ਤਿਉਹਾਰਾਂ ਨੂੰ ਲੈ ਕੇ ਪੁਲਸ ਨੇ ਵਧਾਈ ਸੁਰੱਖਿਆ, ਚੱਪੇ-ਚੱਪੇ ’ਤੇ ਤਾਇਨਾਤ ਕੀਤੇ ਮੁਲਾਜ਼ਮ

Tuesday, Oct 29, 2024 - 02:36 PM (IST)

ਤਿਉਹਾਰਾਂ ਨੂੰ ਲੈ ਕੇ ਪੁਲਸ ਨੇ ਵਧਾਈ ਸੁਰੱਖਿਆ, ਚੱਪੇ-ਚੱਪੇ ’ਤੇ ਤਾਇਨਾਤ ਕੀਤੇ ਮੁਲਾਜ਼ਮ

ਗੁਰਦਾਸਪੁਰ (ਵਿਨੋਦ)-ਤਿਉਹਾਰਾਂ ਨੂੰ ਲੈ ਕੇ ਪੁਲਸ ਪੁਲਸ ਮੁਖੀ ਦਾਯਮਾ ਹਰੀਸ਼ ਕੁਮਾਰ ਵੱਲੋਂ ਜਿਥੇ ਸ਼ਹਿਰ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਸਖ਼ਤ ਕਰ ਦਿੱਤਾ ਹੈ, ਉੱਥੇ ਪੁਲਸ ਚੱਪੇ-ਚੱਪੇ ’ਤੇ ਮੁਸਤੈਦ ਹੈ ਅਤੇ ਨਾਕੇ ਲਾ ਕੇ ਵਾਹਨਾਂ ਦੀ ਜਾਂਚ ਕਰ ਰਹੀ ਹੈ। ਇਕ ਪਾਸੇ ਖੁਦ ਐੱਸ. ਐੱਸ. ਪੀ. ਵੱਲੋਂ ਸ਼ਹਿਰ ਦੀ ਸੁਰੱਖਿਆ ਕਮਾਨ ਸੰਭਾਲੀ ਹੋਈ ਹੈ, ਉਥੇ ਹੀ ਦੂਜੇ ਪਾਸੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਵੀ ਹਾਈ ਅਲਰਟ ’ਤੇ ਹਨ।

ਜ਼ਿਲ੍ਹਾ ਪੁਲਸ ਗੁਰਦਾਸਪੁਰ ਵੱਲੋਂ ਲਗਾਤਾਰ ਸ਼ਹਿਰ ’ਚ ਨਾਕਾਬੰਦੀ ਕਰ ਕੇ ਵਾਹਨਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ, ਜਨਤਕ ਸਥਾਨਾਂ, ਸਰਕਾਰੀ ਦਫ਼ਤਰਾਂ ’ਚ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਜ਼ਿਲ੍ਹਾ ਪੁਲਸ ਗੁਰਦਾਸਪੁਰ ਵੱਲੋਂ ਬੱਬਰੀ ਬਾਈਪਾਸ ਸਮੇਤ ਸ਼ਹਿਰ ’ਚ ਐਂਟਰੀ ਕਰਨ ਵਾਲੇ ਪੁਆਇੰਟਾਂ ’ਤੇ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਸਖ਼ਤੀ ਦੇ ਨਾਲ ਹਰ ਸ਼ੱਕੀ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਹਰ ਵਾਹਨ ਦੀ ਬਾਰੀਕੀ ਦੇ ਨਾਲ ਜਾਂਚ ਕਰਨ ਦੇ ਹੁਕਮ ਮੁਲਾਜ਼ਮਾਂ ਨੂੰ ਦਿੱਤੇ ਗਏ ਹਨ।

ਇਹ ਵੀ ਪੜ੍ਹੋ-  ਡਿਜੀਟਲ ਇੰਡੀਆ: ਹੁਣ ਟੀਕਾਕਰਨ ਵੀ ਹੋਇਆ ਆਨਲਾਈਨ

ਜ਼ਿਲ੍ਹਾ ਪੁਲਸ ਗੁਰਦਾਸਪੁਰ ਸ਼ਹਿਰ ਦੇ ਹਰ ਖੇਤਰ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਪੂਰੀ ਤਰ੍ਹਾਂ ਸਰਗਰਮ ਦਿਖ ਰਹੀ ਹੈ। ਹਰ ਥਾਣਾ ਅਤੇ ਚੌਕੀ ਇੰਚਾਰਜ ਆਪਣੇ-ਆਪਣੇ ਖੇਤਰ ਦੇ ਹਿਸਟ੍ਰੀਸ਼ੀਟਰਾਂ ਦਾ ਰਿਕਾਰਡ ਖੰਗਾਲ ਰਹੇ ਹਨ। ਕਿਸੇ ਵੀ ਨਾਪਸੰਦ ਘਟਨਾ ਤੋਂ ਪਹਿਲਾਂ ਪੁਲਸ ਆਪਰਾਧਿਕ ਪ੍ਰਵਿਰਤੀ ਰੱਖਣ ਵਾਲੇ ਵਿਅਕਤੀਆਂ ’ਤੇ ਆਪਣੀ ਪੂਰੀ ਨਜ਼ਰ ਬਣਾਏ ਹੋਏ ਹੈ। ਸ਼ਹਿਰ ’ਚ ਚੱਲ ਰਹੇ ਦੜੇ-ਸੱਟੇ ਅਤੇ ਜੂਏੇ ਦੇ ਕਾਰੋਬਾਰ ’ਤੇ ਵੀ ਪੁਲਸ ਪੂਰੀ ਨਜ਼ਰ ਰੱਖ ਰਹੀ ਹੈ। ਇਸ ਦੇ ਇਲਾਵਾ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਹੋਟਲ ਮਾਲਕਾਂ ਨੂੰ ਬਿਨਾਂ ਪਛਾਣ ਪੱਤਰ ਕਮਰਾ ਨਾ ਦੇਣ ਦੀ ਹਦਾਇਤ

ਪੁਲਸ ਵੱਲੋਂ ਹੋਟਲ ਮਾਲਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਕੋਈ ਵੀ ਬਿਨਾਂ ਪਛਾਣ ਪੱਤਰ ਕਿਸੇ ਨੂੰ ਕਮਰਾ ਨਾ ਦੇਵੇ। ਜੇਕਰ ਕੋਈ ਵੀ ਹੋਟਲ ਮਾਲਕ ਅਜਿਹਾ ਕਰਦਾ ਹੈ ਤਾਂ ਉਸ ’ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਾਰੇ ਹੋਟਲਾਂ ਨੂੰ ਆਪਣੇ-ਆਪਣੇ ਕੰਪਲੈਕਸਾਂ ’ਚ 24 ਘੰਟੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚਲਾਏ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਦੀਵਾਲੀ 'ਤੇ ਮਿਲੇਗਾ ਮੁਫ਼ਤ ਸਿਲੰਡਰ, ਕਰੋ ਇਹ ਕੰਮ

ਪੁਲਸ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਵਚਨਬੱਧ : ਐੱਸ. ਐੱਸ. ਪੀ.

ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਦਯਾਮਾ ਹਰੀਸ ਕੁਮਾਰ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਸਮੇਤ ਹੋਰ ਤਿਉਹਾਰਾਂ ਦੇ ਚੱਲਦੇ ਪੁਲਸ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ, ਜਿਸ ਲਈ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਨੂੰਨ ਤੋੜਨ ਵਾਲਿਆਂ ਵਿਰੁੱਧ ਪੁਲਸ ਸਟੇਸ਼ਨਾਂ ਦੇ ਮੁਖੀਆਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮੇਨ ਪੁਆਇੰਟਾਂ ’ਤੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਜੋ ਰਾਤ ਦਿਨ ਵਾਹਨਾਂ ਦੀ ਚੈਕਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਸ ਦੀ ਐਂਟੀ ਸਾਬੋਟੇਜ ਅਤੇ ਡਾਗ ਸਕੁਐਡ ਟੀਮ ਵੱਲੋਂ ਵੀ ਲਗਾਤਾਰ ਬੱਸ ਸਟੈਂਡ, ਸਰਕਾਰੀ ਦਫ਼ਤਰਾਂ, ਰੇਲਵੇ ਸਟੇਸ਼ਨ ਸਮੇਤ ਹੋਰ ਜਨਤਕ ਸਥਾਨਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News