ਪੋਲਟਰੀ ਫਾਰਮ ਤੇ ਫੀਡ ਫੈਕਟਰੀ ਦੇ ਪ੍ਰਦੂਸ਼ਣ ਵਿਰੁੱਧ ਲੋਕਾਂ ''ਚ ਰੋਹ, ਬੀਮਾਰੀਆਂ ਫੈਲਣ ਦਾ ਪ੍ਰਗਟਾਇਆ ਖ਼ਦਸ਼ਾ

Saturday, Jul 13, 2024 - 04:43 AM (IST)

ਚੇਤਨਪੁਰਾ (ਨਿਰਵੈਲ) : ਪਿੰਡ ਜਗਦੇਵ ਕਲਾਂ ਦੇ ਨੇੜੇ ਸਥਾਪਿਤ ਪੋਲਟਰੀ ਫਾਰਮ ਤੇ ਫੀਡ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਹਵਾ ਤੇ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਣ ਵਿਰੁੱਧ ਇਲਾਕੇ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਇੱਥੇ ਗੁਰਦੁਆਰਾ ਸਾਹਿਬ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਟਹਿਲ ਸਿੰਘ ਚੇਤਨਪੁਰਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਕਲਵੰਤ ਸਿੰਘ ਮੱਲੂਨੰਗਲ ਦੀ ਅਗਵਾਈ ਵਿਚ ਇਕੱਠੇ ਹੋ ਕੇ ਭਰਵੀਂ ਮੀਟਿੰਗ ਕੀਤੀ। ਮੀਟਿੰਗ ਪ੍ਰਦੂਸ਼ਣ ਰੋਕੂ 27 ਮੈਂਬਰੀ ਐਕਸ਼ਨ ਕਮੇਟੀ ਬਣਾ ਕੇ ਇਸ ਸਮੱਸਿਆ ਵਿਰੁੱਧ ਸੰਘਰਸ਼ ਕਰਨ ਦਾ ਐਲਾਨ ਕੀਤਾ।

ਇਸ ਸਮੇਂ ਇਲਾਕੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਪੋਲਟਰੀ ਫਾਰਮ ਵੱਲੋਂ ਧਰਤੀ ਹੇਠਲੇ ਪਾਣੀ ਤੇ ਇਲਾਕੇ ਦੀ ਹਵਾ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਪੋਲਟਰੀ ਫਾਰਮ ਵਿਚ ਵਰਤੇ ਜਾ ਰਹੇ ਪਾਣੀ ਦੇ ਨਿਕਾਸ ਅਤੇ ਸੁਧਾਈ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਇਹ ਪਾਣੀ ਬੋਰਵੈੱਲ ਰਾਹੀਂ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਹੈ। ਪੋਲਟਰੀ ਦੇ ਜਾਨਵਰਾਂ ਦੇ ਮਲ ਦੀ ਯੋਗ ਸੰਭਾਲ ਨਾ ਕਰਨ ਕਰ ਕੇ ਬਦਬੂ ਫੈਲ ਰਹੀ ਹੈ। ਨੇੜਲੇ ਪਿੰਡਾਂ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਲੱਗਣ ਦਾ ਖਦਸ਼ਾ ਹੈ। ਲੋਕਾਂ ਨੇ ਕਿਹਾ ਕਿ ਹੁਣ ਹੈਲਦੀ ਚੁਆਇਸ ਵੱਲੋਂ ਇੱਥੇ ਚਿਕਨ ਫੀਡ ਫੈਕਟਰੀ ਲਾ ਦਿੱਤੀ ਗਈ ਹੈ ਜੋ ਹੋਰ ਪਾਣੀ ਤੇ ਹਵਾ ਪ੍ਰਦੂਸ਼ਿਤ ਕਰੇਗੀ। ਲੋਕਾਂ ਵੱਲੋਂ ਹੈਲਦੀ ਚੁਆਇਸ ਵਿਰੁੱਧ ਗੁੱਸੇ ਕਾਰਨ ਇਸ ਫੈਕਟਰੀ ਨੂੰ ਦਿੱਤੇ ਜਾ ਰਹੇ ਕੁਨੈਕਸ਼ਨ ਨੂੰ ਰੋਕ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਭਾਰੀ ਬਾਰਿਸ਼ ਨੇ ਧਾਰਿਆ ਭਿਆਨਕ ਰੂਪ, UP 'ਚ ਮੌਸਮ ਨਾਲ ਜੁੜੀਆਂ ਵੱਖ-ਵੱਖ ਆਫ਼ਤਾਂ 'ਚ 54 ਲੋਕਾਂ ਦੀ ਗਈ ਜਾਨ

ਇਸ ਸਮੇਂ ਜਨਤਕ ਆਗੂਆਂ ਨੇ ਕਿਹਾ ਕਿ ਸ਼ੁੱਧ ਹਵਾ ਪਾਣੀ ਲੋਕਾਂ ਦਾ ਮੌਲਿਕ ਅਧਿਕਾਰ ਹੈ। ਜਥੇਬੰਦੀਆਂ ਇਸ ਸਬੰਧੀ ਜਲਦ ਹੀ ਇਕ ਡੈਪੂਟੇਸ਼ਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲ ਕੇ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣਗੀਆਂ ਤੇ ਇਹ ਮਸਲਾ ਹੱਲ ਕਰਵਾਉਣ ਲਈ ਸੰਘਰਸ਼ ਵਿੱਢਣਗੀਆਂ। ਇਸ ਮੌਕੇ ਬਲਜਿੰਦਰ ਸਿੰਘ ਕਾਲਾ, ਦੀਪਕ ਸਿੰਘ, ਦਵਿੰਦਰ ਸਿੰਘ, ਜੁਗਰਾਜ ਸਿੰਘ, ਗੁਰਸ਼ਰਨ ਸਿੰਘ ਰਾਣੇਵਾਲੀ, ਗੁਰਪਾਲ ਸਿੰਘ ਮੱਲੂਨੰਗਲ, ਗੁਰਯੋਧ ਸਿੰਘ, ਜਗਜੀਤ ਸਿੰਘ ਸਹਿੰਸਰਾ, ਪਲਵਿੰਦਰ ਸਿੰਘ ਕਾਲਾ, ਮੇਜਰ ਸਿੰਘ ਜੌਹਲ ਤੇ ਮਨਦੀਪ ਸਿੰਘ ਮਜੀਠਾ ਆਦਿ ਹਾਜ਼ਰ ਸਨ। 

ਉਧਰ, ਇਸ ਸਬੰਧੀ ਫੈਕਟਰੀ ਦੇ ਮਾਲਕ ਨਾਲ ਸੰਪਰਕ ਕਰਨ ਤੇ ਉਹਨਾਂ ਵੱਲੋਂ ਕੋਈ ਜਵਾਬ ਦੇਣ ਦੀ ਬਜਾਏ ਫੋਨ ਹੀ ਬੰਦ ਕਰ ਦਿੱਤਾ ਗਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DILSHER

Content Editor

Related News