ਸਮੱਗਲਰਾਂ ਨੇ ਬਦਲੇ ਤਸਕਰੀ ਦੇ ਤਰੀਕੇ, ਛੋਟੇ ਡ੍ਰੋਨਸ ਦਾ ਕਰਨ ਲੱਗੇ ਇਸਤੇਮਾਲ
Monday, Nov 20, 2023 - 05:55 PM (IST)
ਅੰਮ੍ਰਿਤਸਰ (ਨੀਰਜ)- ਬਾਰਡਰ ਫੈਂਸਿੰਗ ਦੇ ਦੋਵਾਂ ਪਾਸੇ ਝੋਨੇ ਦੀ ਫਸਲ ਕੱਟਣ ਤੋਂ ਬਾਅਦ ਹੁਣ ਸਮੱਗਲਰਾਂ ਨੇ ਵੀ ਆਪਣਾ ਪੈਂਤੜਾ ਬਦਲ ਲਿਆ ਹੈ ਅਤੇ ਵੱਡੇ ਡ੍ਰੋਨ ਉਡਾਉਣ ਦੀ ਬਜਾਏ ਮਿੰਨੀ ਡ੍ਰੋਨਸ ਦਾ ਇਸਤੇਮਾਲ ਕਰ ਰਹੇ ਹਨ ਤਾਂ ਕਿ ਜ਼ਿਆਦਾ ਫੇਰੇ ਲਗਾਏ ਜਾ ਸਕਣ ਅਤੇ ਜੇਕਰ ਡ੍ਰੋਨ ਡਿੱਗ ਗਏ ਤਾਂ ਨੁਕਸਾਨ ਵੀ ਘੱਟ ਹੋਵੇ। ਉੱਥੇ ਹੀ ਦੂਜੇ ਪਾਸੇ ਬੀ.ਓ.ਪੀ. ਧਾਰੀਵਾਲ ’ਚ ਡ੍ਰੋਨਸ ਤੇ ਹੈਰੋਇਨ ਦੀ ਖੇਪ ਨਾਲ ਗ੍ਰਿਫ਼ਤਾਰ ਕੀਤੇ ਗਏ ਦੋ ਸਮੱਗਲਰਾਂ ਦੇ ਮਾਮਲੇ ’ਚ ਇਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਸਮੱਗਲਰ ਪੰਜਾਬ ਸਿੰਘ ਦੇ ਨਾਂ ਦਾ ਖੁਲਾਸਾ ਹੋਇਆ ਹੈ ਜਿਸ ਨੂੰ ਐੱਫ.ਆਈ.ਆਰ. ’ਚ ਨਾਮਜ਼ਦ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਿੰਘ ਤੇ ਉਸ ਦੇ ਹੋਰ ਸਾਥੀਆਂ ’ਤੇ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਦੇ ਕਈ ਮਾਮਲੇ ਦਰਜ ਹਨ ਅਤੇ ਉਹ ਇਸ ਸਮੇਂ ਕੈਨੇਡਾ ’ਚ ਬੈਠਾ ਹੈ ਅਤੇ ਉੱਥੋਂ ਹੀ ਆਪਣੇ ਗੁਰਗਿਆਂ ਦੇ ਜ਼ਰੀਏ ਨੈਟਵਰਕ ਚਲਾ ਰਿਹਾ ਹੈ। ਵਿਦੇਸ਼ਾਂ ’ਚ ਬੈਠੇ ਸਮੱਗਲਰਾਂ ਦੀ ਗੱਲ ਕਰੀਏ ਤਾਂ ਕਈ ਹੋਰ ਵੱਡੇ ਸਮੱਗਲਰ ਵੀ ਇਸ ਸਮੇਂ ਵਿਦੇਸ਼ਾਂ ’ਚ ਬੈਠ ਕੇ ਕੰਮ ਕਰ ਰਹੇ ਹਨ ਅਤੇ ਹੈਰੋਇਨ ਤੇ ਹਥਿਆਰਾਂ ਦੀ ਸਮੱਗਲਿੰਗ ਨੂੰ ਆਪਣੇ ਗੁਰਗਿਆਂ ਦੇ ਜ਼ਰੀਏ ਅੰਜਾਮ ਦੇ ਰਹੇ ਹਨ।
ਭਾਰਤ-ਪਾਕਿਸਤਾਨ ਬਾਰਡਰ ’ਤੇ ਹੋਣ ਵਾਲੀ ਸਮੱਗਲਿੰਗ ਦੇ ਮਾਮਲੇ ’ਚ ਕੇਂਦਰ ਤੇ ਸੂਬਾ ਸਰਕਾਰ ਦੀ ਸੁਰੱਖਿਆ ਏਜੰਸੀ ਵੱਡੀਆਂ ਮੱਛੀਆਂ ਨੂੰ ਸ਼ਿਕੰਜੇ ’ਚ ਲਿਆਉਣ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਸਮੱਗਲਿੰਗ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਨਸ਼ਟ ਕੀਤਾ ਜਾ ਸਕੇ। ਹਾਲਾਂਕਿ ਵਿਦੇਸ਼ਾਂ ’ਚ ਬੈਠ ਕੇ ਕੰਮ ਕਰ ਰਹੇ ਸਮੱਗਲਰਾਂ ਤੇ ਗੈਂਗਸਟਰਾਂ ਨੂੰ ਭਾਰਤ ਲਿਆਉਣਾ ਆਸਾਨ ਕੰਮ ਨਹੀਂ ਹੈ ਅਤੇ ਇਸ ਲਈ ਲੰਬੀ ਚੌੜੀ ਕਾਨੂੰਨੀ ਪ੍ਰਕਿਰਿਆ ਤੋਂ ਲੰਘਣਾ ਪੈਂਦਾ ਹੈ।
ਇਹ ਵੀ ਪੜ੍ਹੋ - ਟੁੱਟਿਆ 140 ਕਰੋੜ ਭਾਰਤੀਆਂ ਦਾ ਸੁਫ਼ਨਾ, ਭਾਰਤ ਨੂੰ ਹਰਾ ਕੇ ਆਸਟ੍ਰੇਲੀਆ ਬਣਿਆ ਵਰਲਡ ਚੈਂਪੀਅਨ
ਬੀ.ਐੱਸ.ਐੱਫ. ਤੇ ਪੁਲਸ ਦੇ ਜੁਆਇੰਟ ਆਪ੍ਰੇਸ਼ਨ ਹੋ ਰਹੇ ਸਫਲ
‘ਆਪ’ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਜਿੱਥੇ ਪੁਲਸ ਵੱਲੋਂ ਸਰਹੱਦੀ ਪਿੰਡਾਂ ਵੀ.ਪੀ.ਓ. ਤੇ ਵਿਲੇਜ ਡਿਫੈਂਸ ਕਮੇਟੀਆਂ ਨੂੰ ਗਠਿਤ ਕੀਤਾ ਗਿਆ ਹੈ ਤਾਂ ਉੱਥੇ ਹੀ ਡ੍ਰੋਨ ਤੇ ਸਮੱਗਲਰਾਂ ਦੀ ਸੂਚਨਾ ਦੇਣ ਵਾਲਿਆਂ ਨੂੰ ਇਨਾਮੀ ਰਾਸ਼ੀ ਦਿੱਤੀ ਜਾ ਰਹੀ ਹੈ। ਬੀ.ਐੱਸ.ਐੱਫ. ਤੇ ਪੁਲਸ ਵੱਲੋਂ ਮਿਲ ਕੇ ਜੁਆਇੰਟ ਆਪ੍ਰੇਸ਼ਨ ਵੀ ਚਲਾਏ ਜਾ ਰਹੇ ਹਨ ਜੋ ਕਾਫੀ ਸਫਲ ਸਾਬਿਤ ਹੋ ਰਹੇ ਹਨ ਕਿਉਂਕਿ ਬੀ.ਐੱਸ.ਐੱਫ. ਲਈ ਸਿਵਲ ਇਲਾਕੇ ’ਚ ਜਾ ਕੇ ਸਰਚ ਕਰਨਾ ਆਸਾਨ ਨਹੀਂ ਹੁੰਦਾ, ਅਜਿਹੇ ’ਚ ਪੁਲਸ ਦਾ ਸਹਿਯੋਗ ਮਿਲਣ ਨਾਲ ਕਈ ਆਪ੍ਰੇਸ਼ਨ ਸਫਲ ਰਹੇ ਹਨ ਅਤੇ ਵੱਡੀ ਗਿਣਤੀ ’ਚ ਡ੍ਰੋਨ ਫੜੇ ਜਾ ਚੁੱਕੇ ਹਨ।
ਹਰ ਰੋਜ਼ ਫੜੇ ਜਾ ਰਹੇ ਹਨ ਡ੍ਰੋਨ
ਬੀ.ਐੱਸ.ਐੱਫ. ਤੇ ਪੁਲਸ ਦੀ ਸਖ਼ਤੀ ਕਾਰਨ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਸੰਵੇਦਨਸ਼ੀਲ ਬੀ.ਓ.ਪੀਜ਼ ਦੇ ਇਲਾਕੇ ’ਚ ਹਰ ਰੋਜ਼ ਡ੍ਰੋਨ ਫੜੇ ਜਾ ਰਹੇ ਹਨ ਜਦਕਿ ਪਹਿਲਾਂ ਇੰਨੀ ਗਿਣਤੀ ’ਚ ਡ੍ਰੋਨ ਨਹੀਂ ਫੜੇ ਜਾਂਦੇ ਸਨ। ਬੀ.ਐੱਸ.ਐੱਫ. ਤੇ ਪੁਲਸ ਦੇ ਅੰਕੜਿਆਂ ਅਨੁਸਾਰ ਪਿਛਲੇ ਦੋ ਹਫ਼ਤੇ ’ਚ 15 ਡ੍ਰੋਨ ਫੜੇ ਜਾ ਚੁੱਕੇ ਹਨ ਜਿਨ੍ਹਾਂ ਨਾਲ ਸਮੱਗਲਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਵੱਲੋਂ ਇਨ੍ਹਾਂ ਕੇਸਾਂ ’ਤੇ ਗੰਭੀਰਤਾ ਨਾਲ ਕੰਮ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- PM ਮੋਦੀ ਦੇ ਗਲ਼ ਲੱਗ ਰੋਏ ਭਾਰਤੀ ਸਟਾਰ ਗੇਂਦਬਾਜ਼ ਮੁਹੰਮਦ ਸ਼ੰਮੀ, ਟਵੀਟ ਕਰ ਕੀਤਾ ਧੰਨਵਾਦ
ਜੇਲ੍ਹਾਂ ’ਚ ਚੱਲ ਰਹੇ ਨੈੱਟਵਰਕ ਨਸ਼ਟ ਕਰਨੇ ਜ਼ਰੂਰੀ
ਕਈ ਵੱਡੇ ਤੇ ਨਾਮੀ ਸਮੱਗਲਰ ਵੱਡੇ ਕੇਸਾਂ ’ਚ ਗ੍ਰਿਫਤਾਰ ਹੋਣ ਤੋਂ ਬਾਅਦ ਇਸ ਸਮੇਂ ਵੱਖ-ਵੱਖ ਜੇਲ੍ਹਾਂ ’ਚ ਕੈਦ ਹਨ ਪਰ ਇਨ੍ਹਾਂ ਸਮੱਗਲਰਾਂ ਨੂੰ ਜੇਲ੍ਹਾਂ ’ਚ ਮੋਬਾਇਲ ਤੇ ਹੋਰ ਸਹੂਲਤਾਂ ਮਿਲ ਰਹੀਆਂ ਹਨ ਜਿਸ ਨਾਲ ਇਹ ਜੇਲ੍ਹਾਂ ਤੋਂ ਆਪਣਾ ਨੈਟਵਰਕ ਚਲਾਉਂਦੇ ਰਹਿੰਦੇ ਹਨ ਅਤੇ ਆਪਣੇ ਗੁਰਗਿਆਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਰਹਿੰਦੇ ਹਨ। ਹਾਲਾਂਕਿ ਸਰਕਾਰ ਵੱਲੋਂ ਸਖ਼ਤ ਯਤਨ ਕੀਤੇ ਜਾ ਰਹੇ ਹਨ ਕਿ ਜੇਲ੍ਹਾਂ ’ਚ ਚੱਲ ਰਹੇ ਨੈੱਟਵਰਕ ਨੂੰ ਖ਼ਤਮ ਕੀਤਾ ਜਾਵੇ, ਪਰ ਇਸ ਕੰਮ ’ਚ ਦੇਰੀ ਵੀ ਹੋ ਰਹੀ ਹੈ।
ਆਈ.ਸੀ.ਪੀ. ਅਟਾਰੀ ’ਤੇ ਆਉਣ ਵਾਲੇ ਟਰੱਕ ਵੀ ਨਿਸ਼ਾਨੇ ’ਤੇ
ਡ੍ਰੋਨਸ ਦੇ ਨਾਲ-ਨਾਲ ਆਈ.ਸੀ.ਪੀ. ਅਟਾਰੀ ਬਾਰਡਰ ’ਤੇ ਅਫਗਾਨਿਸਤਾਨ ਤੋਂ ਆਉਣ ਵਾਲੀਆਂ ਦਰਾਮਦ ਵਸਤਾਂ ਦੇ ਟਰੱਕ ਵੀ ਸਮੱਗਲਰਾਂ ਦੇ ਨਿਸ਼ਾਨੇ ’ਤੇ ਹਨ ਅਤੇ ਇਕ-ਦੋ ਵਾਰ ਸਮੱਗਲਰਾਂ ਵੱਲੋਂ ਟਰੱਕਾਂ ਦੇ ਜ਼ਰੀਏ ਵੱਡੀ ਖੇਪ ਪਹੁੰਚਾਉਣ ਦਾ ਯਤਨ ਵੀ ਕੀਤਾ ਜਾ ਚੁੱਕਾ ਹੈ ਜਿਸ ਵਿਚ 109 ਕਿਲੋ ਹੈਰੋਇਨ ਕਸਟਮ ਵੱਲੋਂ ਫੜੀ ਜਾ ਚੁੱਕੀ ਹੈ। ਸਮੱਗਲਰ ਆਈ.ਪੀ.ਸੀ. ’ਤੇ ਟਰੱਕ ਸਕੈਨਰ ਨਾ ਹੋਣ ਦਾ ਫਾਇਦਾ ਚੁੱਕਣ ਦੇ ਯਤਨ ’ਚ ਰਹਿੰਦੇ ਹਨ।
ਇਹ ਵੀ ਪੜ੍ਹੋ- ਵਿਸ਼ਵ ਕੱਪ ਫਾਈਨਲ 'ਚ ਮਿਲੀ ਹਾਰ ਕਾਰਨ ਇਕ ਹੋਰ ਵੱਡਾ ਰਿਕਾਰਡ ਤੋੜਨ ਤੋਂ ਖੁੰਝੀ ਟੀਮ ਇੰਡੀਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8