ਕਣਕ ਦੀ ਕਟਾਈ ਮੁਕੰਮਲ ਹੋਣ ਤੱਕ ਤੂੜੀ ਨਾ ਬਣਾਈ ਜਾਵੇ : ਮੁੱਖ ਖੇਤੀਬਾੜੀ ਅਫ਼ਸਰ

Tuesday, Apr 22, 2025 - 06:14 PM (IST)

ਕਣਕ ਦੀ ਕਟਾਈ ਮੁਕੰਮਲ ਹੋਣ ਤੱਕ ਤੂੜੀ ਨਾ ਬਣਾਈ ਜਾਵੇ : ਮੁੱਖ ਖੇਤੀਬਾੜੀ ਅਫ਼ਸਰ

ਗੁਰਦਾਸਪੁਰ (ਹਰਮਨ)- ਪਿੰਡ ਨਰਪੁਰ ਵਿੱਚ ਅੱਗ ਨਾਲ ਸੜੀ ਕਣਕ ਦੀ ਫ਼ਸਲ ਅਤੇ ਨਾੜ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਦੌਰਾ ਕੀਤਾ ਗਿਆ। ਟੀਮ ਵਿਚ ਹੋਰਨਾਂ ਤੋਂ ਇਲਾਵਾ ਡਾ. ਗਗਨਦੀਪ ਸਿੰਘ ਬਲਾਕ ਖੇਤੀਬਾੜੀ ਅਫ਼ਸਰ, ਮਨਜੀਤ ਕੌਰ ਖੇਤੀਬਾੜੀ ਵਿਸਥਾਰ ਅਫ਼ਸਰ, ਹਿਤੇਸ਼ ਕੁਮਾਰ ਖੇਤੀ ਉਪ ਨਿਰੀਖਕ ਸ਼ਾਮਲ ਸਨ।

ਕਿਸਾਨਾਂ ਨਾਲ ਗੱਲਬਾਤ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਹੈ ਕਿ ਇਸ ਸਾਲ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਧ ਰਹੀਆਂ ਹਨ ਜਿਸ ਦੇ ਕਈ ਕਾਰਨ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਸਮੇਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ, ਬਿਜਲੀ ਦੇ ਟਰਾਂਸਫ਼ਾਰਮਰ ਤੋਂ ਨਿਕਲੇ ਚੰਗਿਆੜਿਆਂ ਕਾਰਨ, ਮਜ਼ਦੂਰ ਦੁਆਰਾ ਸੁੱਟੀ ਸੁਲਗਦੀ ਬੀੜੀ ਸਿਗਰਟ ਕਾਰਨ, ਰੀਪਰ ਨਾਲ ਤੂੜੀ ਬਣਾਉਣ ਸਮੇਂ ਨਿਕਲੀ ਚੰਗਿਆੜੀ ਜਾਂ ਕਿਸੇ ਹੋਰ ਮਨੁੱਖੀ ਅਣਗਹਿਲੀ ਕਾਰਨ ਕਣਕ ਦੀ ਫ਼ਸਲ ਜਾਂ ਕਣਕ ਦੇ ਨਾੜ ਨੂੰ ਅੱਗ ਲੱਗ ਜਾਂਦੀ ਹੈ ਜਿਸ ਨਾਲ ਫ਼ਸਲ ਦੇ ਨੁਕਸਾਨ ਹੋਣ ਦੇ ਨਾਲ-ਨਾਲ ਖੇਤੀ ਮਸ਼ੀਨਰੀ, ਪਸ਼ੂਆਂ ਅਤੇ ਮਨੁੱਖਾਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ।

ਇਹ ਵੀ ਪੜ੍ਹੋ- ਅਮਰੀਕਾ 'ਚੋਂ ਮਿਲਦੀ ਕਮਾਂਡ ਤੇ ਪੰਜਾਬ 'ਚ ਹੁੰਦੀ ਤਸਕਰੀ, ਵੱਡੇ ਹਥਿਆਰਾਂ ਸਮੇਤ ਫੜਿਆ ਗਿਆ ਗੁਰਵਿੰਦਰ

ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਕਰਨ ਲਈ ਕੰਬਾਈਨ ਚਲਾਉਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਤਾਂ ਜੋ ਕਣਕ ਦੇ ਦਾਣਿਆਂ ਵਿਚ ਨਿਰਧਾਰਿਤ ਮਾਪਦੰਡਾਂ ਅਨੁਸਾਰ ਹੀ ਨਮੀ ਦੀ ਮਾਤਰਾ ਰਹਿ ਸਕੇ ਅਤੇ ਕਿਸੇ ਕਿਸਮ ਦਾ ਹਾਦਸਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਸਵੇਰੇ ਅਤੇ ਸ਼ਾਮ 7 ਵਜੇ ਤੋਂ ਬਾਅਦ ਹਵਾ ਵਿਚ ਨਮੀ ਵਧ ਜਾਂਦੀ ਹੈ ਜਿਸ ਨਾਲ ਨਾੜ ਸਿੱਲ੍ਹਾ ਹੋ ਜਾਂਦਾ ਹੈ। ਇਸ ਲਈ ਕਣਕ ਦੀ ਕਟਾਈ ਨਿਰਧਾਰਿਤ ਸਮੇਂ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤਕ ਹੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਆਮ ਕਰਕੇ ਕਣਕ ਦੀ ਪੱਕੀ ਫ਼ਸਲ ਅਤੇ ਨਾੜ ਨੂੰ ਅੱਗ ਲੱਗਣ ਦੀਆਂ ਦੁਰਘਟਨਾਵਾਂ ਲਈ ਖੇਤਾਂ ਵਿੱਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਦੇ ਆਪਸ ਵਿੱਚ ਟਕਰਾਉਣ ਨਾਲ ਪੈਦਾ ਹੋਏ ਚੰਗਿਆੜਿਆਂ ਨੂੰ ਮੰਨਿਆ ਜਾਂਦਾ ਹੈ ਪਰ ਬਿਜਲੀ ਦੀ ਸਪਲਾਈ ਬੰਦ ਕੀਤੀ ਹੋਈ ਹੈ। 

ਇਹ ਵੀ ਪੜ੍ਹੋ- ਤਰਨਤਾਰਨ 'ਚ ਅੰਮ੍ਰਿਤਧਾਰੀ ਔਰਤ ਦੇ ਕਤਲ ਕਾਂਡ 'ਚ ਨਵਾਂ ਮੋੜ

ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਬਿਜਲੀ ਦੀਆਂ ਤਾਰਾਂ ਦੀ ਉਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਕਣਕ ਦੀ ਕਟਾਈ ਸਮੇਂ ਕੰਬਾਈਨ ਹਾਰਵੈਸਟਰ ਛੱਤਰੀ ਸਮੇਤ ਆਸਾਨੀ ਨਾਲ ਤਾਰਾਂ ਹੇਠੋਂ ਨਿਕਲ ਸਕੇ। ਬਿਜਲੀ ਦੀਆਂ ਢਿੱਲੀਆਂ ਤਾਰਾਂ, ਟਰਾਂਸਫ਼ਾਰਮਰ/ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੂਚਨਾ ਦੇਣ ਲਈ ਬਿਜਲੀ ਵਿਭਾਗ ਵੱਲੋਂ , ਕੰਟਰੋਲ ਰੂਮ ਦੇ ਮੋਬਾਈਲ ਨੰਬਰ 9646106835 / 9646106836 ਜਾਂ 1912 ਜਾਂ ਵਟਸਐੱਪ ਨੰਬਰ 9646106835 ਜਾਰੀ ਕੀਤੇ ਹਨ ਜਿਸ 'ਤੇ ਕੋਈ ਵੀ ਕਿਸਾਨ ਬਿਜਲੀ ਦੀਆਂ ਢਿੱਲੀਆਂ ਤਾਰਾਂ,ਟਰਾਂਸਫ਼ਾਰਮਰ/ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੰਭਾਵਨਾ ਵਾਲੇ ਸਥਾਨਾਂ ਦੀ ਫ਼ੋਟੋ ਪੂਰਾ ਪਤਾ ਅਤੇ ਜੀ ਪੀ ਐੱਸ ਲੋਕੇਸ਼ਨ ਭੇਜ ਸਕਦਾ ਹੈ। ਉਨ੍ਹਾਂ ਕਿਹਾ ਕਿ ਟੋਲ ਫ਼ਰੀ ਨੰਬਰ 101 ਤੇ ਅੱਗ ਬੁਝਾਊ ਵਿਭਾਗ ਨੂੰ ਸੂਚਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਬਟਾਲਾ ਅੱਗ ਬੁਝਾਊ ਮਹਿਕਮੇ ਨਾਲ ਕੰਟਰੋਲ ਰੂਮ ਨੰਬਰ 9115796801 ਅਤੇ ਗੁਰਦਾਸਪੁਰ ਦੇ ਅੱਗ ਬੁਝਾਊ ਵਿਭਾਗ ਨਾਲ 9988006263 ਮੋਬਾਈਲ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- Punjab: ਇਕੱਲੀ ਔਰਤ ਨੂੰ ਵੇਖ ਘਰ ਵੜ੍ਹ ਗਏ 3 ਵਿਅਕਤੀ, ਫਿਰ ਕੀਤਾ ਅਜਿਹਾ ਕਾਰਾ ਸੁਣ ਕੇ ਉੱਡ ਜਾਣਗੇ ਹੋਸ਼

ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਦਾ ਕੰਮ ਮੁਕੰਮਲ ਹੋਣ ਤੱਕ ਤੂੜੀ ਬਣਾਉਣ ਲਈ ਰੀਪਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਹਵਾ ਵਿੱਚ ਨਮੀ ਅਤੇ ਤਰੇਲ ਹੋਣ ਕਾਰਨ ਕਣਕ ਦੇ ਦਾਣਿਆਂ ਅਤੇ ਨਾੜ ਵਿੱਚ ਕੁਝ ਨਮੀ ਰਹਿ ਸਕਦੀ ਹੈ। ਨਮੀ ਵਾਲੇ ਨਾੜ ਨੂੰ ਰੀਪਰ ਨਾਲ ਤੂੜੀ ਬਣਾਉਣ ਸਮੇਂ ਕਈ ਵਾਰ ਅੱਗ ਲੱਗ ਜਾਂਦੀ ਹੈ ਜਿਸ ਨਾਲ ਮਸ਼ੀਨਰੀ ਦੇ ਨਾਲ- ਨਾਲ ਕਣਕ ਦੇ ਨਾੜ ਅਤੇ ਕਣਕ ਦੀ ਫ਼ਸਲ ਨੂੰ ਵੀ ਅੱਗ ਲੱਗ ਜਾਂਦੀ ਹੈ । ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਿਸਾਨਾਂ ਕੋਲ ਫ਼ਸਲਾਂ ਉੱਪਰ ਕੀਟਨਾਸ਼ਕ ਦਾ ਛਿੜਕਾਅ ਕਰਨ ਲਈ ਟਰੈਕਟਰ ਨਾਲ ਚੱਲਣ ਵਾਲੇ ਸਪਰੇਅ ਪੰਪ ਮੌਜੂਦ ਹਨ ਜਿੰਨਾ ਦੀਆਂ ਟੈਂਕੀਆਂ ਵਿੱਚ ਤਕਰੀਬਨ 1000 ਲੀਟਰ ਪਾਣੀ ਭਰਿਆ ਜਾ ਸਕਦਾ ਹੈ।ਇਨ੍ਹਾਂ ਸਪਰੇਅ ਪੰਪਾਂ ਦੀਆ ਟੈਂਕੀਆਂ ਨੂੰ ਕਣਕ ਦੀ ਫ਼ਸਲ ਦੇ ਪੱਕਣ ਤੋਂ ਲੈ ਕੇ ਤੂੜੀ ਬਣਾਉਣ ਤੱਕ ਪਾਣੀ ਨਾਲ ਭਰ ਕੇ ਰੱਖ ਲੈਣਾ ਚਾਹੀਦਾ ਅਤੇ ਟਿਊਬਵੈੱਲਾਂ ਦੇ ਚੁਬੱਚਿਆਂ ਵਿੱਚ ਪਾਣੀ ਭਰ ਕੇ ਰੱਖਿਆ ਜਾਣਾ ਚਾਹੀਦਾ ਤਾਂ ਜੋ ਕਿਸੇ ਵੀ ਸੰਕਟਕਾਲੀਨ ਹਾਲਤ ਵਿੱਚ ਪਾਣੀ ਦੀ ਵਰਤੋਂ ਕੀਤੀ ਜਾ ਸਕੇ । ਉਨ੍ਹਾਂ ਕਿਹਾ ਇਨ੍ਹਾਂ ਦਿਨਾਂ ਦੌਰਾਨ ਖੁੱਲ੍ਹੇ ਵਿਚ ਕਿਸੇ ਕੁੜੇ ਕਰਕਟ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਅਤੇ ਨਾ ਹੀ ਕਿਸੇ ਵਿਅਕਤੀ ਵੱਲੋਂ ਸੁਲਗਦੀ ਬੀੜੀ ਜਾਂ ਸਿਗਰਟ ਖੁੱਲ੍ਹੇ ਵਿਚ ਨਹੀਂ ਸੁੱਟਣੀ ਚਾਹੀਦੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਕਟਾਈ ਉਪਰੰਤ ਤੂੜੀ ਬਣਾਉਣ ਦੀ ਕਾਹਲੀ ਨਾ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News