ਪੈਟਰੋਲ ਪੰਪ ਲੁੱਟਣ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ, ਰਾਈਫ਼ਲ ਅਤੇ ਮੋਟਰਸਾਈਕਲ ਬਰਾਮਦ

Monday, Nov 21, 2022 - 10:36 AM (IST)

ਤਰਨਤਾਰਨ (ਰਮਨ)- ਤਰਨਤਾਰਨ ਅਤੇ ਅੰਮ੍ਰਿਤਸਰ ਵਿਖੇ ਪੈਟਰੋਲ ਪੰਪਾਂ ਨੂੰ ਲੁੱਟਣ ਵਾਲੇ ਚਾਰ ਮੈਂਬਰੀ ਗਿਰੋਹ ਦੇ ਦੋ ਮੈਂਬਰਾਂ ਨੂੰ ਥਾਣਾ ਸਦਰ ਤਰਨਤਾਰਨ ਦੀ ਪੁਲਸ ਵਲੋਂ ਗ੍ਰਿਫ਼ਤਾਰ ਕਰਦੇ ਹੋਏ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ, ਜਿਨ੍ਹਾਂ ਪਾਸੋਂ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਜਾਣ ਵਾਲੀ ਰਾਈਫਲ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਮਾਂ-ਧੀ ਨੇ ਨਕਲੀ ਡੀ. ਐੱਸ. ਪੀ. ਬਣ ਕਰ ਦਿੱਤਾ ਵੱਡਾ ਕਾਰਾ, ਪੁਲਸ ਕਰ ਰਹੀ ਹੈ ਭਾਲ

ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਲੁਟੇਰਿਆਂ ਦੇ ਗਿਰੋਹ ਵਲੋਂ ਜ਼ਿਲ੍ਹਾ ਤਰਨਤਾਰਨ ਅਤੇ ਅੰਮ੍ਰਿਤਸਰ ਵਿਖੇ ਸਥਿਤ ਵੱਖ-ਵੱਖ ਪੈਟਰੋਲ ਪੰਪਾਂ ਨੂੰ ਲੁੱਟ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਲਖਵਿੰਦਰ ਸਿੰਘ ਵਾਸੀ ਧਾਰੜ ਜ਼ਿਲ੍ਹਾ ਅੰਮ੍ਰਿਤਸਰ ਅਤੇ ਅੰਗਰੇਜ਼ ਸਿੰਘ ਉਰਫ਼ ਭੋਲਾ ਪੁੱਤਰ ਜਗੀਰ ਸਿੰਘ ਵਾਸੀ ਦੀਨੇਵਾਲ ਜ਼ਿਲ੍ਹਾ ਤਰਨਤਾਰਨ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਪਾਸੋਂ ਇਕ 12 ਬੋਰ ਰਾਈਫ਼ਲ ਅਤੇ ਮੋਟਰਸਾਈਕਲ ਵੀ ਬਰਾਬਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪਠਾਨਕੋਟ ਵਿਖੇ ਡਿਊਟੀ ਦੌਰਾਨ ASI ਦੇ ਗੋਲੀ ਲੱਗਣ ਨਾਲ ਹੋਈ ਮੌਤ

ਥਾਣਾ ਮੁਖੀ ਨੇ ਦੱਸਿਆ ਕਿ ਸ਼ੁਰੂਆਤੀ ਕੋਸ਼ਿਸ਼ ’ਚ ਦੋਵਾਂ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਅਰਸ਼ਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਝਾਮਕਾ ਜ਼ਿਲ੍ਹਾ ਤਰਨਤਾਰਨ ਪਾਸੋਂ ਉਕਤ ਦੋਵੇਂ ਮੁਲਜ਼ਮ 12 ਬੋਰ ਰਾਈਫ਼ਲ ਲੈ ਕੇ ਆਉਂਦੇ ਸਨ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰਾਈਫ਼ਲ ਅਕਾਸ਼ਦੀਪ ਸਿੰਘ ਨੂੰ ਵਾਪਸ ਕਰ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਗਿਰੋਹ ਦਾ ਇਕ ਹੋਰ ਮੈਂਬਰ ਹਰਜੀਤ ਸਿੰਘ ਪੁੱਤਰ ਫੌਜੀ ਵਾਸੀ ਪਿੰਡ ਏਕਲ ਗੱਡਾ ਅਤੇ ਅਕਾਸ਼ਦੀਪ ਸਿੰਘ ਦੀ ਗ੍ਰਿਫ਼ਤਾਰੀ ਸਬੰਧੀ ਵੱਖ-ਵੱਖ ਟੀਮਾਂ ਵਲੋਂ ਛਾਪੇਮਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਲੋਂ ਬੀਤੇ ਸਮੇਂ ਦੌਰਾਨ ਪੈਟਰੋਲ ਪੰਪ ਨੂੰ ਲੁੱਟਣ ਸਬੰਧੀ 9 ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ, ਜਿਨ੍ਹਾਂ ’ਚ ਜੀਓਬਾਲਾ, ਜੋਧਪੁਰ, ਖੱਬੇ ਡੋਗਰਾ, ਨੌਰੰਗਾਬਾਦ, ਅਲਾਵਲਪੁਰ, ਰੈਸ਼ੀਆਣਾ, ਪਿੰਡ ਸ਼ੇਰੋਂ, ਮਾਨਾਂਵਾਲਾ ਅਤੇ ਜੰਡਿਆਲਾ ਗੁਰੂ ਦੇ ਪੈਟਰੋਲ ਪੰਪ ਸ਼ਾਮਲ ਹਨ। ਗ੍ਰਿਫ਼ਤਾਰ ਕੀਤੇ ਗਏ ਬਾਰ੍ਹਵੀਂ ਪਾਸ ਦੋਵੇਂ ਲੁਟੇਰੇ ਨਸ਼ੇ ਦੇ ਆਦੀ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਰਿਮਾਂਡ ਹਾਸਲ ਕਰ ਲਿਆ ਗਿਆ ਹੈ, ਜਿਸ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ। ਇਸ ਮੌਕੇ ਥਾਣੇਦਾਰ ਵੇਦ ਪ੍ਰਕਾਸ਼ ਵੀ ਹਾਜ਼ਰ ਸਨ।


Shivani Bassan

Content Editor

Related News