ਸੀਵਰੇਜ ਪਾਉਣ ਲਈ ਅੱਧ-ਵਿਚਾਲੇ ਛੱਡੀ ਸੜਕ, ਮਹੀਨੇ ਮਗਰੋਂ ਵੀ ਅਧੂਰਾ ਕੰਮ

Friday, Nov 22, 2024 - 02:53 PM (IST)

ਸੀਵਰੇਜ ਪਾਉਣ ਲਈ ਅੱਧ-ਵਿਚਾਲੇ ਛੱਡੀ ਸੜਕ, ਮਹੀਨੇ ਮਗਰੋਂ ਵੀ ਅਧੂਰਾ ਕੰਮ

ਅੰਮ੍ਰਿਤਸਰ (ਰਮਨ)-ਗੁਰਦੁਆਰਾ ਸ਼ਹੀਦਾ ਸਾਹਿਬ ਰੋਡ ਨੰਦਨ ਸਿਨੇਮਾ ਦੀ ਬਾਹਰਲੀ ਕੰਧ ’ਤੇ ਸੀਵਰੇਜ ਪਾਉਣ ਲਈ ਸੜਕ ਪੁੱਟਣ ਦਾ ਕੰਮ ਕਰੀਬ ਇਕ ਮਹੀਨਾ ਪਹਿਲਾਂ ਸ਼ੁਰੂ ਹੋਇਆ। ਕਈ ਥਾਵਾਂ ’ਤੇ ਸੀਵਰੇਜ ਪਾਉਣ ਤੋਂ ਬਾਅਦ ਉਨ੍ਹਾਂ ਨੂੰ ਮਿੱਟੀ ਨਾਲ ਭਰ ਦਿੱਤਾ ਗਿਆ ਅਤੇ ਕਈ ਥਾਵਾਂ ’ਤੇ ਸੜਕਾਂ ਨੂੰ ਕੁਝ ਦੂਰੀ ਤੱਕ ਪੁੱਟ ਕੇ ਛੱਡ ਦਿੱਤਾ ਗਿਆ, ਜਿਸ ਕਾਰਨ ਲੋਕਾਂ ਦਾ ਸੜਕ ’ਤੇ ਚੱਲਣਾ ਮੁਸ਼ਕਿਲ ਹੋ ਗਿਆ ਹੈ।

ਖ਼ਰਾਬ ਸੜਕ ਕਾਰਨ ਨਾ ਸਿਰਫ਼ ਧੂੜ-ਮਿੱਟੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਆਵਾਜਾਈ ਵਿਚ ਵੀ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਪੈਣ ’ਤੇ ਹੋਰ ਵੀ ਡਰ ਬਣਿਆ ਹੋਇਆ ਹੈ। ਕਈ ਵਾਰ ਇੱਥੋਂ ਲੰਘਦੇ ਵਾਹਨ ਸਵਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਨਿਗਮ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਿਗਮ ਮੁਲਾਜ਼ਮਾਂ, ਉੱਚ ਅਧਿਕਾਰੀਆਂ ਅਤੇ ਕੌਂਸਲਰਾਂ ਵੱਲੋਂ ਸਿਰਫ਼ ਭਰੋਸਾ ਹੀ ਮਿਲ ਰਿਹਾ ਹੈ। ਗੇਟ ਹਕੀਮਾ ਦੇ ਨੰਦਨ ਸਿਨੇਮਾ ਦੀ ਮੁੱਖ ਸੜਕ ਤੋਂ ਗੁਰਦੁਆਰਾ ਸ਼ਹੀਦਾ ਸਾਹਿਬ ਨੂੰ ਜਾਂਦੀ ਸੜਕ ’ਤੇ ਦਿਨ-ਰਾਤ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ।

ਇਹ ਵੀ ਪੜ੍ਹੋ- ਨਵੇਂ ਪ੍ਰਧਾਨ ਦਾ ਐਲਾਨ ਕਰਦਿਆਂ CM ਮਾਨ ਨੇ ਆਖੀਆਂ ਵੱਡੀਆਂ ਗੱਲਾਂ

ਧੂੜ ਕਾਰਨ ਇੱਥੇ ਰਹਿਣ ਵਾਲੇ ਬਜ਼ੁਰਗਾਂ ਨੂੰ ਹੁਣ ਦਮੇ ਦੀ ਸ਼ਿਕਾਇਤ ਹੋਣ ਲੱਗੀ ਹੈ। ਇਸ ਤੋਂ ਇਲਾਵਾ ਘਰਾਂ ਅੱਗੇ ਪੁੱਟੇ ਗਏ ਟੋਇਆਂ ਕਾਰਨ ਲੋਕ ਆਪਣੇ ਵਾਹਨ ਵੀ ਬਾਹਰ ਨਹੀਂ ਕੱਢ ਪਾਉਂਦੇ। ਦਰਅਸਲ ਇਹ ਸੜਕ ਸੀਵਰੇਜ ਪਾਉਣ ਲਈ ਪੁੱਟੀ ਗਈ ਸੀ। ਸੀਵਰੇਜ ਪਾਉਣ ਦਾ ਕੰਮ ਕਰੀਬ ਇਕ ਮਹੀਨੇ ਤੋਂ ਪੂਰਾ ਨਹੀਂ ਹੋਇਆ, ਸੜਕ ਦਾ ਕੰਮ ਨਾ ਹੋਣ ਕਾਰਨ ਇੱਥੋਂ ਲੰਘਣ ਵਾਲੇ ਵਾਹਨਾਂ ਨੂੰ ਲੱਗਦੇ ਭਾਰੀ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਆਉਣ ਵਾਲਿਆਂ ਲਈ ਅਹਿਮ ਖ਼ਬਰ: 24 ਨਵੰਬਰ ਨੂੰ ਬੰਦ ਰਹੇਗੀ ਇਹ ਸੜਕ

ਜਗ ਬਾਣੀ ਟੀਮ ਦੇ ਇੱਥੇ ਪੁੱਜਣ ’ਤੇ ਇਲਾਕਾ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਲੋਕਾਂ ਨੇ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਕੰਮ ਲਗਭਗ ਠੱਪ ਪਿਆ ਹੈ। ਨਗਰ ਨਿਗਮ ਮੁਲਾਜ਼ਮਾਂ ਨੇ ਇਕ ਹਫ਼ਤੇ ਵਿਚ ਕੰਮ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਕ ਮਹੀਨਾ ਬੀਤ ਗਿਆ ਹੈ।  ਲੋਕਾਂ ਨੇ ਦੱਸਿਆ ਕਿ ਇਸ ਸੜਕ ’ਤੇ ਲੱਗੀਆਂ ਸਟਰੀਟ ਲਾਈਟਾਂ ਪਿਛਲੇ ਕਈ ਦਿਨਾਂ ਤੋਂ ਬੰਦ ਪਈਆਂ ਹਨ ਅਤੇ ਰਾਤ ਸਮੇਂ ਵੱਡੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਗੁਰਦੁਆਰਾ ਸ਼ਹੀਦਾਂ ਸਾਹਿਬ ਨੂੰ ਜਾਣ ਲਈ ਸ਼ਰਧਾਲੂਆਂ ਨੂੰ, ਬੱਚਿਆਂ ਨੂੰ ਸਕੂਲ ਜਾਣ ਲਈ ਅਤੇ ਕੰਮਕਾਜੀ ਲੋਕ ਆਪਣੇ ਕੰਮ ’ਤੇ ਜਾਣ ਲਈ ਲੰਬੇ ਟ੍ਰੈਫਿਕ ਜਾਮ ਕਾਰਨ ਬਹੁਤ ਪ੍ਰੇਸ਼ਾਨੀ ਮਹਿਸੂਸ ਕਰਦੇ ਹਨ। ਸੀਵਰੇਜ ਲਾਈਨ ਵਿਛਾਉਣ ਅਤੇ ਸੜਕ ਦੀ ਮੁਰੰਮਤ ਦਾ ਕੰਮ ਇੱਕ ਮਹੀਨੇ ਵਿੱਚ ਵੀ ਪੂਰਾ ਨਹੀਂ ਹੋ ਸਕਿਆ। ਇਲਾਕਾ ਵਾਸੀ ਇਸ ਤੋਂ ਤੰਗ ਆ ਚੁੱਕੇ ਹਨ।

ਇਹ ਵੀ ਪੜ੍ਹੋ- ਫ਼ੌਜਣ ਨੇ ਆਸ਼ਕਾਂ ਨੂੰ ਘਰ ਬੁਲਾ ਕੇ ਮਰਵਾ 'ਤਾ ਫ਼ੌਜੀ ਪਤੀ

ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਇਸ ਖਰਾਬ ਸੜਕ ਕਾਰਨ ਕਈ ਵਾਰ ਛੋਟੇ-ਮੋਟੇ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਭਰੋਸਿਆਂ ਤੋਂ ਇਲਾਵਾ ਨਿਗਮ ਪ੍ਰਸ਼ਾਸਨ ਵੱਲੋਂ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ। ਸ਼ਾਇਦ ਨਿਗਮ ਪ੍ਰਸ਼ਾਸਨ ਅਤੇ ਕਰਮਚਾਰੀ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News