ਪੰਜਾਬੀਆਂ ਦੀ ਸੁਰੱਖਿਆ ਲਈ ਮਾਨ ਸਰਕਾਰ ਦਾ ਉਪਰਾਲਾ, ਲੱਗਣਗੇ CCTV ਕੈਮਰੇ
Wednesday, Jan 08, 2025 - 02:06 PM (IST)
ਜਲੰਧਰ: ਆਮ ਜਨਤਾ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਕਿਸੇ ਵੀ ਸਰਕਾਰ ਦਾ ਮੁੱਢਲਾ ਫ਼ਰਜ਼ ਹੁੰਦਾ ਹੈ। ਆਪਣੇ ਇਸੇ ਫ਼ਰਜ਼ 'ਤੇ ਪਹਿਰਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਹਿਲੇ ਦਿਨ ਤੋਂ ਹੀ ਇਸ ਦਿਸ਼ਾ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਮਾਨ ਸਰਕਾਰ ਵੱਲੋਂ ਇਸ ਦਿਸ਼ਾ ਵਿਚ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਸਰਕਾਰ ਨੇ ਸੂਬੇ ਵਿਚ ਵੱਖ-ਵੱਖ ਥਾਵਾਂ 'ਤੇ CCTV ਕੈਮਰੇ ਲਗਾਉਣ ਦਾ ਫ਼ੈਸਲਾ ਲਿਆ ਹੈ।
ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਜਨਤਕ ਥਾਵਾਂ 'ਤੇ CCTV ਕੈਮਰੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਲਈ ਸਰਕਾਰ ਵੱਲੋਂ ਹੁਣ ਤਕ 19 ਕਰੋੜ ਤੋਂ ਵੀ ਵੱਧ ਰਕਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸਰਕਾਰ ਵੱਲੋਂ ਇਸ ਯੋਜਨਾ ਤਹਿਤ ਸਰਹੱਦੀ ਖੇਤਰਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਹੁਣ ਤਕ ਸਰਹੱਦੀ ਖੇਤਰ ਦੀਆਂ 585 ਥਾਵਾਂ 'ਤੇ 2127 ਕੈਮਰੇ ਲਗਾਏ ਜਾ ਚੁੱਕੇ ਹਨ। ਲੋਕਾਂ ਵੱਲੋਂ ਸਰਕਾਰ ਦੇ ਇਸ ਕਦਮ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ।
ਇਨ੍ਹਾਂ ਕੈਮਰਿਆਂ ਰਾਹੀਂ ਨਾ ਸਿਰਫ਼ ਮੁਲਜ਼ਮਾਂ 'ਤੇ ਬਾਜ਼ ਅੱਖ ਰੱਖ ਕੇ ਕਿਸੇ ਵੀ ਵਾਰਦਾਤ ਨੂੰ ਸਮੇਂ ਸਿਰ ਟ੍ਰੇਸ ਕੀਤਾ ਜਾ ਸਕੇਗਾ, ਸਗੋਂ ਮੁੱਖ ਥਾਵਾਂ 'ਤੇ ਲੱਗੇ ਕੈਮਰਿਆਂ ਰਾਹੀਂ ਪੁਲਸ ਵੱਲੋਂ ਬੜੀ ਬਾਰੀਕੀ ਨਾਲ ਨਜ਼ਰਸਾਨੀ ਕੀਤੀ ਜਾ ਸਕੇਗੀ ਤੇ ਕਿਸੇ ਵੀ ਕਿਸਮ ਦੀ ਸ਼ੱਕੀ ਗਤੀਵਿਧੀ 'ਤੇ ਸਮਾਂ ਰਹਿੰਦਿਆਂ ਐਕਸ਼ਨ ਲੈ ਕੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਲਈ ਸਰਕਾਰ ਵੱਲੋਂ ਬਾਕਾਇਦਾ ਕੰਟਰੋਲ ਰੂਮ ਸਥਾਪਤ ਕੀਤੇ ਜਾ ਰਹੇ ਹਨ, ਜਿੱਥੇ ਵੱਖਰੀ ਟੀਮ ਇਨ੍ਹਾਂ ਕੈਮਰਿਆਂ ਰਾਹੀਂ ਹਰ ਥਾਂ 'ਤੇ ਨਜ਼ਰ ਰੱਖੇਗੀ। ਇਹ ਕੋਸ਼ਿਸ਼ ਸੂਬੇ ਵਿਚ ਜੁਰਮ ਨੂੰ ਠੱਲ੍ਹ ਪਾਉਣ ਲਈ ਕਾਫ਼ੀ ਅਸਰਦਾਰ ਸਾਬਿਤ ਹੋਵੇਗੀ।