ਪੁਰਾਣੀ ਰੰਜਿਸ਼ ਦੇ ਚਲਦਿਆਂ ਸਕਾਰਪੀਓ ਸਵਾਰਾਂ ਨੇ ਘਰ ’ਤੇ ਚਲਾਈਆਂ ਗੋਲੀਆਂ
Saturday, Jan 08, 2022 - 05:08 PM (IST)
ਵਲਟੋਹਾ (ਗੁਰਮੀਤ ਸਿੰਘ)-ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਤੂਤ ਵਿਖੇ ਸਕਾਰਪੀਓ ਗੱਡੀ ਸਵਾਰ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ’ਚ ਮੌਜੂਦ ਪਰਿਵਾਰਕ ਮੈਂਬਰਾਂ ਨੇ ਕੰਧਾਂ ਟੱਪ ਕੇ ਲੋਕਾਂ ਦੇ ਘਰ ’ਚ ਦਾਖਲ ਹੋ ਕੇ ਆਪਣੀ ਜਾਨ ਬਚਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਕੌਰ ਤੇ ਉਸ ਦੇ ਪੁੱਤਰ ਗੁਰਵਿੰਦਰ ਸਿੰਘ ਉਰਫ ਫਰੀਦੀ ਨੇ ਦੱਸਿਆ ਕਿ ਉਹ ਆਪਣੇ ਘਰ ਰਾਤ ਦੇ ਸਮੇਂ ਮੌਜੂਦ ਸੀ ਕਿ ਇੰਨੇ ਨੂੰ ਇਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਆਈ ਤੇ ਉਸ ’ਚ ਸਵਾਰ ਰਣਜੀਤ ਸਿੰਘ ਤੇ ਉਸ ਦੇ ਪੁੱਤਰ ਸੁਖਬੀਰ ਸਿੰਘ ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ’ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨੇ ਘਰ ਦੀ ਪਿਛਲੀ ਕੰਧ ਟੱਪ ਕੇ ਗੁਆਂਢ ’ਚ ਰਹਿੰਦੇ ਲੋਕਾਂ ਦੇ ਘਰਾਂ ’ਚ ਜਾ ਕੇ ਆਪਣੀ ਜਾਨ ਬਚਾਈ। ਪੀੜਤ ਪਰਿਵਾਰ ਨੇ ਦੱਸਿਆ ਉਸ ਦੇ ਮਾਮਾ ਰਣਜੀਤ ਸਿੰਘ ਤੇ ਉਸ ਦਾ ਲੜਕਾ ਸੁਖਬੀਰ ਸਿੰਘ ਉਨ੍ਹਾਂ ਨਾਲ ਕਿਸੇ ਗੱਲ ਨੂੰ ਲੈ ਕੇ ਪੁਰਾਣੀ ਰੰਜਿਸ਼ ਰੱਖਦੇ ਹਨ।
ਉਨ੍ਹਾਂ ਪਹਿਲਾਂ ਵੀ ਉਸ ’ਤੇ ਪਰਚੇ ਦਰਜ ਕਰਵਾਇਆ ਸੀ। ਉਸ ’ਤੇ ਹਮਲਾ ਕੀਤਾ ਸੀ, ਇਸੇ ਹੀ ਰੰਜਿਸ਼ ਤਹਿਤ ਉਨ੍ਹਾਂ ਰਾਤ ਨੂੰ ਮਾਰ ਦੇਣ ਦੀ ਨੀਅਤ ਨਾਲ ਸਾਡੇ ਘਰ ’ਤੇ ਹਮਲਾ ਕੀਤਾ ਹੈ। ਅਸੀਂ ਉਸੇ ਟਾਈਮ ਹੀ ਪੁਲਸ ਚੌਕੀ ਤੂਤ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਅਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਆਖਿਆ ਕਿ ਅਸੀਂ ਐੱਸ. ਐੱਸ. ਪੀ. ਤਰਨਤਾਰਨ ਪਾਸੋਂ ਇਨਸਾਫ਼ ਦੀ ਮੰਗ ਕਰਦੇ ਹਾਂ ਅਤੇ ਦੋਸ਼ੀ ਵਿਅਕਤੀਆਂ ’ਤੇ ਕਾਰਵਾਈ ਕੀਤੀ ਜਾਵੇਗੀ। ਦੂਸਰੇ ਪਾਸੇ ਜਦੋਂ ਇਸ ਸਬੰਧੀ ਦੂਸਰੀ ਧਿਰ ਦੇ ਵਿਅਕਤੀ ਰਣਜੀਤ ਸਿੰਘ ਤੇ ਸੁਖਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ ’ਤੇ ਲਗਾਏ ਸਾਰੇ ਹੀ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਗੁਰਵਿੰਦਰ ਸਿੰਘ ਉਰਫ ਫਰੀਦੀ ਸਾਡੇ ’ਤੇ ਗਲਤ ਦੋਸ਼ ਲਗਾ ਰਿਹਾ ਹੈ। ਸਾਡੇ ਘਰ ਦੇ ਚਾਰੇ ਪਾਸੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ। ਕੋਈ ਵੀ ਪੁਲਸ ਦਾ ਅਧਿਕਾਰੀ ਜਾਂਚ ਕਰ ਸਕਦਾ ਹੈ। ਗੁਰਵਿੰਦਰ ਸਿੰਘ ਉਰਫ ਫਰੀਦੀ ਸਾਡੇ ’ਤੇ ਗ਼ਲਤ ਪਰਚਾ ਕਰਵਾਉਣਾ ਚਾਹੁੰਦਾ ਹੈ। ਇਸ ਸਬੰਧੀ ਜਦੋਂ ਪੁਲਸ ਚੌਕੀ ਤੂਤ ਦੇ ਇੰਚਾਰਜ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਜਾਂਚ ’ਚ ਆਵੇਗਾ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।