ਨਕਲੀ ਪਨੀਰ ਦੀ ਵਿਕਰੀ ਜ਼ੋਰਾਂ ’ਤੇ ! ਲੋਕਾਂ ਦੀ ਸਿਹਤ ਨਾਲ ਸ਼ਰੇਆਮ ਹੋ ਰਿਹਾ ਖਿਲਵਾੜ

Tuesday, Jul 29, 2025 - 02:37 PM (IST)

ਨਕਲੀ ਪਨੀਰ ਦੀ ਵਿਕਰੀ ਜ਼ੋਰਾਂ ’ਤੇ ! ਲੋਕਾਂ ਦੀ ਸਿਹਤ ਨਾਲ ਸ਼ਰੇਆਮ ਹੋ ਰਿਹਾ ਖਿਲਵਾੜ

ਤਰਨਤਾਰਨ (ਰਮਨ)-ਤਿਉਹਾਰਾਂ ਦਾ ਸੀਜ਼ਨ ਆਉਣ ਦੌਰਾਨ ਜਿੱਥੇ ਵੱਖ-ਵੱਖ ਮਿਠਾਈਆਂ ਨੂੰ ਤਿਆਰ ਕਰਨ ਸਬੰਧੀ ਹਲਵਾਈਆਂ ਦਾ ਕਾਰੋਬਾਰ ਜ਼ੋਰਾਂ ’ਤੇ ਸ਼ੁਰੂ ਹੋ ਚੁੱਕਾ ਹੈ, ਉਥੇ ਹੀ ਸੀਜ਼ਨ ਦੌਰਾਨ ਸਰਹੱਦੀ ਇਲਾਕੇ ਵਿਚ ਨਕਲੀ ਪਨੀਰ ਤਿਆਰ ਕਰਨ ਦਾ ਕਾਰੋਬਾਰ ਵੀ ਜ਼ੋਰਾਂ ’ਤੇ ਸ਼ੁਰੂ ਹੋ ਚੁੱਕਾ ਹੈ। ਇਸ ਨਕਲੀ ਪਨੀਰ ਨੂੰ ਖਾਣ ਨਾਲ ਜਿੱਥੇ ਲੋਕ ਵੱਖ-ਵੱਖ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਉਥੇ ਹੀ ਵਪਾਰੀਆਂ ਦੀ ਚਾਂਦੀ ਹੁੰਦੀ ਨਜ਼ਰ ਆ ਰਹੀ ਹੈ ਪ੍ਰੰਤੂ ਸਿਹਤ ਵਿਭਾਗ ਵੱਲੋਂ ਸਬੰਧਤ ਇਲਾਕਿਆਂ ਵਿਚ ਕੋਈ ਕਾਰਵਾਈ ਨਾ ਕਰਨਾ ਵੱਡਾ ਸਵਾਲ ਪੈਦਾ ਕਰਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਸਮੇਂ ਦੌਰਾਨ ਸੂਬੇ ਭਰ ਵਿਚ ਸਿਹਤ ਵਿਭਾਗ ਵੱਲੋਂ ਪਨੀਰ ਦੇ ਲਏ ਗਏ ਨਮੂਨਿਆਂ ਦੀ ਜਾਂਚ ਕਰਨ ਵਿਚ ਵੱਡੀ ਮਾਤਰਾ ਦੌਰਾਨ ਮਿਲਾਵਟ ਖੋਰੀ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਸਿਹਤ ਵਿਭਾਗ ਨੂੰ ਸਰਹੱਦੀ ਜ਼ਿਲ੍ਹਾ ਤਰਨਤਾਰਨ ਵਿਚ ਠੋਸ ਕਦਮ ਚੁੱਕਣ ਦੀ ਤੁਰੰਤ ਲੋੜ ਹੈ।

ਇਹ ਵੀ ਪੜ੍ਹੋ-  'ਮਹਾਂਪੁਰਸ਼ ਬਹੁਤ ਪਹੁੰਚੇ ਹੋਏ ਹਨ', ਇਹ ਸੁਣਦੇ ਹੀ ਬਜ਼ੁਰਗ ਜੋੜੇ ਨੇ ਆਪਣੇ ਹੱਥੀਂ ਉਜਾੜ ਲਿਆ ਘਰ

ਰੱਖੜੀ ਦੇ ਤਿਉਹਾਰ ਆਉਣ ਦੌਰਾਨ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਰਤੋਂ ਅਤੇ ਇਕ- ਦੂਸਰੇ ਨੂੰ ਉਪਹਾਰ ਦੇਣ ਸਬੰਧੀ ਡਿਮਾਂਡ ਜ਼ਿਆਦਾ ਵੱਧ ਜਾਂਦੀ ਹੈ। ਇਸ ਦੌਰਾਨ ਜਿੱਥੇ ਵੱਖ-ਵੱਖ ਦੁਕਾਨਦਾਰਾਂ (ਸਾਰੇ ਨਹੀਂ) ਵੱਲੋਂ ਘਟੀਆ ਮਟੀਰੀਅਲ ਨਾਲ ਖਾਣ-ਪੀਣ ਵਾਲੀਆਂ ਵਸਤੂ ਤਿਆਰ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਪੱਟੀ, ਹਰੀਕੇ, ਖਡੂਰ ਸਾਹਿਬ ਅਤੇ ਸਰਹੱਦੀ ਇਲਾਕੇ ਵਿਚ ਨਕਲੀ ਪਨੀਰ ਨੂੰ ਤਿਆਰ ਕਰਨ ਤੇ ਦੂਸਰੇ ਜ਼ਿਲਿਆਂ ਤੋਂ ਆਉਣ ਵਾਲੇ ਨਕਲੀ ਪਨੀਰ ਦੀ ਸਪਲਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋਪੰਜਾਬ 'ਚ 53 ਪਟਵਾਰੀਆਂ ਦੇ ਹੋਏ ਤਬਾਦਲੇ

ਸੂਤਰਾਂ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬਾਜ਼ਾਰ ਵਿਚ ਵਿਕਣ ਵਾਲਾ ਨਕਲੀ ਪਨੀਰ ਰਾਤ ਦੇ ਹਨੇਰੇ ਵਿਚ ਵਾਹਨਾਂ ਰਾਹੀਂ ਸਪਲਾਈ ਕਰ ਦਿੱਤਾ ਜਾਂਦਾ ਹੈ। ਜਿਸ ਦੀ ਵਰਤੋਂ ਬਾਅਦ ਵਿਚ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਜੋ ਵੱਖ-ਵੱਖ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜਾਣਕਾਰੀ ਦੇ ਅਨੁਸਾਰ ਸਰਹੱਦੀ ਇਲਾਕਾ ਭਿੱਖੀਵਿੰਡ, ਖਾਲੜਾ ਅਤੇ ਇਸ ਦੇ ਆਸ-ਪਾਸ ਇਲਾਕੇ ਵਿਚ ਨਕਲੀ ਪਨੀਰ ਦੀ ਵਿਕਰੀ ਧੜੱਲੇ ਨਾਲ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਦੂਸਰੇ ਜ਼ਿਲੇ ਤੋਂ ਵਾਹਨਾਂ ਦੀ ਮਦਦ ਨਾਲ ਪਨੀਰ ਦੀ ਸਪਲਾਈ ਕੀਤੀ ਜਾਂਦੀ ਹੈ, ਜੋ ਵੱਖ-ਵੱਖ ਹਲਵਾਈਆਂ ਦੀਆਂ ਦੁਕਾਨਾਂ ਉਪਰ ਪਹੁੰਚ ਜਾਂਦਾ ਹੈ।

ਇਹ ਵੀ ਪੜ੍ਹੋਪੰਜਾਬ 'ਚ ਵੱਡਾ ਘਪਲਾ: 340 ਜਾਅਲੀ NOCs ਮਾਮਲੇ ’ਚ ਦੋ ਹੋਰ ਅਧਿਕਾਰੀ ਸਸਪੈਂਡ

ਇਸ ਸਬੰਧੀ ਗੱਲਬਾਤ ਕਰਦੇ ਹੋਏ ਕਾਮਰੇਡ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਰਹੱਦੀ ਇਲਾਕੇ ਵਿਚ ਜਿੱਥੇ ਨਕਲੀ ਪਨੀਰ ਦੀ ਵਰਤੋਂ ਧੜੱਲੇ ਨਾਲ ਕੀਤੀ ਜਾ ਰਹੀ ਹੈ, ਉਥੇ ਹੀ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਬੀਤੇ ਕਰੀਬ ਦੋ ਸਾਲ ਤੋਂ ਮਹੀਨਾਂ ਵੀ ਕਥਿਤ ਤੌਰ ਉਪਰ ਉਗਰਾਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਧੜੱਲੇ ਨਾਲ ਹੋ ਰਿਹਾ ਹੈ ਪ੍ਰੰਤੂ ਸਿਹਤ ਵਿਭਾਗ ਦੇ ਕਰਮਚਾਰੀ ਕਥਿਤ ਤੌਰ ਉਪਰ ਰਿਸ਼ਵਤ ਦੀ ਵਸੂਲੀ ਕਰਦੇ ਹੋਏ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਇਹ ਮਹੀਨਾ ਮੋਟੇ ਕਾਰੋਬਾਰ ਕਰਨ ਵਾਲੇ ਕਰਿਆਨਾ, ਡੇਅਰੀ, ਹਲਵਾਈ, ਬੇਕਰੀ ਆਦਿ ਵਾਲਿਆਂ ਪਾਸੋਂ ਵਸੂਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਰਹੱਦੀ ਜ਼ਿਲ੍ਹੇ ਵਿਚ ਵਿਕ ਰਹੇ ਨਕਲੀ ਪਨੀਰ ਅਤੇ ਇਕੱਠੇ ਕੀਤੇ ਜਾ ਰਹੇ ਮਹੀਨੇ ਉਪਰ ਡਿਪਟੀ ਕਮਿਸ਼ਨਰ ਵੱਲੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਿਹਤ ਵਿਭਾਗ ਨੂੰ ਸਖਤ ਆਦੇਸ਼ ਜਾਰੀ ਕੀਤੇ ਜਾ ਰਹੇ ਹਨ ਕਿ ਉਹ ਮਿਲਾਵਟ ਖੋਰਾਂ ਖਿਲਾਫ ਸਖਤ ਕਾਰਵਾਈ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News