ਫੌਰੀ ਅਤੇ ਮੁਸਤੈਦ ਕਾਰਵਾਈ ਸਦਕਾ ਵੱਡੀ ਵਾਰਦਾਤ ਨੂੰ ਟਾਲਣ ''ਚ ਸਫ਼ਲ ਹੋਈ ਪੁਲਸ : DGP ਗੌਰਵ ਯਾਦਵ

Tuesday, Nov 04, 2025 - 08:30 PM (IST)

ਫੌਰੀ ਅਤੇ ਮੁਸਤੈਦ ਕਾਰਵਾਈ ਸਦਕਾ ਵੱਡੀ ਵਾਰਦਾਤ ਨੂੰ ਟਾਲਣ ''ਚ ਸਫ਼ਲ ਹੋਈ ਪੁਲਸ : DGP ਗੌਰਵ ਯਾਦਵ

ਚੰਡੀਗੜ੍ਹ/ਅੰਮ੍ਰਿਤਸਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਚਲਦਿਆਂ ਵੱਡੀ ਸਫਲਤਾ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਪਾਕਿਸਤਾਨ ਤੋਂ ਚੱਲ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਭਾਰਤ-ਪਾਕਿਸਤਾਨ ਸਰਹੱਦ ਨੇੜੇ ਰਾਵੀ ਦਰਿਆ ਨੇੜਲੇ ਪਿੰਡ ਘੋਨੇਵਾਲ ਤੋਂ ਆਧੁਨਿਕ ਹਥਿਆਰਾਂ ਅਤੇ ਭਾਰੀ ਮਾਤਰਾ ਵਿੱਚ ਗੋਲੀ ਸਿੱਕਾ ਬਰਾਮਦ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਪੁਲਸ (ਡੀਜੀਪੀ) ਪੰਜਾਬ ਗੌਰਵ ਯਾਦਵ ਮੰਗਲਵਾਰ ਨੂੰ  ਦਿੱਤੀ।

ਬਰਾਮਦ ਕੀਤੇ ਗਏ ਹਥਿਆਰਾਂ ਅਤੇ ਗੋਲੀ ਸਿੱਕੇ ਵਿੱਚ 2 ਏਕੇ-ਸੀਰੀਜ਼ ਅਸਾਲਟ ਰਾਈਫਲਾਂ ਦੇ ਸਮੇਤ 8 ਮੈਗਜ਼ੀਨ, ਇੱਕ .30 ਬੋਰ ਪਿਸਤੌਲ ਸਮੇਤ ਦੋ ਮੈਗਜ਼ੀਨ ਅਤੇ .30 ਬੋਰ ਦੇ 50 ਜਿੰਦਾ ਕਾਰਤੂਸ ਅਤੇ 7.62 ਐਮਐਮ ਦੇ 245 ਜਿੰਦਾ ਕਾਰਤੂਸ ਸ਼ਾਮਲ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਪਾਕਿ-ਸਮਰਥਿਤ ਅੱਤਵਾਦੀਆਂ ਅਤੇ ਗਿਰੋਹਾਂ ਦੀਆਂ ਆਪਸੀ ਦੁਸ਼ਮਣੀਆਂ ਦੀਆਂ ਵਧ ਰਹੀਆਂ ਗਤੀਵਿਧੀਆਂ ਬਾਰੇ ਹਾਲ ਹੀ ਵਿੱਚ ਪ੍ਰਾਪਤ ਜਾਣਕਾਰੀ ਦੇ ਮੱਦੇਨਜ਼ਰ, ਪੰਜਾਬ ਪੁਲਿਸ ਵੱਲੋਂ ਕੀਤੀ ਗਈ ਇਸ ਫੌਰੀ ਅਤੇ ਮੁਸਤੈਦ ਕਾਰਵਾਈ ਸਦਕਾ ਵੱਡੀ ਵਾਰਦਾਤ ਹੋਣ ਤੋਂ ਟਲ ਗਈ ਹੈ ।

ਡੀਜੀਪੀ ਨੇ ਕਿਹਾ ਕਿ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਸਮੇਤ ਪੂਰੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਅਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਡੀ.ਆਈ.ਜੀ. ਬਾਰਡਰ ਰੇਂਜ ਸੰਦੀਪ ਗੋਇਲ ਨੇ ਕਿਹਾ ਕਿ ਸਰਹੱਦ ਪਾਰੋਂ ਆਧੁਨਿਕ ਹਥਿਆਰਾਂ ਦੀ ਖੇਪ ਦੀ ਆਮਦ ਬਾਰੇ ਪੁਖ਼ਤਾ ਇਤਲਾਹ ਤੇ ਕਾਰਵਾਈ ਕਰਦਿਆਂ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਦੀ ਅਗਵਾਈ ਵਿਚ ਪੁਲਸ ਟੀਮਾਂ ਨੇ ਪਿੰਡ ਘੋਨੇਵਾਲ ਦੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਵਿੱਢੀ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ, ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਰਾਵੀ ਦਰਿਆ  ਦੇ ਨੇੜਿਓਂ ਆਧੁਨਿਕ ਹਥਿਆਰਾਂ ਅਤੇ ਗੋਲੀ ਸਿੱਕੇ ਵਾਲਾ ਇੱਕ ਬੈਗ ਬਰਾਮਦ ਕੀਤਾ ਗਿਆ।

ਐੱਸ.ਐੱਸ.ਪੀ. ਮਨਿੰਦਰ ਸਿੰਘ ਨੇ ਕਿਹਾ ਕਿ ਬਰਾਮਦ ਕੀਤੇ ਗਏ ਹਥਿਆਰਾਂ ਅਤੇ ਗੋਲੀ ਸਿੱਕੇ ਦੇ ਸਰੋਤਾਂ ਅਤੇ ਹਥਿਆਰ ਪਹੰਚਾਏ ਜਾਣ ਵਾਲੇ ਟਿਕਾਣੇ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਬਰਾਮਦਗੀਆਂ ਅਤੇ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।   

ਇਸ ਸਬੰਧ ਵਿੱਚ ਐੱਫਆਈਆਰ ਨੰਬਰ 174 ਮਿਤੀ 04/11/2025 ਨੂੰ ਆਰਮਜ਼ ਐਕਟ ਦੀ ਧਾਰਾ 25(8) ਅਤੇ ਬੀਐੱਨਐੱਸ ਦੀ ਧਾਰਾ 113 ਤਹਿਤ ਪੁਲਸ ਸਟੇਸ਼ਨ ਰਾਮਦਾਸ ਵਿਖੇ ਕੇਸ ਦਰਜ ਕੀਤਾ ਗਿਆ ਹੈ।


author

Rakesh

Content Editor

Related News