ਪੁਲਸ ਨੇ ਕੱਪੜਾ ਵਪਾਰੀ ਪਾਸੋਂ 20 ਲੱਖ ਰੁਪਏ ਫਿਰੌਤੀ ਮੰਗਣ ਵਾਲੇ ਚਾਰ ਮੈਂਬਰੀ ਗਿਰੋਹ ਦੇ ਦੋ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
Friday, Dec 02, 2022 - 11:14 AM (IST)
ਤਰਨਤਾਰਨ (ਰਮਨ)- ਥਾਣਾ ਸਿਟੀ ਦੀ ਪੁਲਸ ਨੇ ਸਥਾਨਕ ਤਹਿਸੀਲ ਬਾਜ਼ਾਰ ਵਿਖੇ ਮੌਜੂਦ ਇਕ ਕੱਪੜਾ ਵਪਾਰੀ ਪਾਸੋਂ 20 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਚਾਰ ਮੈਂਬਰੀ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ ਖਿਲਾਫ਼ ਮਾਮਲਾ ਦਰਜ ਕਰਦੇ ਹੋਏ ਫ਼ਰਾਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਤਹਿਸੀਲ ਬਾਜ਼ਾਰ ਵਿਖੇ ਮੌਜੂਦ ਕੱਪੜੇ ਦੇ ਵਪਾਰੀ ਚਿਰੰਤਨ ਗੁਪਤਾ ਪੁੱਤਰ ਵਿਪਨ ਗੁਪਤਾ ਨਿਵਾਸੀ ਤਰਨਤਾਰਨ ਨੇ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਬੀਤੀ 26 ਨਵੰਬਰ ਨੂੰ ਹੀ ਉਸ ਦੇ ਮੋਬਾਇਲ ਉੱਪਰ ਇਕ ਅਣਪਛਾਤੇ ਵਿਅਕਤੀ ਵਲੋਂ ਕਾਲ ਕਰਦੇ ਹੋਏ 20 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੰਨ ਕਲਚਰ ਖ਼ਿਲਾਫ਼ ਐਕਸ਼ਨ, 12 ਹਜ਼ਾਰ ਅਸਲਾ ਲਾਇਸੈਂਸਾਂ ਦੀ ਵੈਰੀਫ਼ਿਕੇਸ਼ਨ ਸ਼ੁਰੂ
ਉਨ੍ਹਾਂ ਦੱਸਿਆ ਕਿ ਫ਼ੋਨ ਕਰਨ ਵਾਲੇ ਵਿਅਕਤੀ ਵਲੋਂ ਧਮਕੀ ਦਿੰਦੇ ਹੋਏ ਕਿਹਾ ਗਿਆ ਕਿ ਜੇ ਉਸ ਵਲੋਂ ਫਿਰੌਤੀ ਦੀ ਰਕਮ ਨਾ ਦਿੱਤੀ ਗਈ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਇਸ ਅਣਪਛਾਤੇ ਵਿਅਕਤੀ ਵਲੋਂ ਲਗਾਤਾਰ ਫੋਨ ਕਰਦੇ ਹੋਏ ਫਿਰੌਤੀ ਦੀ ਰਕਮ ਜਲਦ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਐੱਸ.ਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵਲੋਂ ਮਿਲੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਸਾਇਬਰ ਕਰਾਇਮ ਦੀ ਮਦਦ ਲੈਂਦੇ ਹੋਏ ਜਦੋਂ ਇਸ ਦਾ ਪਤਾ ਲਗਾਇਆ ਗਿਆ ਤਾਂ ਸਿਮ ਦਿਲਬਾਗ ਸਿੰਘ ਪੁੱਤਰ ਸੁਲੱਖਣ ਸਿੰਘ ਨਿਵਾਸੀ ਪਿੰਡ ਤੁੜ ਦੇ ਨਾਮ ਨਿਕਲੀ। ਉਨ੍ਹਾਂ ਦੱਸਿਆ ਕਿ ਜਦੋਂ ਪੁਲਸ ਵਲੋਂ ਇਸ ਸਬੰਧੀ ਬਰੀਕੀ ਨਾਲ ਪੁੱਛਗਿੱਛ ਸ਼ੁਰੂ ਕੀਤੀ ਗਈ ਸਾਹਮਣੇ ਆਇਆ ਕਿ ਦਿਲਬਾਗ ਸਿੰਘ ਪੁੱਤਰ ਸੁਲੱਖਣ ਸਿੰਘ ਨਿਵਾਸੀ ਪਿੰਡ ਤੁੜ ਆਪਣੇ ਸਾਲੇ ਹਰਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਮੱਛੀ ਮੰਡੀ ਹਰੀਕੇ ਅਤੇ ਉਸ ਦੇ ਸਾਥੀਆਂ ਬਲਵਿੰਦਰ ਸਿੰਘ ਉਰਫ਼ ਬਿੱਲਾ ਪੁੱਤਰ ਬਲਵੀਰ ਸਿੰਘ ਨਿਵਾਸੀ ਬੇਰੀ ਮੁਹੱਲਾ ਹਰੀਕੇ ਅਤੇ ਸਾਹਿਬ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਗੰਡੀਵਿੰਡ ਧੱਤਲ ਨਾਲ ਮਿਲ ਕੇ 20 ਲੱਖ ਰੁਪਏ ਫਿਰੌਤੀ ਮੰਗ ਰਹੇ ਸਨ।
ਇਹ ਵੀ ਪੜ੍ਹੋ- ਪੰਜਾਬੀਆਂ ਨੂੰ 'ਬੇਵਕੂਫ਼' ਕਹਿਣ ਮਗਰੋਂ ਮੰਤਰੀ ਨਿੱਝਰ ਨੇ ਮੰਗੀ ਮੁਆਫ਼ੀ, ਲੋਕਾਂ 'ਚ ਰੋਸ ਬਰਕਰਾਰ
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵਲੋਂ ਇਸ ਮਾਮਲੇ ਵਿਚ ਦਿਲਬਾਗ ਸਿੰਘ ਅਤੇ ਸਾਹਿਬ ਸਿੰਘ ਨੂੰ ਗ੍ਰਿਫ਼ਤਾਰ ਕਰਦੇ ਹੋਏ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫ਼ਰਾਰ ਬਾਕੀ ਦੋ ਸਾਥੀਆਂ ਨੂੰ ਪੁਲਸ ਵਲੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।