ਬੱਚਾ ਚੋਰੀ ਹੋਣ ਦੀ ਘਟਨਾ ਮਗਰੋਂ ਵੀ ਹਸਪਤਾਲ ਨੇ ਨਹੀਂ ਲਿਆ ਸਬਕ, ਹੁਣ ਵੀ ਨਹੀਂ ਸੁਰੱਖਿਆ ਤੇ cctv ਕੈਮਰੇ
Tuesday, Oct 10, 2023 - 12:19 PM (IST)
ਅੰਮ੍ਰਿਤਸਰ (ਦਲਜੀਤ)- ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚੋਂ 2 ਦਿਨਾਂ ਦੇ ਨਵਜੰਮੇ ਬੱਚੇ ਦੇ ਚੋਰੀ ਹੋਣ ਦੀ ਘਟਨਾ ਤੋਂ ਹਸਪਤਾਲ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ। ਅੱਜ ਘਟਨਾ ਦੇ ਦੂਜੇ ਦਿਨ ਵੀ ਮੁੱਖ ਗੇਟਾਂ ’ਤੇ ਨਾ ਤਾਂ ਕੋਈ ਸੁਰੱਖਿਆ ਮੁਲਾਜ਼ਮ ਤਾਇਨਾਤ ਦੇਖਿਆ ਗਿਆ ਅਤੇ ਨਾ ਹੀ ਜ਼ਿਆਦਾਤਰ ਵਾਰਡਾਂ ਅਤੇ ਅਹਿਮ ਥਾਵਾਂ ’ਤੇ ਸੀ. ਸੀ. ਟੀ. ਵੀ ਕੈਮਰੇ ਲਾਏ ਗਏ। ਇੱਥੋਂ ਤੱਕ ਕਿ ਕਈ ਥਾਵਾਂ ’ਤੇ ਜਿੱਥੇ ਸੀ. ਸੀ. ਟੀ. ਵੀ ਕੈਮਰੇ ਲਾਏ ਗਏ ਸਨ, ਉਹ ਕਾਫ਼ੀ ਖ਼ਰਾਬ ਪਾਏ ਗਏ। ਬੱਚਾ ਚੋਰੀ ਦੀ ਘਟਨਾ ਤੋਂ ਬਾਅਦ ਬੇਬੀ ਨਾਮ ਦੇ ਮਦਰ ਐਂਡ ਚਾਈਲਡ ਕੇਅਰ ਸੈਂਟਰ ’ਚ ਮਾਪੇ ਆਪਣੇ ਨਵਜੰਮੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰੇ ਹੋਏ ਹਨ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਘਟਨਾ ਤੋਂ ਬਾਅਦ ਪੂਰਾ ਦਿਨ ਪੀੜਤ ਪਰਿਵਾਰ ਦੀ ਸਾਰ ਨਹੀਂ ਲਈ, ਜਦਕਿ ਬੱਚੇ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੀ ਨਾਮਕ ਮਦਰ ਐਂਡ ਚਾਈਲਡ ਕੇਅਰ ਦੇ ਅੰਦਰ ਇਕ ਔਰਤ ਨੇ ਚਾਰ ਦਿਨ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਸੀ। ਐਤਵਾਰ ਤੜਕੇ 3 ਵਜੇ ਹਸਪਤਾਲ ਦੀ ਵਾਰਡ ਦੇ ਬਾਹਰ ਬੈਠੇ ਪਰਿਵਾਰਕ ਮੈਂਬਰਾਂ ਦਾ ਇਕ ਔਰਤ ਦੋ ਦਿਨ ਦਾ ਬੱਚਾ ਚੋਰੀ ਕਰ ਕੇ ਫ਼ਰਾਰ ਹੋ ਗਈ ਸੀ। ਵਾਰਡ ਦੇ ਬਾਹਰ ਕੋਈ ਵੀ ਕੈਮਰੇ ਨਹੀਂ ਹਨ ਅਤੇ ਚੋਰੀ ਨੂੰ ਅੰਜਾਮ ਦੇਣ ਵਾਲੀ ਔਰਤ ਹਸਪਤਾਲ ਦੇ ਬਾਹਰ ਲੱਗੇ ਕੈਮਰਿਆਂ ਤੋਂ ਫ਼ਰਾਰ ਹੁੰਦੀ ਨਜ਼ਰ ਆ ਰਹੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਮਾਪਿਆਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਅਤੇ ਬੱਚੇ ਦੀ ਮਾਂ ਦਾ ਰੋ-ਰੋ ਕਾਫ਼ੀ ਬੁਰਾ ਹਾਲ ਹੈ ਕਿਉਂਕਿ 14 ਸਾਲ ਬਾਅਦ ਉਸ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਸੁਣਾਈ ਦਿੱਤੀਆਂ।
ਇਹ ਵੀ ਪੜ੍ਹੋ- ਮਾਪਿਆਂ ਨੇ ਚਾਵਾਂ ਨਾਲ ਕੈਨੇਡਾ ਭੇਜਿਆ ਸੀ ਇਕਲੌਤਾ ਪੁੱਤ, ਮੌਤ ਦੀ ਖ਼ਬਰ ਨੇ ਘਰ ਵਿਛਾਏ ਸੱਥਰ
ਜਦੋਂ ‘ਜਗ ਬਾਣੀ’ ਹਸਪਤਾਲ ’ਚ ਸੁਰੱਖਿਆ ਦਾ ਜਾਇਜ਼ਾ ਲੈਣ ਗਈ ਤਾਂ ਦੇਖਿਆ ਕਿ ਪੰਜਾਬ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਸਹੂਲਤਾਂ ਤੋਂ ਵਾਂਝਾ ਹੈ ਅਤੇ ਅਧਿਕਾਰੀ ਸਿਰਫ਼ ਦਾਅਵਿਆਂ ਤੱਕ ਹੀ ਸੀਮਤ ਹਨ। ਹਸਪਤਾਲ ਦੇ ਬੇਬੀ ਨਾਮੀ ਮਦਰ ਐਂਡ ਚਾਈਲਡ ਕੇਅਰ ਦੇ ਅੰਦਰ ਮੁੱਖ ਗੇਟ ’ਤੇ ਕੋਈ ਸੁਰੱਖਿਆ ਅਮਲਾ ਨਹੀਂ ਸੀ। ਇਸ ਤੋਂ ਇਲਾਵਾ ਜਿੱਥੇ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਜਾਂਦੀ ਹੈ, ਉਥੇ ਮੁੱਖ ਗੇਟ ’ਤੇ ਵੀ ਕੋਈ ਸੁਰੱਖਿਆ ਅਮਲਾ ਮੌਜੂਦ ਨਹੀਂ ਸੀ।
ਇਸ ਤੋਂ ਇਲਾਵਾ ਜਿੱਥੇ ਵੱਖ-ਵੱਖ ਵਾਰਡਾਂ ਬਣਾਈਆਂ ਗਈਆਂ ਸਨ, ਉਥੇ ਕੋਈ ਵੀ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਸੀ। ਦਰਵਾਜ਼ੇ ਖੁੱਲ੍ਹੇ ਸਨ ਅਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਆਮ ਲੋਕ ਵੀ ਅੰਦਰ-ਬਾਹਰ ਆ ਜਾ ਰਹੇ ਸਨ। ਟੀਮ ਕਾਫ਼ੀ ਦੇਰ ਤੱਕ ਉਥੇ ਮੌਜੂਦ ਰਹੀ ਪਰ ਮੁੱਖ ਗੇਟ ’ਤੇ ਕੋਈ ਵੀ ਸੁਰੱਖਿਆ ਕਰਮਚਾਰੀ ਨਜ਼ਰ ਨਹੀਂ ਆਇਆ। ਬੱਚਿਆਂ ਦੀ ਓ. ਪੀ. ਡੀ ਦੇ ਬਾਹਰ ਇਕ ਸੀ. ਸੀ. ਟੀ. ਵੀ. ਕੈਮਰਾ ਲਾਇਆ ਗਿਆ ਸੀ, ਜਦੋਂ ਕਿ ਓ. ਪੀ. ਡੀ. ’ਚ ਕੋਈ ਵੀ ਕੈਮਰਾ ਨਹੀਂ ਲਾਇਆ ਗਿਆ ਸੀ।
ਇਹ ਵੀ ਪੜ੍ਹੋ- ਸ਼ਰਮਨਾਕ! ਭੂਆ ਆਸ਼ਕ ਨਾਲ ਮਨਾਉਂਦੀ ਰਹੀ ਰੰਗਰਲੀਆਂ, ਸਾਹਮਣੇ ਨਾਬਾਲਗ ਭਤੀਜੀ ਦੀ ਲੁੱਟੀ ਗਈ ਪੱਤ
ਇਸੇ ਤਰ੍ਹਾਂ ਹਸਪਤਾਲ ਦੀਆਂ ਜ਼ਿਆਦਾਤਰ ਵਾਰਡਾਂ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਵਾਂਝੀਆਂ ਸਨ। ਹਸਪਤਾਲ ਪ੍ਰਸ਼ਾਸਨ ਵੱਲੋਂ ਲਾਏ ਗਏ ਕਈ ਕੈਮਰੇ ਖ਼ਰਾਬ ਨਜ਼ਰ ਆਏ। ਹਸਪਤਾਲ ਵਿਚ ਚੋਰੀ ਦੀ ਇੰਨੀ ਵੱਡੀ ਵਾਰਦਾਤ ਹੋਣ ਤੋਂ ਬਾਅਦ ਦੂਜੇ ਦਿਨ ਵੀ ਅਹਿਮ ਥਾਵਾਂ ’ਤੇ ਨਾ ਤਾਂ ਕੋਈ ਸੁਰੱਖਿਆ ਅਤੇ ਨਾ ਹੀ ਸੀ. ਸੀ. ਟੀ. ਵੀ ਕੈਮਰੇ ਦੇਖਣ ਨੂੰ ਮਿਲੇ। ਇਸ ਤੋਂ ਪਹਿਲਾਂ ਸੁਰੱਖਿਆ ਦੇ ਨਾਂ ’ਤੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਿਰਫ਼ ਚਾਹ-ਪਾਣੀ ਪੀਣ ਤੱਕ ਹੀ ਸੀਮਤ ਕਰ ਲਿਆ ਸੀ, ਜਦਕਿ ਹੁਣ ਤੱਕ ਸੁਰੱਖਿਆ ਦੇਣ ਵਿਚ ਉਨ੍ਹਾਂ ਦੀ ਭੂਮਿਕਾ ਜ਼ੀਰੋ ਸਾਬਿਤ ਹੋਈ ਹੈ। ਹਸਪਤਾਲ ’ਚ ਮਰੀਜ਼ਾਂ ਦੀ ਸੁਰੱਖਿਆ ਰਾਮ ਭਰੋਸੇ ਹੈ ਅਤੇ ਅਧਿਕਾਰੀਆਂ ਨੇ ਆਪਣੇ ਦਫ਼ਤਰਾਂ ਦੇ ਬਾਹਰ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਹਨ ਅਤੇ ਦਫ਼ਤਰਾਂ ਦੇ ਬਾਹਰ ਵੀ ਵੱਡੀ ਗਿਣਤੀ ’ਚ ਸਟਾਫ਼ ਤਾਇਨਾਤ ਕੀਤਾ ਹੈ।
ਬੱਚੇ ਦੇ ਪਿਤਾ ਨੇ ਦੱਸਿਆ ਕਿ ਹਸਪਤਾਲ ਦੇ ਉੱਚ ਅਧਿਕਾਰੀ ਪੁੱਛ ਰਹੇ ਹਨ ਕਿ ਉਹ ਬੱਚੇ ਦੇ ਨਾਲ ਵਾਰਡ ਦੇ ਬਾਹਰ ਕਿਉਂ ਬੈਠੇ ਸੀ, ਜਦੋਂ ਕਿ ਉਹ ਆਪਣੇ ਨਵਜੰਮੇ ਬੱਚੇ ਨਾਲ ਬਾਹਰ ਬੈਠੇ ਸੀ, ਕਿਉਂਕਿ ਵਾਰਡ ’ਚ ਮੱਛਰਾਂ ਦੀ ਭਰਮਾਰ ਸੀ। ਉਨ੍ਹਾਂ ਦਾ ਬੱਚਾ ਉਥੇ ਮੌਜੂਦ ਔਰਤ ਅਤੇ ਉਸ ਦੇ ਸਾਥੀ ਨੇ ਚੋਰੀ ਕਰ ਲਿਆ। ਦੂਜੇ ਪਾਸੇ ਬੱਚਾ ਚੋਰੀ ਦੀ ਘਟਨਾ ਤੋਂ ਬਾਅਦ ਬੱਚੇ ਦੀ ਮਾਂ ਦਾ ਦਰਦ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਕਿਉਂਕਿ 14 ਸਾਲ ਤੋਂ ਬਾਅਦ ਹੋਏ ਬੱਚੇ ਦੇ ਬਾਅਦ ਚੋਰੀ ਦੀ ਘਟਨਾ ਨੇ ਉਸ ਨੂੰ ਕਾਫ਼ੀ ਉਦਾਸ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਅਮਰਪ੍ਰੀਤ ਸਿੰਘ ਨੇ ਖ਼ਾਲਸਾ ਏਡ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
ਬੱਚਾ ਚੋਰੀ ਕਰਨ ਵਾਲੀ ਔਰਤ ਅਜੇ ਤੱਕ ਨਹੀਂ ਫੜੀ ਗਈ : ਐੱਸ. ਐੱਚ. ਓ
ਜਦੋਂ ਮਜੀਠਾ ਰੋਡ ਥਾਣੇ ਦੇ ਐੱਸ. ਐੱਚ. ਓ. ਨੂੰ ਬੱਚਾ ਚੋਰੀ ਦੀ ਘਟਨਾ ਦੇ ਸਬੰਧ ਵਿਚ ਇਕ ਔਰਤ ਦੀ ਗ੍ਰਿਫ਼ਤਾਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਮਾਮਲੇ ’ਚ ਔਰਤ ਦੀ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਪੁਲਸ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਆਪਣਾ ਕੰਮ ਕਰ ਰਿਹਾ ਹੈ। ਜਲਦੀ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਫੜੇ ਜਾਣਗੇ।
ਟੀ. ਬੀ. ਹਸਪਤਾਲ ਵੀ ਹੈ ਸੁਰੱਖਿਆ ਤੋਂ ਵਾਂਝਾ, ਡਾਕਟਰ ਨਾਲ ਹੋ ਚੁੱਕੀ ਐ ਕੁੱਟਮਾਰ
ਪੰਜਾਬ ਦਾ ਸਭ ਤੋਂ ਵੱਡਾ ਸਰਕਾਰੀ ਟੀ. ਬੀ. ਹਸਪਤਾਲ ਵੀ ਸੁਰੱਖਿਆ ਤੋਂ ਵਾਂਝਾ ਹੈ। ਹਸਪਤਾਲ ’ਚ ਕੋਈ ਸੁਰੱਖਿਆ ਅਮਲਾ ਨਹੀਂ ਹੈ। ਇਕ ਏਕੜ ’ਚ ਬਣੇ ਇਸ ਹਸਪਤਾਲ ਵਿਚ ਸੁਰੱਖਿਆ ਅਮਲੇ ਦੀ ਘਾਟ ਕਾਰਨ ਕਈ ਵਾਰ ਡਿਊਟੀ ’ਤੇ ਮੌਜੂਦ ਡਾਕਟਰ ਦੀ ਕੁੱਟਮਾਰ ਵੀ ਹੋ ਚੁੱਕੀ ਹੈ। ਸੁਰੱਖਿਆ ਦੀ ਘਾਟ ਨੂੰ ਲੈ ਕੇ ਹਸਪਤਾਲ ਪ੍ਰਬੰਧਕਾਂ ਵੱਲੋਂ ਮੈਡੀਕਲ ਕਾਲਜ ਪ੍ਰਸ਼ਾਸਨ ਨਾਲ ਕਈ ਵਾਰ ਪੱਤਰ ਵਿਹਾਰ ਕੀਤਾ ਗਿਆ ਹੈ ਪਰ ਅੱਜ ਤੱਕ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ। ਕਾਲਜ ਪ੍ਰਸ਼ਾਸਨ ਵੱਲੋਂ ਹਰ ਵਾਰ 200 ਤੋਂ ਵੱਧ ਨਵੇਂ ਸੁਰੱਖਿਆ ਮੁਲਾਜ਼ਮਾਂ ਦੇ ਆਉਣ ਦੀ ਗੱਲ ਕੀਤੀ ਜਾਂਦੀ ਹੈ ਪਰ ਇਹ ਸੁਰੱਖਿਆ ਮੁਲਾਜ਼ਮ ਅਜੇ ਤੱਕ ਨਹੀਂ ਆਏ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8