29 ਦਿਨ ਪਹਿਲਾਂ ਭਰਤੀ ਹੋਏ ਰੰਗਰੂਟ ਵਿਨੋਦ ਦੀ ਟ੍ਰੇਨਿੰਗ ਦੌਰਾਨ ਮੌਤ

Thursday, Jan 17, 2019 - 02:50 AM (IST)

ਦੀਨਾਨਗਰ  (ਕਪੂਰ)-  ਡੋਗਰਾ ਗਰੁੱਪ ਦੇ ਰੰਗਰੂਟ ਵਿਨੋਦ ਸਿੰਘ ਜੋ ਕਿ 29 ਦਿਨ ਪਹਿਲਾਂ ਭਰਤੀ ਹੋ ਕੇ ਡੋਗਰਾ ਸੈਂਟਰ ਫੈਜ਼ਾਬਾਦ ਵਿਖੇ ਟ੍ਰੇਨਿੰਗ ਕਰ ਰਹੇ ਸਨ। ਟ੍ਰੇਨਿੰਗ ਦੌਰਾਨ ਤੇਜ਼ ਬੁਖਾਰ ਹੋਣ ਨਾਲ ਬੀਤੀ ਰਾਤ ਉਸਦੀ ਮੌਤ ਹੋ ਗਈ। ਅੱਜ ਉਸ ਦੇ ਪਿੰਡ ਘਰੋਟਾ ਵਿਖੇ ਪੂਰੇ ਸੈਨਿਕ ਸਨਮਾਨ ਨਾਲ ਉਸ ਦਾ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਤਿਰੰਗੇ  ’ਚ ਲਪੇਟੇ ਹੋਏ ਵਿਨੋਦ ਦੇ ਸਰੀਰ ਨੂੰ ਜਦੋਂ ਪਿੰਡ ਘਰੋਟਾ ਵਿਖੇ ਲਿਆਂਦਾ ਗਿਆ ਤਾਂ ਸਾਰੇ ਪਿੰਡ ’ਚ ਮਾਤਮ ਪਸਰ ਗਿਆ ਅਤੇ ਬਾਜ਼ਾਰ ਵੀ ਉਸ ਦੇ ਸਨਮਾਨ ’ਚ ਬੰਦ ਹੋ ਗਏ। ਮ੍ਰਿਤਕ ਦੀ ਮਾਤਾ ਊਸ਼ਾ ਦੇਵੀ ਅਤੇ ਭੈਣਾਂ ਪੂਜਾ ਅਤੇ ਆਰਤੀ ਦੀਆਂ ਚੀਖਾਂ ਪੱਥਰਾਂ ਦਾ ਕਲੇਜ਼ਾ  ਛਲਨੀ ਕਰ ਰਹੀਆਂ ਸਨ। ਸੈਨਾ ਦੀ 147 ਲਾਈਟ ਏ.ਡੀ. ਯੁੂਨਿਟ ਦੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਹਵਾ ’ਚ ਗੋਲੀਆਂ  ਚਲਾਉਂਦੇ ਹੋਏ ਬਿਗੁਲ ਦੀ ਮਾਤਮੀ ਧੁੰਨ ਨਾਲ ਮ੍ਰਿਤਕ ਸੈਨਿਕ ਨੂੰ ਸਲਾਮੀ ਦਿੱਤੀ।  ਸੈਨਾ ਦੀ  147 ਲਾਈਟ ਯੁੂਨਿਟ ਦੇ ਕੈਪਟਨ ਦਿਵੇਸ਼ ਬਾਂਸਲ, ਨਾਇਬ ਸੂਬੇਦਾਰ ਓਮ ਪ੍ਰਕਾਸ਼ ਅਤੇ ਡੋਗਰਾ ਗਰੁੱਪ ਵਲੋਂ ਸੂਬੇਦਾਰ ਰਾਜੇਸ਼ ਕੁਮਾਰ ਦੇ ਇਲਾਵਾ ਸ਼ਹੀਦ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਰੀਥ ਚਡ਼੍ਹਾ ਕੇ ਮ੍ਰਿਤਕ ਸੈਨਿਕ ਨੂੰ ਸ਼ਰਧਾਂਜਲੀ ਭੇਟ ਕੀਤੀ। ਤਿਰੰਗੇ ’ਚ ਲਪੇਟੇ ਪਾਰਥਿਵ ਸਰੀਰ ਨੂੰ ਦੇਖ ਮਾਂ ਊਸ਼ਾ ਜੋ ਕਿ ਬੇਟੇ ਦੇ ਲਈ ਉਸਦੀ ਪਤਨੀ ਲਿਆਉਣ ਦਾ ਸਪਨਾ ਪਾਲ ਬੈਠੀ ਸੀ, ਅੱਜ ਉਸ ਮੰਦਭਾਗੀ ਮਾਂ ਨੇ ਮ੍ਰਿਤਕ ਬੇਟੇ ਦੇ ਸਿਰ ਸਿਹਰਾ ਬੰਨ ਕੇ ਜਦੋਂ ਉਸ ਨੂੰ ਵਿਦਾਈ ਦਿੱਤੀ ਤਾਂ ਹਰ ਅੱਖ ਨਮ ਹੋ ਉੱਠੀ। ਹਰ ਕੋਈ ਇਹ ਕਹਿ ਰਿਹਾ ਸੀ ਕਿ ਭਗਵਾਨ ਕਿਸੇ ਨੂੰ ਇਹ ਦਿਨ ਨਾ ਦਿਖਾਵੇ।
 


Related News