ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਲੁੱਟਾਂ-ਖੋਹਾਂ ਕਰਨ ਵਾਲੇ 4 ਮੈਂਬਰ ਕਾਬੂ

03/26/2019 5:57:05 PM

ਅੰਮ੍ਰਿਤਸਰ (ਸੁਮੀਤ) - ਵੱਖ-ਵੱਖ ਥਾਵਾਂ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਅੰਮ੍ਰਿਤਸਰ ਦੀ ਪੁਲਸ ਨੇ ਕਾਬੂ ਕਰਕੇ ਸਫਲਤਾ ਹਾਸਲ ਕੀਤੀ ਹੈ। ਉਕਤ ਲੁਟੇਰਿਆਂ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਚੋਂ ਕੁਝ ਨਕਦੀ, ਹਥਿਆਰ, ਮੋਬਾਈਲ ਫੋਨ ਤੇ ਮੋਟਰਸਾਈਕਲ ਬਰਾਮਦ ਹੋਏ ਹਨ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗਰੁੱਪ ਦੇ ਕੁਝ ਮੈਂਬਰ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ, ਜਿਨ੍ਹਾਂ ਦੀ ਭਾਲ ਪੁਲਸ ਵਲੋਂ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੁਲਸ ਦੀ ਤੀਸਰੀ ਅੱਖ ਕਹੇ ਜਾਂਦੇ ਸੀ.ਸੀ.ਟੀ.ਵੀ. ਦੀ ਮਦਦ ਨਾਲ ਪੁਲਸ ਹੁਣ ਤੱਕ ਕਈ ਮਾਮਲੇ ਸੁਲਝਾ ਚੁੱਕੀ ਹੈ।

ਪੁਲਸ ਨੇ ਦੱਸਿਆ ਕਿ ਲੁੱਟ-ਖੋਹ ਕਰਨ ਵਾਲੇ ਮੁਲਜ਼ਮ ਔਰਤ ਦੇ ਪਰਸ 'ਚੋਂ 60 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਸਨ ਅਤੇ ਲੁੱਟ ਦੀ ਇਹ ਸਾਰੀ ਘਟਨਾ ਉੱਥੇ ਲੱਗੇ ਕੈਮਰੇ 'ਚ ਕੈਦ ਹੋ ਗਈ ਸੀ। ਫੁਟੇਜ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਸ ਨੇ 3 ਲੋਕਾਂ, ਜਿਨਾਂ ਦੀ ਪਛਾਣ ਮਲਕੀਤ ਸਿੰਘ, ਸਰਬਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਨੂੰ ਕਾਬੂ ਕਰ ਲਿਆ। ਇਸੇ ਤਰ੍ਹਾਂ ਮਨੀ ਐਕਸਚੈਜ਼ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਕ ਮੁਲਜ਼ਮ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ, ਜਿਸ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਕਾਬੂ ਕੀਤੇ ਲੁਟੇਰਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
 


rajwinder kaur

Content Editor

Related News