ਪਹਾੜਾਂ ਤੋਂ ਤੇਜ਼ੀ ਨਾਲ ਆ ਰਹੇ ਪਾਣੀ ਕਾਰਨ ਨੱਕੋ-ਨੱਕ ਭਰਿਆ ਪੌਂਗ ਡੈਮ

Sunday, Aug 10, 2025 - 03:13 PM (IST)

ਪਹਾੜਾਂ ਤੋਂ ਤੇਜ਼ੀ ਨਾਲ ਆ ਰਹੇ ਪਾਣੀ ਕਾਰਨ ਨੱਕੋ-ਨੱਕ ਭਰਿਆ ਪੌਂਗ ਡੈਮ

ਗੁਰਦਾਸਪੁਰ (ਹਰਮਨ)- ਪਿਛਲੇ ਦਿਨੀਂ ਪਹਾੜੀ ਇਲਾਕੇ ’ਚ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਹਿਮਾਚਲ ਅੰਦਰ ਕਈ ਥਾਵਾਂ 'ਤੇ ਭਾਰੀ ਤਬਾਹੀ ਹੋਈ ਹੈ, ਉਸ ਦੇ ਨਾਲ ਹੀ ਬਿਆਸ ਦਰਿਆ 'ਤੇ ਬਣੇ ਡੈਮਾਂ 'ਚ ਬਰਸਾਤ ਦਾ ਪਾਣੀ ਇਕੱਠਾ ਹੋਣ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿਚੋਂ ਲੰਘਦੇ ਬਿਆਸ ਦਰਿਆ ਵਿਚ ਵੀ ਪਾਣੀ ਛੂਕ ਰਿਹਾ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਪੌਂਗ ਡੈਮ ਵਿਚ ਪਹਾੜਾਂ ਤੋਂ ਤੇਜ਼ੀ ਨਾਲ ਆ ਰਹੇ ਪਾਣੀ ਕਾਰਨ ਇਹ ਡੈਮ ਨੱਕੋ-ਨੱਕ ਭਰਿਆ ਹੋਇਆ ਹੈ। ਜਿਸ ਵਿਚੋਂ ਰੋਜ਼ਾਨਾ ਛੱਡੇ ਜਾ ਰਹੇ 40 ਤੋਂ 45 ਹਜ਼ਾਰ ਕਿਊਸਿਕ ਪਾਣੀ ਕਾਰਨ ਬਿਆਸ ਦਰਿਆ ਵਿਚ ਵੀ ਪਿਛਲੇ ਕਈ ਦਿਨਾਂ ਤੋਂ ਭਾਰੀ ਮਾਤਰਾ ਵਿਚ ਪਾਣੀ ਲਗਾਤਾਰ ਵਗ ਰਿਹਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ ਮਾਲਕ ਨੂੰ ਗੋਲੀਆਂ ਨਾਲ ਭੁੰਨਿਆ

ਇਸ ਕਾਰਨ ਪ੍ਰਸ਼ਾਸਨ ਵੱਲੋਂ ਬਿਆਸ ਦਰਿਆ ਦੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਅਤੇ ਨਾਲ ਹੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਫਿਲਹਾਲ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਕਿਸੇ ਵੀ ਜਗ੍ਹਾ ’ਤੇ ਕੋਈ ਖ਼ਤਰਾ ਨਹੀਂ ਹੈ। ਜ਼ਿਲਾ ਪ੍ਰਸ਼ਾਸਨ ਨੇ ਗੁਰਦਾਸਪੁਰ ਜ਼ਿਲਾ ਵਿਚੋਂ ਗੁਜ਼ਰਦੇ ਬਿਆਸ ਦਰਿਆ ਦੇ ਧੁੱਸੀ ਬੰਨ੍ਹ ਦੀ ਨਿਗਰਾਨੀ ਕਰਨ ਲਈ ਵੀ ਸਬੰਧਤ ਵਿਭਾਗਾਂ ਨੂੰ ਚੌਕਸ ਰਹਿਣ ਦੇ ਆਦੇਸ਼ ਦਿੱਤੇ ਹੋਏ ਹਨ ਅਤੇ ਨਾਲ ਹੀ ਹੜ੍ਹ ਕੰਟਰੋਲ ਰੂਮ ਸਮੇਤ ਹੋਰ ਟੀਮਾਂ ਦਾ ਗਠਨ ਕਰਕੇ ਹਰ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਵੀ ਕਮਰ ਕੱਸੀ ਹੋਈ ਹੈ।

ਕੀ ਹੈ ਪੌਂਗ ਡੈਮ ਦੀ ਸਥਿਤੀ?

ਦੱਸਣਯੋਗ ਹੈ ਕਿ ਪੌਂਗ ਡੈਮ ਵਿਚ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਪਹਾੜੀ ਖੇਤਰਾਂ ਤੋਂ ਆਉਣ ਵਾਲਾ ਬਰਸਾਤ ਦਾ ਪਾਣੀ ਇਕੱਠਾ ਹੁੰਦਾ ਹੈ। ਇਸ ਡੈਮ ’ਤੇ ਬਿਜਲੀ ਉਤਪਾਦਨ ਕਰਨ ਤੋਂ ਬਾਅਦ ਇਹ ਪਾਣੀ ਅੱਗੇ ਛੱਡਿਆ ਜਾਂਦਾ ਹੈ ਜੋ ਬਿਆਸ ਦਰਿਆ ਵਿੱਚ ਆ ਕੇ ਮਿਲਦਾ ਹੈ। ਇਸ ਡੈਮ ਵਿਚ ਕੁੱਲ 1390 ਫੁੱਟ ਤੱਕ ਪਾਣੀ ਭਰ ਸਕਦਾ ਹੈ ਅਤੇ ਇਸ ਵੇਲੇ ਪਾਣੀ ਦਾ ਪੱਧਰ 1376 ਫੁੱਟ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਡੈਮ ਪ੍ਰਸ਼ਾਸਨ ਵੱਲੋਂ ਲਗਾਤਾਰ ਨੇੜਲੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਚੌਕਸ ਰਹਿਣ ਲਈ ਕਈ ਵਾਰ ਸੂਚਿਤ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨਹੀਂ ਹੋਵੇਗੀ ਸਰਕਾਰੀ ਛੁੱਟੀ, ਖੁੱਲ੍ਹੇ ਰਹਿਣਗੇ ਦਫ਼ਤਰ

ਡਰੇਨਜ ਵਿਭਾਗ ਦੇ ਐਕਸੀਅਨ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ ਅਤੇ ਜੇਕਰ ਪਹਾੜੀ ਖੇਤਰ ਵਿਚ ਜ਼ਿਆਦਾ ਬਰਸਾਤ ਨਹੀਂ ਹੁੰਦੀ ਤਾਂ ਡੈਮ ਵਿਚ ਪਾਣੀ ਦਾ ਪੱਧਰ ਬਹੁਤ ਜਲਦੀ ਘੱਟ ਹੋ ਜਾਵੇਗਾ ਅਤੇ ਸਥਿਤੀ ਆਮ ਵਾਂਗ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਬਰਸਾਤ ਜ਼ਿਆਦਾ ਹੁੰਦੀ ਹੈ ਤਾਂ ਹੋ ਸਕਦਾ ਹੈ ਕਿ ਡੈਮ ਵਿਚ ਪਾਣੀ ਦਾ ਪੱਧਰ ਵੱਧ ਜਾਵੇ, ਪਰ ਇਸ ਦੇ ਬਾਵਜੂਦ ਵੀ ਅਜੇ ਖ਼ਤਰੇ ਵਾਲੀ ਗੱਲ ਨਹੀਂ ਹੈ, ਕਿਉਂਕਿ ਬਿਆਸ ਦਰਿਆ ਵਿਚ ਇਸ ਵੇਲੇ ਕੁਝ ਦਿਨਾਂ ਤੋਂ 70 ਤੋਂ 75 ਹਜ਼ਾਰ ਕਿਊਸਿਕ ਪਾਣੀ ਹੀ ਵਗ ਰਿਹਾ ਹੈ, ਜਦੋਂ ਕਿ ਇਸ ਦਰਿਆ ਵਿਚ ਡੇਢ ਲੱਖ ਕਿਊਸਿਕ ਤੋਂ ਵੀ ਵੱਧ ਪਾਣੀ ਆਸਾਨੀ ਨਾਲ ਵਗ ਸਕਦਾ ਹੈ।

ਉਨ੍ਹਾਂ ਕਿਹਾ ਕਿ ਪੌਂਗ ਡੈਮ ਵਿਚੋਂ ਰੋਜ਼ਾਨਾ 40 ਤੋਂ 45 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਬਿਆਸ ਦਰਿਆ ਵਿਚ ਚੱਕੀ ਸਮੇਤ ਹੋਰ ਨਾਲਿਆਂ ਤੋਂ ਆਉਂਦਾ ਪਾਣੀ ਮਿਲਾ ਕੇ ਇਸ ਵੇਲੇ ਕਈ ਦਿਨਾਂ ਤੋਂ ਔਸਤਨ 70 ਤੋਂ 80 ਹਜ਼ਾਰ ਕਿਊਸਿਕ ਪਾਣੀ ਦੀ ਮਾਤਰਾ ਰਹਿ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਮੀਂਹ ਪੈਣ ਕਾਰਨ 1 ਲੱਖ ਕਿਊਸਿਕ ਤੱਕ ਪਾਣੀ ਵੀ ਇਸ ਦਰਿਆ ਵਿਚੋਂ ਲੰਘਿਆ ਸੀ ਪਰ ਉਸ ਤੋਂ ਬਾਅਦ ਪਾਣੀ ਦਾ ਪੱਧਰ ਲਗਾਤਾਰ ਘੱਟ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਆਸ ਦਰਿਆ ਦੇ ਸਮੁੱਚੇ ਧੁੱਸੀ ਬੰਨ੍ਹ ਦਾ ਨਿਰੀਖਣ ਕੀਤਾ ਗਿਆ ਹੈ ਅਤੇ ਕਿਤੇ ਵੀ ਕੋਈ ਖ਼ਤਰੇ ਵਾਲੀ ਗੱਲ ਨਹੀਂ ਹੈ, ਪਰ ਸਾਵਧਾਨੀ ਵਜੋਂ ਦਰਿਆ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਆਉਣ ਵਾਲੇ 4 ਦਿਨਾਂ ਦਾ ਹਾਲ

ਰਾਵੀ ਸਮੇਤ ਹੋਰ ਦਰਿਆਵਾਂ ਅਤੇ ਨਾਲਿਆਂ ਦੀ ਸਥਿਤੀ

ਐਕਸੀਅਨ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਰਾਵੀ ਦਰਿਆ ਵਿਚ ਇਸ ਵੇਲੇ ਪਾਣੀ ਦੀ ਸਥਿਤੀ ਬਿਲਕੁਲ ਆਮ ਵਾਂਗ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਬੜੀ ਮੁਸ਼ਕਲ ਨਾਲ 13 ਤੋਂ 14 ਕਿਊਸਿਕ ਪਾਣੀ ਰਾਵੀ ਦਰਿਆ ਵਿਚ ਵਗ ਰਿਹਾ ਹੈ, ਜਦੋਂ ਕਿ ਪਿਛਲੇ ਦਿਨੀਂ ਇਸ ਦਰਿਆ ਵਿਚੋਂ ਵੀ 80 ਹਜ਼ਾਰ ਤੋਂ ਇੱਕ ਲੱਖ ਕਿਊਸਿਕ ਪਾਣੀ ਲੰਘਿਆ ਸੀ। ਉਨ੍ਹਾਂ ਕਿਹਾ ਕਿ ਰਣਜੀਤ ਸਾਗਰ ਡੈਮ ਵਿਚ ਵੀ ਪਾਣੀ ਦਾ ਪੱਧਰ ਕਾਫ਼ੀ ਘੱਟ ਗਿਆ ਹੈ, ਜਿਸ ਕਾਰਨ ਰਾਵੀ ਅਤੇ ਉੱਜ ਦਰਿਆ ਦੇ ਨੇੜਲੇ ਇਲਾਕਿਆਂ ਵਿਚ ਕਿਸੇ ਕਿਸਮ ਦਾ ਕੋਈ ਖ਼ਤਰਾ ਨਹੀਂ ਹੈ।

ਗੁਰਦਾਸਪੁਰ ਜ਼ਿਲੇ ਵਿਚੋਂ ਗੁਜ਼ਰਦੇ ਸੱਕੀ ਨਾਲੇ, ਗੱਦੀ ਨਾਲੇ, ਕਿਰਨ ਨਾਲੇ ਸਮੇਤ ਹੋਰ ਵੱਖ-ਵੱਖ ਡਰੇਨਾਂ ਬਾਰੇ ਉਨ੍ਹਾਂ ਕਿਹਾ ਕਿ ਬਰਸਾਤਾਂ ਪੈਣ ਕਾਰਨ ਕੁਝ ਨਾਲਿਆਂ ਵਿਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਸੀ, ਜਿਸ ਕਾਰਨ ਡਰੇਨਾਂ ਦੇ ਨੇੜਲੇ ਖੇਤਾਂ ਵਿਚ ਵੀ ਪਾਣੀ ਆ ਗਿਆ ਸੀ। ਪਰ ਬਰਸਾਤ ਨਾ ਹੋਣ ਕਾਰਨ ਇਹ ਪਾਣੀ ਆਸਾਨੀ ਨਾਲ ਨਿਕਲ ਗਿਆ ਹੈ ਅਤੇ ਹੁਣ ਵੱਖ-ਵੱਖ ਡਰੇਨਾਂ ਵਿਚ ਵੀ ਪਾਣੀ ਦਾ ਪੱਧਰ ਕਾਫ਼ੀ ਹੇਠਾਂ ਹੋ ਗਿਆ ਹੈ।

ਬਰਸਾਤ ਦੇ ਬਾਵਜੂਦ ਪ੍ਰੇਸ਼ਾਨ ਕਰ ਰਿਹਾ ਹੁੰਮਸ

ਗੁਰਦਾਸਪੁਰ ਅਤੇ ਆਸ-ਪਾਸ ਦੇ ਇਲਾਕੇ ਵਿਚ ਬੇਸ਼ੱਕ ਇੱਕ-ਦੋ ਦਿਨਾਂ ਦੇ ਵਕਫ਼ੇ ਨਾਲ ਲਗਾਤਾਰ ਦਰਮਿਆਨੀ ਤੋਂ ਭਾਰੀ ਬਰਸਾਤ ਹੋ ਰਹੀ ਹੈ, ਪਰ ਇਸ ਦੇ ਬਾਵਜੂਦ ਇਲਾਕੇ ਵਿਚ ਹੁੰਮਸ ਲੋਕਾਂ ਨੂੰ ਬੇਹੱਦ ਪਰੇਸ਼ਾਨ ਕਰ ਰਿਹਾ ਹੈ। ਇਸ ਇਲਾਕੇ ਵਿੱਚ ਦਿਨ ਦਾ ਔਸਤ ਤਾਪਮਾਨ 34 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਗਿਆ ਹੈ, ਜਦੋਂ ਕਿ ਰਾਤ ਦਾ ਔਸਤ ਤਾਪਮਾਨ 26 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਹੈ। ਆਉਣ ਵਾਲੇ ਹਫ਼ਤੇ ਦੌਰਾਨ ਇਹ ਤਾਪਮਾਨ 33 ਤੋਂ 34 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿੱਚ ਨਮੀ ਦੀ ਮਾਤਰਾ 63 ਫੀਸਦੀ ਦੇ ਕਰੀਬ ਦੱਸੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News