ਥਾਣਾ ਸਰਹਾਲੀ RPG ਦਾ ਮਾਮਲਾ: ਨੈੱਟਵਰਕ ਤੋੜਦੇ ਹੋਏ ਲੱਖਾਂ ਰੁਪਏ ਹੋ ਸਕਦੇ ਬਰਾਮਦ, ਛਾਪੇਮਾਰੀ ਲਈ ਟੀਮਾਂ ਰਵਾਨਾ

01/02/2023 2:15:40 PM

ਤਰਨਤਾਰਨ (ਰਮਨ)- ਜ਼ਿਲ੍ਹੇ ਦੇ ਥਾਣਾ ਸਰਹਾਲੀ ਵਿਖੇ ਕੀਤੇ ਗਏ ਆਰ.ਪੀ.ਜੀ ਹਮਲੇ ਸਬੰਧੀ ਜਿੱਥੇ ਪੁਲਸ ਨੇ ਹੁਣ ਤੱਕ 2 ਨਾਬਾਲਿਗਾਂ ਸਮੇਤ ਕੁੱਲ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਪਾਸੋਂ ਇਕ ਜ਼ਿੰਦਾ ਆਰ.ਪੀ.ਜੀ ਲਾਂਚਰ, ਦੋ ਮੋਟਰ ਸਾਈਕਲ, ਦੋ ਪਿਸਤੌਲ, ਇਕ ਦੇਸੀ ਕੱਟਾ, 3 ਜ਼ਿੰਦਾ ਰੌਂਦ ਅਤੇ ਹੋਰ ਸਾਮਾਨ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਵਲੋਂ ਹਾਸਲ ਕੀਤੇ ਗਏ ਰਿਮਾਂਡ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਬੀਤੇ ਸ਼ਨੀਵਾਰ ਗ੍ਰਿਫ਼ਤਾਰ ਕੀਤੇ ਮੁਲਜ਼ਮ ਵਿਦੇਸ਼ ’ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਅਤੇ ਸਤਬੀਰ ਸਿੰਘ ਸੱਤਾ ਦੇ ਨਿਰਦੇਸ਼ਾਂ ਉੱਪਰ ਵੱਖ-ਵੱਖ ਲੋਕਾਂ ਪਾਸੋਂ ਮੰਗੀ ਗਈ ਲੱਖਾਂ ਰੁਪਏ ਦੀ ਫ਼ਿਰੌਤੀ ਵਾਲੀ ਰਕਮ ਨੂੰ ਇਕੱਤਰ ਕਰਨ ਵਿਚ ਅਹਿਮ ਭੂਮੀਕਾ ਨਿਭਾਉਂਦੇ ਹਨ। ਜ਼ਿਕਰਯੋਗ ਹੈ ਕਿ ਪੁਲਸ ਵਲੋਂ ਆਉਣ ਵਾਲੇ ਦਿਨਾਂ ’ਚ ਲੱਖਾਂ ਰੁਪਏ ਦੀ ਨਕਦੀ ਬਰਾਮਦ ਕਰਨ ਅਤੇ ਹੋਰ ਮੁਲਜ਼ਮ ਗ੍ਰਿਫ਼ਤਾਰ ਹੋਣ ਦੇ ਸੰਕੇਤ ਨਜ਼ਰ ਆ ਰਹੇ ਹਨ, ਜਿਸ ਨਾਲ ਫ਼ਿਰੌਤੀ ਦਾ ਨੈੱਟਵਰਕ ਟੁੱਟ ਸਕਦਾ ਹੈ।

ਇਹ ਵੀ ਪੜ੍ਹੋ- ਨਵੇਂ ਸਾਲ ਦੀ ਆਮਦ ਮੌਕੇ ਭਾਰਤੀ ਸਰਹੱਦ 'ਤੇ ਮੁੜ ਡਰੋਨ ਨੇ ਦਿੱਤੀ ਦਸਤਕ, BSF ਨੇ ਕੀਤੀ ਤਾਬੜਤੋੜ ਫ਼ਾਇਰਿੰਗ

ਜਾਣਕਾਰੀ ਅਨੁਸਾਰ ਬੀਤੀ 9 ਸਤੰਬਰ ਦੀ ਰਾਤ 11 ਵਜੇ ਨੈਸ਼ਨਲ ਹਾਈਵੇ ਉੱਪਰ ਮੌਜੂਦ ਥਾਣਾ ਸਰਹਾਲੀ ਨੂੰ ਆਰ.ਪੀ.ਜੀ ਲਾਂਚਰ ਨਾਲ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਬਾਬਤ ਪੁਲਸ ਵਲੋਂ ਹੁਣ ਤੱਕ ਕੁੱਲ 14 ਮੁਲਜ਼ਮਾਂ ਨੂੰ ਇਕ ਜ਼ਿੰਦਾ ਲਾਂਚਰ, ਹਥਿਆਰ ਅਤੇ ਦੋ ਮੋਟਰਸਾਈਕਲਾਂ ਸਮੇਤ ਸਮੇਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਥਾਣਾ ਸਰਹਾਲੀ ਉੱਪਰ ਆਰ.ਪੀ.ਜੀ ਲਾਂਚਰ ਨਾਲ ਹਮਲਾ ਕਰਨ ਵਾਲੇ ਦੋ ਨਾਬਾਲਿਗ ਸ਼ੂਟਰਾਂ ਨੂੰ ਟਿਊਬਵੈਲ ਦੇ ਕਮਰੇ ਵਿਚ ਪਨਾਹ ਦੇਣ ਵਾਲੇ ਮੁਲਜ਼ਮ ਹਰਮਨ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਸੈਦੋ ਨੂੰ ਗ੍ਰਿਫ਼ਤਾਰ ਕਰਦੇ ਹੋਏ ਤਿੰਨ ਹੋਰ ਮੁਲਜ਼ਮਾਂ ਜਿਨ੍ਹਾਂ ਵਿਚ ਕੁਲਦੀਪ ਸਿੰਘ ਉਰਫ਼ ਲੱਡੂ ਪੁੱਤਰ ਰਣਧੀਰ ਸਿੰਘ, ਅਸ਼ੋਕਦੀਪ ਸਿੰਘ ਉਰਫ਼ ਅਰਸ਼ ਉਰਫ਼ ਮੱਛੀ ਪੁੱਤਰ ਪਰਮਜੀਤ ਸਿੰਘ ਅਤੇ ਗੁਰਸੇਵਕ ਸਿੰਘ ਉਰਫ਼ ਸੇਵਕ ਖ਼ਲੀ ਪੁੱਤਰ ਸਰਵਣ ਸਿੰਘ ਵਾਸੀਆਨ ਪਿੰਡ ਰੂੜ੍ਹੀਵਾਲਾ ਤਰਨਤਾਰਨ ਸ਼ਾਮਲ ਹਨ, ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਗ੍ਰਿਫ਼ਤਾਰ ਕੀਤੇ ਗਏ ਪਿੰਡ ਰੂੜ੍ਹੀਵਾਲਾ ਨਿਵਾਸੀ ਮੁਲਜ਼ਮ ਵਿਦੇਸ਼ ’ਚ ਮੌਜੂਦ ਗੈਂਗਸਟਰ ਸਤਬੀਰ ਸਿੰਘ ਸੱਤਾ ਨਾਲ ਸਬੰਧ ਹੋਣੇ ਸਾਹਮਣੇ ਆਏ ਹਨ, ਜੋ ਗੈਂਗਸਟਰ ਲਖਬੀਰ ਸਿੰਘ ਲੰਡਾ ਵਲੋਂ ਫ਼ਿਰੌਤੀ ਦੇ ਚਲਾਏ ਜਾ ਰਹੇ ਨੈੱਟਵਰਕ ਦੌਰਾਨ ਅਹਿਮ ਭੂਮਿਕਾ ਨਿਭਾਉਂਦੇ ਸਨ। ਇਹ ਮੁਲਜ਼ਮ ਮੰਗੀ ਗਈ ਫ਼ਿਰੌਤੀ ਦੀ ਰਕਮ ਨੂੰ ਇਕੱਤਰ ਕਰਨ ਅਤੇ ਉਸ ਨੂੰ ਕਿਸੇ ਹੋਰ ਜਗ੍ਹਾ ਪਹੁੰਚਾਉਣ ਵਿਚ ਅਹਿਮ ਰੋਲ ਅਦਾ ਕਰਦੇ ਸਨ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਤਿੰਨਾਂ ਮੁਲਜ਼ਮਾਂ ਦੇ ਨਾਲ ਹੋਰ ਕਈ ਸਾਥੀ ਜ਼ਿਲ੍ਹੇ ਤੋਂ ਇਲਾਵਾ ਪੰਜਾਬ ਭਰ ਦੇ ਵੱਖ-ਵੱਖ ਇਲਾਕਿਆਂ ’ਚ ਮੌਜੂਦ ਹਨ ਜੋ ਵਪਾਰੀਆਂ ਪਾਸੋਂ ਇਕੱਤਰ ਕੀਤੀ ਫ਼ਿਰੌਤੀ ਦੀ ਲੱਖਾਂ ਰੁਪਏ ਦੀ ਰਕਮ ਨੂੰ ਇੱਧਰੋਂ-ਉੱਧਰ ਪਹੁੰਚਾਉਣ ਦਾ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ- ਸਰਹਾਲੀ ਥਾਣੇ 'ਤੇ ਹੋਏ RPG ਹਮਲੇ ਮਾਮਲੇ 'ਚ 4 ਹੋਰ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

ਸੂਤਰਾਂ ਅਨੁਸਾਰ ਪੁਲਸ ਨੇ ਇਸ ਨੈੱਟਵਰਕ ਵਿਚ ਜੁੜੇ ਹੋਏ ਵੱਖ-ਵੱਖ ਵਿਅਕਤੀਆਂ ਦੀ ਪਛਾਣ ਕਰਦੇ ਹੋਏ ਪੰਜਾਬ ਤੋਂ ਇਲਾਵਾ ਹੋਰ ਦੂਸਰੇ ਰਾਜਾਂ ਵਿਚ ਟੀਮਾਂ ਰਵਾਨਾ ਕਰ ਦਿੱਤੀਆਂ ਹਨ। ਪੁਲਸ ਵਲੋਂ ਆਰ.ਪੀ.ਜੀ ਹਮਲੇ ਦੇ ਨਾਲ ਜੁੜੇ ਫ਼ਿਰੌਤੀ ਮੰਗਣ ਦੇ ਮਾਮਲੇ ਸਬੰਧੀ ਨੈਟਵਰਕ ਨੂੰ ਤੋੜਣ ਲਈ ਜੀ ਤੋੜ ਮਿਹਨਤ ਜਾਰੀ ਹੈ, ਜਿਸ ਸਬੰਧੀ ਆਉਣ ਵਾਲੇ ਦਿਨਾਂ ’ਚ ਲੱਖਾਂ ਰੁਪਏ ਦੀ ਫ਼ਿਰੌਤੀ ਵਾਲੀ ਰਕਮ ਬਰਾਮਦ ਹੋਣ ਅਤੇ ਹੋਰ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਐੱਸ.ਪੀ ਵਿਸ਼ਾਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਰ.ਪੀ.ਜੀ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਪਾਸੋਂ ਰਿਮਾਂਡ ਦੌਰਾਨ ਪੁੱਛਗਿੱਛ ਜਾਰੀ ਹੈ, ਜਿਸ ਦੌਰਾਨ ਆਉਣ ਵਾਲੇ ਦਿਨਾਂ ’ਚ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


 


Shivani Bassan

Content Editor

Related News