ਦਿਨ-ਦਿਹਾੜੇ ਲੁਟੇਰਿਆਂ ਨੇ ਪੈਟਰੋਲ ਪੰਪ ਕਰਿੰਦਿਆਂ ਤੋਂ ਲੁੱਟੇ ਹਜ਼ਾਰਾਂ ਰੁਪਏ

07/29/2020 7:15:54 PM

ਬਟਾਲਾ,(ਬੇਰੀ)-ਦਿਨ ਦਿਹਾੜੇ ਬਟਾਲਾ-ਸ੍ਰੀ ਹਰਗੋਬਿੰਦਪੁਰ ਰੋਡ 'ਤੇ ਸਥਿਤ ਹਰਪੁਰਾ ਪਿੰਡ ਨੇੜੇ ਮੇਹਰ ਫਿਲਿੰਗ ਸਟੇਸ਼ਨ ਤੋਂ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਵਲੋਂ ਤੇਲ ਪਾਉਣ ਦੇ ਬਹਾਨੇ ਪੰਪ ਦੇ ਕਰਿੰਦਿਆਂ ਤੋਂ 10 ਹਜ਼ਾਰ ਲੁੱਟ ਕੇ ਫਰਾਰ ਹੋ ਗਏ। ਇਸ ਦੌਰਾਨ ਵਾਰਦਾਤ ਮੌਕੇ ਕਰਿੰਦਿਆਂ ਨੇ ਮੁਸਤੈਦੀ ਵਰਤਦਿਆਂ ਇਕ ਲੁਟੇਰੇ ਨੂੰ ਮੌਕੇ 'ਤੇ ਕਾਬੂ ਕਰ ਲਿਆ।

ਇਸ ਸਬੰਧੀ ਪੈਟਰੋਲ ਪੰਪ ਦੇ ਕਰਿੰਦੇ ਦਲਜੀਤ ਸਿੰਘ ਤੇ ਗੋਰਾ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ 200 ਰੁਪਏ ਦਾ ਪੈਟਰੋਲ ਪੁਆਇਆ ਤੇ ਕਿਹਾ ਕਿ ਅਸੀਂ ਬਾਬਾ ਗਊਆਂ ਵਾਲੇ ਪਾਲਾ ਜੀ ਦੇ ਡੇਰੇ 'ਤੇ ਸੇਵਾ ਕਰਨ ਲਈ ਜਾ ਰਹੇ ਹਾਂ ਤੇ ਸਾਡੇ ਕੋਲ ਪੈਸੇ ਨਹੀਂ ਹਨ, ਤੁਸੀਂ ਸਾਡਾ ਮੋਬਾਈਲ ਰੱਖ ਲਓ। ਪੰਪ ਦੇ ਕਰਿੰਦਿਆਂ ਅਨੁਸਾਰ ਜਦ ਉਨ੍ਹਾਂ ਨੇ ਲੁਟੇਰਿਆਂ ਨੂੰ ਕਿਹਾ ਕਿ ਤੁਸੀਂ ਮੋਬਾਇਲ ਦੇ ਜਾਓ ਤਾਂ ਲੁਟੇਰਿਆਂ ਨੇ ਡੰਡਿਆਂ ਨਾਲ ਉਨ੍ਹਾਂ ਦੀ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਕੋਲੋਂ ਕਰੀਬ 10 ਹਜ਼ਾਰ ਰੁਪਏ ਖੋਹ ਲਏ। ਸਥਾਨਕ ਇਕ ਨੌਜਵਾਨ ਨੇ ਮੌਕੇ 'ਤੇ ਆ ਕੇ ਉਨ੍ਹਾਂ ਨੂੰ ਛੁਡਾਇਆ ਅਤੇ ਜਿਸ ਦੌਰਾਨ ਦੋ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਅਤੇ ਇਕ ਨੂੰ ਉਨ੍ਹਾਂ ਨੇ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਦੂਜੇ ਦੋ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ।

ਉਧਰ ਦੂਜੇ ਪਾਸੇ ਕਾਬੂ ਕੀਤੇ ਹੋਏ ਨੌਜਵਾਨ ਤੋਂ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਇਸ ਸਬੰਧੀ ਪੈਟਰੋਲ ਪੰਪ ਦੇ ਮੈਨੇਜ਼ਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਕਿਤੇ ਬਾਹਰ ਗਏ ਹੋਏ ਸਨ ਅਤੇ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੂੰ ਪੈਟਰੋਲ ਪੰਪ 'ਤੇ ਕੰਮ ਕਰਨ ਵਾਲੇ ਨੌਜਵਾਨਾਂ ਨੇ ਸਾਰੀ ਘਟਨਾ ਸਬੰਧੀ ਜਾਣਕਾਰੀ ਦਿੱਤੀ । ਮੈਨੇਜ਼ਰ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਪੈਟਰੋਲ ਪੰਪ ਦੇ ਮਾਲਕਾਂ ਨੂੰ ਸੂਚਿਤ ਕਰ ਦਿੱਤਾ ਹੈ।


Deepak Kumar

Content Editor

Related News