇ ਮਰਯਾਦਾ ਦਾ ਕੋਈ ਪ੍ਰਬੰਧ ਨਹੀਂ, ਉਥੇ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਰੱਖਣੇ ਵੱਡੀ ਕੁਤਾਹੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਪਾਵਨ ਗੁਰਬਾਣੀ ਦਾ ਸਤਿਕਾਰ ਬਣਾਈ ਰੱਖਣ ਲਈ ਅਜਿਹੀਆਂ ਗ਼ਲਤੀਆਂ ਨਾ ਕਰਨ। ਉਨ੍ਹਾਂ ਕਿਹਾ ਕਿ ਜਦੋਂ ਬੇਅਦਬੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਇਸ ਲਈ ਸੰਗਤ ਸੁਚੇਤ ਰੂਪ ਵਿਚ ਆਪਣੀ ਜ਼ਿੰਮੇਵਾਰੀ ਸਮਝੇ, ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਣ।

ਇਹ ਵੀ ਪੜ੍ਹੋ ਕੇਜਰੀਵਾਲ ਦਾ ਖ਼ੁਲਾਸਾ, ਦੱਸਿਆ ਕਿਉਂ ਨਹੀਂ ਹੋਇਆ ਸੰਯੁਕਤ ਸਮਾਜ ਮੋਰਚਾ ਨਾਲ ਗਠਜੋੜ

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ?ਕੁਮੈਂਟ ਕਰਕੇ ਦਿਓ ਜਵਾਬ


author

Harnek Seechewal

Content Editor

Related News