ਮੋਬਾਇਲ ਫੋਨ ਚੋਰੀ ਕਰਨ ਵਾਲੇ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰਕੇ ਕੀਤਾ ਪੁਲਸ ਹਵਾਲੇ

Sunday, Dec 18, 2022 - 10:59 AM (IST)

ਮੋਬਾਇਲ ਫੋਨ ਚੋਰੀ ਕਰਨ ਵਾਲੇ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰਕੇ ਕੀਤਾ ਪੁਲਸ ਹਵਾਲੇ

ਦੀਨਾਨਗਰ (ਕਪੂਰ)- ਪਿਛਲੇ ਕਈ ਦਿਨਾਂ ਤੋਂ ਹੋ ਰਹੀਆਂ ਚੋਰੀਆਂ ਤੋਂ ਪ੍ਰੇਸ਼ਾਨ ਪਿੰਡ ਅਵਾਂਖਾ ਦੇ ਲੋਕਾਂ ਨੇ ਇਕ ਘਰ ਅੰਦਰੋਂ ਮੋਬਾਇਲ ਫੋਨ ਚੋਰੀ ਹੋਣ ਦੀ ਘਟਨਾ ਵਾਪਰਨ ਮਗਰੋਂ ਆਪ ਹੀ ਹਿੰਮਤ ਕਰਦਿਆਂ ਚੋਰੀ ਕਰਨ ਵਾਲੇ ਨੌਜਵਾਨਾਂ ਨੂੰ ਫੜ੍ਹ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਹਾਲਾਂ ਕਿ ਮੋਬਾਇਲ ਚੋਰੀ ਕਰਨ ਵਾਲਾ ਮੁਖ ਮੁਲਜ਼ਮ ਲੋਕਾਂ ਦੀ ਗ੍ਰਿਫ਼ਤ 'ਚੋਂ ਛੁਟ ਕੇ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ ਪਰ ਲੋਕਾਂ ਨੇ ਉਸਦੇ ਦੋ ਸਾਥੀਆਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ- ਅੱਤਵਾਦੀ ਹਰਵਿੰਦਰ ਰਿੰਦਾ ਨੂੰ ਲੈ ਕੇ ਹੁਣ ਸਾਹਮਣੇ ਆਈ ਇਹ ਗੱਲ

ਜਾਣਕਾਰੀ ਦਿੰਦਿਆਂ ਪਿੰਡ ਅਵਾਂਖਾ ਦੇ ਵਸਨੀਕ ਨਿਤਿਸ਼ ਕੁਮਾਰ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਉਸਦੇ ਮਾਤਾ -ਪਿਤਾ ਦੀ ਮੌਤ ਹੋ ਚੁਕੀ ਹੈ ਅਤੇ ਉਹ ਘਰ ਵਿਚ ਇਕੱਲਾ ਰਹਿੰਦਾ ਹੈ ਅਤੇ ਕੁਝ ਦਿਨ ਪਹਿਲਾਂ ਵੀ ਉਸਦੇ ਗੁਆਂਢ ਵਿਚ ਰਹਿਣ ਵਾਲਾ ਇਕ ਨੌਜਵਾਨ ਜੋ ਕੇ ਨਸ਼ੇ ਅਤੇ ਚੋਰੀਆਂ ਕਰਨ ਦਾ ਆਦੀ ਹੈ ਅਤੇ ਉਸਦੇ ਨਾਲ ਦੋ ਤਿੰਨ ਹੋਰ ਨੌਜਵਾਨ ਹਨ, ਜੋ ਇਕ ਗਿਰੋਹ ਦੇ ਰੂਪ ਵਿਚ ਨਸ਼ਾ ਕਰਨ, ਚੋਰੀਆਂ ਕਰਨ ਅਤੇ ਨਸ਼ਾ ਵੇਚਣ ਆਦਿ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਉਸਦੇ ਘਰ ਅੰਦਰ ਦਾਖ਼ਲ ਹੋ ਕੇ ਗੈਸ ਸਿਲੰਡਰ ਚੋਰੀ ਕਰ ਲਿਆ ਸੀ ਅਤੇ ਅੱਜ ਤੜਕੇ ਵੀ ਉਸਦੇ ਘਰ ਅੰਦਰ ਦਾਖ਼ਲ ਹੋ ਕੇ ਉਸਦਾ ਸਮਾਰਟ ਫੋਨ ਚੋਰੀ ਕਰ ਲਿਆ ਅਤੇ ਫ਼ਰਾਰ ਹੋ ਗਿਆ ਸੀ ਪਰ ਉਸਨੇ ਉਕਤ ਨੌਜਵਾਨ ਨੂੰ ਮੋਬਾਇਲ ਫੋਨ ਚੋਰੀ ਕਰ ਕੇ ਦੌੜਦੇ ਹੋਏ ਵੇਖ ਲੈਣ ਮਗਰੋਂ ਰੌਲਾ ਪਾ ਦਿੱਤਾ।

ਇਹ ਵੀ ਪੜ੍ਹੋ- ਜਲੰਧਰ ਵਿਖੇ ਗੁਰੂ ਘਰ ’ਚ ਵਾਪਰੀ ਘਟਨਾ ਸਬੰਧੀ ਸ਼੍ਰੋਮਣੀ ਕਮੇਟੀ ਨੇ ਸੱਦੀ ਇਕੱਤਰਤਾ

ਜਿਸ ਮਗਰੋਂ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਉਕਤ ਨੌਜਵਾਨ ਅਤੇ ਉਸਦੇ ਸਾਥੀਆਂ ਦੀ ਭਾਲ ਵਿਚ ਲੱਗ ਗਏ ਅਤੇ ਕੁਝ ਹੀ ਦੇਰ ਮਗਰੋਂ ਉਨ੍ਹਾਂ ਨੂੰ ਉਕਤ ਨੌਜਵਾਨ ਅਤੇ ਉਸਦੇ ਦੋ ਹੋਰ ਸਾਥੀ ਮਿਲ ਗਏ। ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਫੜ੍ਹ ਕੇ ਉਕਤ ਚੋਰੀ ਹੋਇਆ ਮੋਬਾਇਲ ਫੋਨ ਬਰਾਮਦ ਕਰ ਲਿਆ ਪਰ ਇਸੇ ਦੌਰਾਨ ਮੋਬਾਇਲ ਫੋਨ ਚੋਰੀ ਕਰਨ ਵਾਲਾ ਨੌਜਵਾਨ ਜੋ ਕਿ ਉਕਤ ਗਿਰੋਹ ਦਾ ਸਰਗਨਾ ਵੀ ਹੈ, ਮੌਕੇ ਤੋਂ ਛੁਡਾ ਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ।ਇਸ ਮੌਕੇ ਇਕੱਠੇ ਹੋਏ ਪਿੰਡ ਦੇ ਲੋਕਾਂ ‘ਆਪ’ ਆਗੂ ਪ੍ਰਦੀਪ ਠਾਕੁਰ, ਕੁਲਦੀਪ ਠਾਕੁਰ, ਜੋਨੀ ਠਾਕੁਰ ਅਤੇ ਰਾਜ ਕੁਮਾਰ ਨੇ ਦੱਸਿਆ ਕਿ ਉਕਤ ਗਿਰੋਹ ਨੇ ਪਿੰਡ ਦੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ, ਜੋ ਸ਼ਰੇਆਮ ਬਿਨਾਂ ਕਿਸੇ ਖੌਫ਼ ਦੇ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਦੇ ਇਲਾਵਾ ਨਸ਼ੇ ਦਾ ਕਾਰੋਬਾਰ ਵੀ ਕਰ ਰਹੇ ਹਨ। ਫਿਲਹਾਲ ਪੁਲਸ ਨੇ ਉਕਤ ਨੌਜਵਾਨਾਂ ਨੂੰ ਹਿਰਾਸਤ ਵਿਚ ਲੈਣ ਮਗਰੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News