ਪਠਾਨਕੋਟ ਪੁਲਸ ਦੇ ਹਾਸਲ ਕੀਤੀ ਸਫ਼ਲਤਾ, ਚੋਰੀ ਦੇ ਅੱਠ ਮੋਟਰਸਾਈਕਲਾਂ ਸਮੇਤ ਤਿੰਨ ਦੋਸ਼ੀਆਂ ਨੂੰ ਕੀਤਾ ਕਾਬੂ
Friday, Aug 25, 2023 - 01:03 PM (IST)
ਪਠਾਨਕੋਟ (ਸ਼ਾਰਦਾ)- ਪਠਾਨਕੋਟ ਪੁਲਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਇਲਾਕੇ 'ਚ ਚੋਰੀਆਂ ਕਰਨ ਵਾਲੇ ਬਦਨਾਮ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪਠਾਨਕੋਟ ਪੁਲਸ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਇੱਕ ਬਦਨਾਮ ਕਬਾੜੀਏ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਅੱਠ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਫੜੇ ਗਏ ਵਿਅਕਤੀਆਂ ਦੀ ਪਛਾਣ ਗੌਰਵ ਉਰਫ਼ ਖਾਂਡੂ ਵਾਸੀ ਲਹਿਰੀ ਮਹੰਤ, ਹਰਜੀਤ ਸਿੰਘ (ਸਕਰੈਪ ਡੀਲਰ) ਵਾਸੀ ਨਵੀਂ ਆਬਾਦੀ ਸੁਜਾਨਪੁਰ ਪਠਾਨਕੋਟ ਅਤੇ ਮੁਕੇਸ਼ ਉਰਫ਼ ਸਾਲੂ ਵਾਸੀ ਸੁੰਦਰ ਚੱਕ ਵਜੋਂ ਹੋਈ ਹੈ। ਗੌਰਵ ਉਰਫ ਖਾਂਡੂ ਕੋਲ ਚੋਰੀ ਅਤੇ ਗਬਨ ਦਾ ਪੁਰਾਣਾ ਰਿਕਾਰਡ ਹੈ, ਜਿਸ ਦਾ ਪਤਾ ਜਾਂਚ ਦੌਰਾਨ ਸਾਹਮਣੇ ਆਇਆ ਹੈ। ਇਸ ਅਪ੍ਰੇਸ਼ਨ ਦੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਸ ਪਠਾਨਕੋਟ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਸਫ਼ਲ ਆਪ੍ਰੇਸ਼ਨ ਦੀ ਅਗਵਾਈ ਐੱਸ.ਐੱਚ.ਓ ਥਾਣਾ ਸਦਰ ਹਰਪ੍ਰੀਤ ਕੌਰ ਬਾਜਵਾ ਨੇ ਡੀਐਸਪੀ ਦਿਹਾਤੀ ਸੁਖਜਿੰਦਰ ਸਿੰਘ ਦੀ ਦੇਖ-ਰੇਖ ਹੇਠ ਕੀਤੀ ਹੈ। ਪੁਲਸ ਟੀਮ ਵੱਲੋਂ ਅੱਡਾ ਸਰਨਾ ਵਿਖੇ ਰੂਟੀਨ ਚੈਕਿੰਗ ਕੀਤੀ ਜਾ ਰਹੀ ਸੀ ਤਦ ਬਿਨਾਂ ਨੰਬਰ ਪਲੇਟ ਵਾਲੇ ਹੀਰੋ ਹਾਂਡਾ ਡੀਲਕਸ ਮੋਟਰਸਾਈਕਲ 'ਤੇ ਸਵਾਰ ਦੋ ਸ਼ੱਕੀ ਵਿਅਕਤੀ ਦੇਖੇ ਗਏ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਨੂੰ ਵੱਡੀ ਰਾਹਤ, ਹਾਈਕੋਰਟ ਨੇ ਰੱਦ ਕੀਤੀ FIR
ਪੁਲਸ ਦੀ ਮੌਜੂਦਗੀ ਨੂੰ ਦੇਖ ਕੇ ਸ਼ੱਕੀ ਵਿਅਕਤੀਆਂ ਨੇ ਪਿੱਛੇ ਹੱਟਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਦਬੋਚ ਲਿਆ। ਜਦੋਂ ਉਨ੍ਹਾਂ ਦੀ ਪਛਾਣ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਗਲਤ ਜਾਣਕਾਰੀ ਦੇ ਕੇ ਅਧਿਕਾਰੀਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਮੋਟਰਸਾਈਕਲ ਕੁਝ ਦਿਨ ਪਹਿਲਾਂ ਅੱਡਾ ਝਖੋਲਾਹੜੀ ਤੋਂ ਚੋਰੀ ਹੋਇਆ ਸੀ। ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਨੇੜਲੇ ਸਕਰੈਪ ਡੀਲਰ ਨੂੰ ਵੇਚ ਦਿੰਦੇ ਸਨ। ਬਾਈਕ ਦੀ ਸਥਿਤੀ 'ਤੇ ਨਿਰਭਰ ਕਰਦੇ ਹੋਏ, ਇਹ ਕਬਾੜੀਆਂ ਜਾਂ ਤਾਂ ਚੰਗੇ ਵਾਹਨ ਦਾ ਚੈਸੀ ਨੰਬਰ ਬਦਲ ਦਿੰਦਾ ਸੀ ਅਤੇ ਮਾੜੇ ਵਾਹਨ ਨੂੰ ਮੈਲਟ ਕਰ ਦਿੰਦਾ ਸੀ।
ਇਹ ਵੀ ਪੜ੍ਹੋ- ਦੇਸ਼ ਲਈ ਪਾਕਿ 'ਚ ਜਾਸੂਸੀ ਕਰਨ ਵਾਲੇ 8 ਜਾਸੂਸਾਂ 'ਚੋਂ 6 ਨੇ ਦੁਨੀਆ ਨੂੰ ਕਿਹਾ ਅਲਵਿਦਾ, 2 ਦੀ ਹਾਲਾਤ ਬਦ ਤੋਂ ਬਦਤਰ
ਪੁਲਸ ਨੇ ਤੁਰੰਤ ਸਕਰੈਪ ਡੀਲਰ ਦੇ ਅਹਾਤੇ 'ਤੇ ਛਾਪੇਮਾਰੀ ਕਰਕੇ ਚੋਰੀ ਹੋਏ ਬਾਈਕ ਬਰਾਮਦ ਕੀਤੇ ਅਤੇ ਇਸ ਮਾਮਲੇ ਦੇ ਸਬੰਧ ਵਿੱਚ ਉਸ ਉੱਪਰ ਮਕੁੱਦਮਾ ਦਰਜ ਕੀਤਾ ਗਿਆ ਹੈ। ਸਿੱਟੇ ਵਜੋਂ ਤਿੰਨਾਂ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਪਠਾਨਕੋਟ ਵਿਖੇ ਆਈਪੀਸੀ ਦੀ ਧਾਰਾ 379 ਅਤੇ 411 ਤਹਿਤ ਕੇਸ ਦਰਜ ਕੀਤਾ ਗਿਆ ਹੈ। ਹੋਰ ਪੁੱਛ-ਗਿੱਛ ਦੌਰਾਨ ਮੁਲਜ਼ਮ ਗੌਰਵ ਨੇ ਮੋਟਰਸਾਈਕਲ ਚੋਰੀ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲੀ ਹੈ। ਫੜੇ ਗਏ ਵਿਅਕਤੀਆਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਮਾਮਲੇ ਦੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਐੱਸਐੱਸਪੀ ਖੱਖ ਵੱਲੋਂ ਪਠਾਨਕੋਟ ਅਤੇ ਆਸਪਾਸ ਦੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲੋਕ ਜੋ ਚੋਰੀ ਦਾ ਸ਼ਿਕਾਰ ਹੋਏ ਸਨ, ਉਹ ਆਪਣੇ ਵਾਹਨ ਵਾਪਸ ਲੈਣ ਲਈ ਮਾਲਕੀ ਦੇ ਦਸਤਾਵੇਜ਼ਾਂ ਦੀ ਤਨਦੇਹੀ ਅਤੇ ਸੁਚੱਜੀ ਤਸਦੀਕ ਲਈ ਸਦਰ ਥਾਣਾ ਪਠਾਨਕੋਟ ਵਿੱਖੇ ਆ ਸਕਦੇ ਹਨ।
ਇਹ ਵੀ ਪੜ੍ਹੋ- ਪਾਕਿ ਵਲੋਂ ਭਾਰਤ ਭੇਜੀ ਹੈਰੋਇਨ ਦੀ ਵੱਡੀ ਖੇਪ ਬਰਾਮਦ, ਪਿਸਤੌਲ ਤੇ ਡਰੱਗ ਮਨੀ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8