ਖੰਡਰ ਬਣਿਆ ਬੁਲਾਰੀਆ ਪਾਰਕ ਮੁੜ-ਸੁਰਜੀਤੀ ਦਾ ਬੇਸਬਰੀ ਨਾਲ ਕਰ ਰਿਹਾ ਇੰਤਜ਼ਾਰ

03/30/2022 4:47:01 PM

ਅੰਮ੍ਰਿਤਸਰ (ਅਨਜਾਣ) : ਅੱਜ ਤੋਂ 100 ਸਾਲ ਪਹਿਲਾਂ ਸਕੱਤਰੀ ਬਾਗ਼ ਤੇ ਹੁਣ ਸਵਰਗੀ ਰਮਿੰਦਰ ਸਿੰਘ ਬੁਲਾਰੀਆ ਪਾਰਕ ਦੇ ਨਾਂ ਨਾਲ ਜਾਣਿਆ ਜਾਂਦਾ ਖੰਡਰ ਬਣਿਆ ਪਾਰਕ ਆਪਣੀ ਮੁੜ ਸੁਰਜੀਤੀ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਪਾਰਕ ਦਾ ਨਾਂ ਅਕਾਲੀ ਸਰਕਾਰ ਸਮੇਂ ਰਮਿੰਦਰ ਸਿੰਘ ਬੁਲਾਰੀਆ ਦੇ ਸਪੁੱਤਰ ਤੇ ਹਲਕਾ ਦੱਖਣੀ ਦੇ ਰਹਿ ਚੁੱਕੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਬਦਲਵਾ ਕੇ ਆਪਣੇ ਪਿਤਾ ਰਮਿੰਦਰ ਸਿੰਘ ਬੁਲਾਰੀਆ ਦੇ ਨਾਂ 'ਤੇ ਰਖਵਾਇਆ ਸੀ ਤੇ ਕਰੋੜਾਂ ਦੀ ਲਾਗਤ ਨਾਲ ਇਸ ਬਾਗ਼ ਦਾ ਸੁੰਦਰੀਕਰਨ ਕੀਤਾ ਗਿਆ ਸੀ, ਜੋ ਹੁਣ ਖੰਡਰਨੁਮਾ ਬਣਿਆ ਆਪਣੀ ਦਾਸਤਾਨ ਬਿਆਨ ਕਰ ਰਿਹਾ ਹੈ। ਪਾਰਕ ਵਿਚ ਕਿਸੇ ਸਮੇਂ ਤਕਰੀਬਨ ਇਕ ਹਜ਼ਾਰ ਤੋਂ ਉੱਪਰ ਲੋਕ ਸੈਰ ਕਰਨ ਆਇਆ ਕਰਦੇ ਸਨ ਤੇ ਹੁਣ ਸਿਰਫ਼ ਡੇਢ-ਦੋ ਸੌ ਹੀ ਰਹਿ ਗਏ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਾਸੀਆਂ ਨੂੰ ਅੱਜ ਦੇਣਗੇ ਵੱਡਾ ਤੋਹਫ਼ਾ, ਜਲਦ ਹੋਵੇਗਾ ਐਲਾਨ

PunjabKesari

1200X300 ਫੁੱਟ ਏਰੀਏ 'ਚ ਬਣੇ ਇਸ ਪਾਰਕ ਦੀ ਮੁੜ ਸੁਰਜੀਤੀ ਲਈ ਪਿਛਲੀ ਸਰਕਾਰ 'ਚ ਵਿਧਾਇਕ ਰਹਿ ਚੁੱਕੇ ਇੰਦਰਬੀਰ ਸਿੰਘ ਬੁਲਾਰੀਆ ਨੇ ਪਬਲਿਕ ਦੀ ਸਹੂਲਤ ਲਈ ਪਾਰਕ ਵਿਚ ਪਲਾਜ਼ਾ, ਓਲੰਪਿਕ ਟ੍ਰੈਕ, ਫੁੱਟਬਾਲ ਦਾ ਮੈਦਾਨ ਤੇ ਜਿੰਮ ਬਣਾਉਣ ਲਈ ਸਰਕਾਰ ਕੋਲੋਂ ਮਨਜ਼ੂਰੀ ਲਈ ਸੀ, ਜਿਸ ਵਿਚ 175X250 ਫੁੱਟ ਜਗ੍ਹਾ ਵਿਚ ਪਲਾਜ਼ੇ ਦਾ ਢਾਂਚਾ ਖੜ੍ਹਾ ਕਰ ਦਿੱਤਾ ਗਿਆ ਹੈ ਤੇ 400 ਮੀਟਰ ਦੇ ਓਲੰਪਿਕ ਟ੍ਰੈਕ ਦੇ ਨਾਲ ਫੁੱਟਬਾਲ ਦਾ ਮੈਦਾਨ ਤੇ ਜਿੰਮ ਵੀ ਬਣਾਇਆ ਜਾਣਾ ਸੀ। ਇਸ ਦੇ ਨਾਲ ਹੀ ਪਾਰਕ ਦਾ ਸੁੰਦਰੀਕਰਨ ਵੀ ਕੀਤਾ ਜਾਣਾ ਸੀ, ਜਿਸ ਦਾ ਵਾਅਦਾ 2022 ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਬਣਾਉਣ ਬਾਰੇ ਕੀਤਾ ਗਿਆ ਸੀ। ਨਵੀਂ ਸਰਕਾਰ ਵੀ ਆ ਚੁੱਕੀ ਹੈ ਪਰ ਖੰਡਰ ਬਣੇ ਪਾਰਕ ਦੀ ਆਬੋ-ਹਵਾ ਮਾੜੀ ਹੋਣ ਕਾਰਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਡਾ. ਓਬਰਾਏ ਨੇ ਰੁਸਤਮ-ਏ-ਹਿੰਦ ਪਹਿਲਵਾਨ ਦੇ ਬੇਸਹਾਰਾ ਪਰਿਵਾਰ ਦੀ ਫੜੀ ਬਾਂਹ

ਕਰੋੜਾਂ ਦੀ ਲਾਗਤ ਨਾਲ ਬਣਿਆ ਮਿਊਜ਼ੀਕਲ ਫੁਹਾਰਾ ਬੇਕਾਰ
ਪਾਰਕ 'ਚ ਕਰੋੜਾਂ ਦੀ ਲਾਗਤ ਨਾਲ ਬਣਿਆ ਮਿਊਜ਼ੀਕਲ ਤੇ ਲਾਈਟਨਿੰਗ ਫੁਹਾਰਾ ਬੇਕਾਰ ਹੋਇਆ ਪਿਆ ਹੈ ਤੇ ਨਾਲ ਬਣੀ ਬਿਲਡਿੰਗ ਢਹਿ-ਢੇਰੀ ਹੋਈ ਪਈ ਹੈ। ਇਸ ਤੋਂ ਇਲਾਵਾ ਪਾਰਕ ਦੇ ਚਾਰੇ ਪਾਸੇ ਟੀਨਾਂ ਨਾਲ ਰਸਤਾ ਰੋਕ ਕੇ ਪਾਰਕ ਨੂੰ ਪੁੱਟ ਦਿੱਤਾ ਗਿਆ ਹੈ ਤੇ ਪਬਲਿਕ ਵਾਸਤੇ ਸੈਰ ਕਰਨ ਲਈ ਕੋਈ ਜਗ੍ਹਾ ਨਹੀਂ ਛੱਡੀ ਗਈ। ਨਵੇਂ ਲੱਗੇ ਪੰਘੂੜੇ ਵੀ ਟੁੱਟਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ : ਗੁਰਦੁਆਰਾ ਨਾਗੀਆਣਾ ਸਾਹਿਬ ’ਚ ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ ਦੀ ਕੀਤੀ ਕੁੱਟਮਾਰ

PunjabKesari

ਲੋਕਾਂ ਦੀ ਸਹੂਲਤ ਲਈ ਬਣਾਈਆਂ ਟਾਇਲਟਾਂ ਵੀ ਬੰਦ
ਲੋਕਾਂ ਦੀ ਸਹੂਲਤ ਲਈ ਪਾਰਕ 'ਚ ਬਣਾਈਆਂ ਟਾਇਲਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਭਿਖਾਰੀ ਤੇ ਆਵਾਰਾ ਕੁੱਤੇ ਪਾਰਕ ਦੀਆਂ ਦੀਵਾਰਾਂ ਦੇ ਆਸ-ਪਾਸ ਗੰਦ ਫੈਲਾ ਰਹੇ ਹਨ ਤੇ ਸੈਰ ਕਰਨ ਵਾਲਿਆਂ ਨੂੰ ਗੰਦਗੀ ਵਿਚ ਸਾਹ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜੋ ਥੋੜ੍ਹੀ-ਬਹੁਤ ਜਗ੍ਹਾ ਲੋਕਾਂ ਦੇ ਸੈਰ ਕਰਨ ਲਈ ਛੱਡੀ ਗਈ ਹੈ, ਉਥੇ ਕੋਈ ਦਰੱਖਤ ਨਾ ਹੋਣ ਕਾਰਨ ਗਰਮੀ ਦੇ ਮੌਸਮ 'ਚ 6 ਵਜੇ ਹੀ ਧੁੱਪ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਲੋਕ ਸੈਰ ਵੀ ਨਹੀਂ ਕਰ ਪਾਉਂਦੇ। 

ਇਹ ਵੀ ਪੜ੍ਹੋ : ਜਾਇਦਾਦ ਲਈ ਬਜ਼ੁਰਗ ਮਾਪਿਆਂ ਦੀ ਕੀਤੀ ਕੁੱਟਮਾਰ, ਪੀੜਤਾਂ ਨੇ CM ਤੇ ਪੁਲਸ ਤੋਂ ਮੰਗਿਆ ਇਨਸਾਫ਼

ਕੀ ਮੌਜੂਦਾ ਸਰਕਾਰ ਲਵੇਗੀ ਬੁਲਾਰੀਆ ਪਾਰਕ ਦੀ ਸਾਰ!
ਪਾਰਕ 'ਚ ਸੈਰ ਕਰਨ ਆਉਂਦੇ ਲੋਕ ਤੇ ਆਰ. ਐੱਸ. ਬੁਲਾਰੀਆ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸ਼ਰਮਾ, ਜਨਰਲ ਸਕੱਤਰ ਇੰਦਰ ਸਿੰਘ ਮਾਨ, ਮਨਮੋਹਨ ਸਿੰਘ, ਰਾਜਵੰਤ ਕੌਰ, ਮੀਨਾ, ਗੁਲਜ਼ਾਰ ਸਿੰਘ, ਬਲਬੀਰ ਸਿੰਘ, ਸੁਖਦੇਵ ਸਿੰਘ, ਮੁਹੱਬਤ ਰਾਜ, ਅਜੀਤ ਸਿੰਘ, ਅਜੇ ਸੋਨੀ ਆਦਿ ਨੇ ਰੋਸ ਵਜੋਂ ਪਾਰਕ 'ਚ ਮੁਜ਼ਾਹਰਾ ਕੀਤਾ ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਬਾਗ਼ ਦੀ ਹਾਲਤ ਜਲਦੀ ਸੁਧਾਰਨ ਲਈ ਮੰਗ ਪੱਤਰ ਦਿੰਦਿਆਂ ਕਿਹਾ ਕਿ ਕੀ ਮੌਜੂਦਾ ਸਰਕਾਰ ਬੁਲਾਰੀਆ ਪਾਰਕ ਦੀ ਸਾਰ ਲਵੇਗੀ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਜਨਤਾ ਦੀ ਸਿਹਤ ਨੂੰ ਲੈ ਕੇ ਪਾਰਕ ਨੂੰ ਮੁੜ ਸੁਰਜੀਤ ਕਰਨ ਦੇ ਨਾਲ ਸੁੰਦਰੀਕਰਨ ਵੀ ਕੀਤਾ ਜਾਵੇ ਤੇ ਪਾਰਕ ਵਿਚ ਬਣਨ ਵਾਲਾ 400 ਮੀਟਰ ਦਾ ਓਲੰਪਿਕ ਟ੍ਰੈਕ ਤੇ ਫੁੱਟਬਾਲ ਦਾ ਮੈਦਾਨ ਪਾਰਕ ਦੇ ਨਾਲ ਲੱਗਦੀ ਦੂਸਰੀ ਜਗ੍ਹਾ 'ਤੇ ਬਣਾਇਆ ਜਾਵੇ ਤਾਂ ਜੋ ਪਾਰਕ ਵਿਚ ਜਿੱਥੇ ਸੈਰ ਕਰਨ ਲਈ ਜਗ੍ਹਾ ਬਚ ਸਕੇ, ਉਥੇ 100 ਦੇ ਕਰੀਬ ਦਰੱਖਤ ਪੁੱਟਣ ਤੋਂ ਬਚਾਏ ਜਾ ਸਕਣ। ਉਨ੍ਹਾਂ ਕਿਹਾ ਕਿ ਪਾਰਕ ਨੂੰ ਪੁਰਾਣੇ ਬਣੇ ਨਕਸ਼ੇ ਅਨੁਸਾਰ ਬਣਾਇਆ ਜਾਵੇ ਤੇ ਨਕਸ਼ਾ ਡਿਸਪਲੇ ਵੀ ਕੀਤਾ ਜਾਵੇ।

PunjabKesari

ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਕੇਸਾਂ ’ਚ ਕਮੀ ਤੋਂ ਬਾਅਦ ਸਿਹਤ ਸੇਵਾਵਾਂ ਦੀ ਗੱਡੀ ਮੁੜ ਲੀਹ ’ਤੇ ਆਈ

ਬਹੁਤ ਜਲਦ ਸਾਰੇ ਮਸਲਿਆਂ ਨੂੰ ਹੱਲ ਕੀਤਾ ਜਾਵੇਗਾ
ਇਸ ਸਬੰਧੀ ਹਲਕਾ ਵਿਧਾਇਕ ਨਿੱਝਰ ਨੇ ਕਿਹਾ ਕਿ ਬੁਲਾਰੀਆ ਪਾਰਕ ਦਾ ਪ੍ਰਾਜੈਕਟ ਬਹੁਤ ਵਧੀਆ ਹੈ। ਨਵੇਂ ਬਣ ਰਹੇ ਪ੍ਰਾਜੈਕਟ 'ਚ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਸਭ ਦੀਆਂ ਸਹੂਲਤਾਂ ਦਾ ਖਿਆਲ ਰੱਖਿਆ ਜਾਵੇਗਾ ਤੇ ਨਾਲ ਹੀ ਗ੍ਰੀਨਰੀ ਤੇ ਛਾਂ ਦਾ ਵੀ ਖਿਆਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੇ ਧਿਆਨ ਵਿਚ ਮਾਮਲਾ ਆ ਗਿਆ ਹੈ, ਬਹੁਤ ਜਲਦ ਸਾਰੇ ਮਸਲਿਆਂ ਨੂੰ ਹੱਲ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Harnek Seechewal

Content Editor

Related News