AFSO ਨੇ ਕਣਕ ਦੇ 300 ਕੰਡਮ ਤੋੜਿਆਂ ’ਚ ਤਿਆਰ ਕਰ ਦਿੱਤੀਆਂ ਆਰਗੈਨਿਕ ਸਬਜ਼ੀਆਂ

01/26/2021 2:58:43 PM

ਤਰਨਤਾਰਨ (ਰਮਨ ਚਾਵਲਾ) - ਸਬਜ਼ੀਆਂ ਨੂੰ ਤਿਆਰ ਕਰਨ ਲਈ ਵਰਤੇ ਜਾਂਦੇ ਜ਼ਹਿਰੀਲੇ ਕੀਟਨਾਸ਼ਕਾਂ ਅਤੇ ਖਾਦਾਂ ਨੂੰ ਇਕ ਪਾਸੇ ਰੱਖ ਰੁੱਖਾਂ ਤੇ ਪੱਤਿਆਂ ਤੋਂ ਤਿਆਰ ਕੀਤੀ ਖਾਦ ਨਾਲ ਕੰਡਮ ਹੋ ਚੁੱਕੇ ਕਣਕ ਦੇ ਤੋੜਿਆਂ ’ਚ ਆਰਗੈਨਿਕ ਸਬਜ਼ੀਆਂ ਤਿਆਰ ਕਰਨ ਵਾਲੇ ਸਹਾਇਕ ਫੂਡ ਸਪਲਾਈ ਅਫਸਰ ਨਵਦੀਪ ਸਿੰਘ ਨੇ ਇਕ ਵੱਖਰੀ ਮਿਸਾਲ ਪੈਦਾ ਕੀਤੀ ਹੈ। ਇਨ੍ਹਾਂ ਆਰਗੈਨਿਕ ਸਬਜ਼ੀਆਂ ਨੂੰ ਵੇਖਣ ਲਈ ਪੰਜਾਬ ਭਰ ’ਚੋਂ ਲੋਕ ਪੁੱਜ ਰਹੇ ਹਨ।

ਮਿਲੀ ਜਾਣਕਾਰੀ ਅਨੁਸਾਰ ਸਥਾਨਕ ਜੰਡਿਆਲਾ ਰੋਡ ਨਜ਼ਦੀਕ ਰੇਲਵੇ ਫਾਟਕ ਵਿਖੇ ਸਥਿਤ ਫੂਡ ਸਪਲਾਈ ਵਿਭਾਗ ਦੇ ਪੁਰਾਣੇ ਗੋਦਾਮਾਂ ’ਚ ਪਿਛਲੇ ਕਰੀਬ 2 ਸਾਲਾਂ ਤੋਂ ਖਾਲ੍ਹੀ ਪਈ ਜਗਾ ’ਚ ਜਿੱਥੇ ਰੁੱਖਾਂ ਦੇ ਪੱਤਿਆਂ ਤੋਂ ਖਾਦ ਤਿਆਰ ਕੀਤੀ ਜਾ ਰਹੀ, ਉੱਥੇ ਕਰੀਬ 1 ਦਰਜਨ ਤੋਂ ਵੱਧ ਕਿਸਮ ਦੀਆਂ ਆਰਗੈਨਿਕ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਸਬਜ਼ੀਆਂ ਸਟਾਫ਼ ਦੇ ਮੈਂਬਰਾਂ ਅਤੇ ਲੋੜਵੰਦਾਂ ਨੂੰ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਹ ਸਾਰੀ ਮਿਹਨਤ ਵਿਭਾਗ ’ਚ ਤਾਇਨਾਤ ਸਹਾਇਕ ਫੂਡ ਸਪਲਾਈ ਅਫ਼ਸਰ ਨਵਦੀਪ ਸਿੰਘ ਔਲਖ ਵਲੋਂ ਆਪਣੀ ਡਿਊਟੀ ਤੋਂ ਬਾਅਦ ਸਮਾਂ ਕੱਢਦੇ ਹੋਏ ਕੀਤੀ ਜਾ ਰਹੀ ਹੈ।

ਨਵਦੀਪ ਸਿੰਘ ਔਲਖ ਨੇ ਦੱਸਿਆ ਕਿ ਉਹ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਤੇ ਡੀ.ਐੱਫ.ਐੱਸ.ਸੀ. ਮੈਡਮ ਸ਼ਿਫਾਲੀ ਚੋਪੜਾ ਦੇ ਨਿਰਦੇਸ਼ਾਂ ਤਹਿਤ ਡਿਊਟੀ ਦਾ ਸਾਰਾ ਕੰਮਕਾਜ ਖ਼ਤਮ ਹੋਣ ਤੋਂ ਬਾਅਦ ਇਸ ਆਰਗੈਨਿਕ ਸਬਜ਼ੀ ਦੀ ਦੇਖਭਾਲ ’ਚ ਬਿਤਾਉਂਦੇ ਹਨ। ਉਨ੍ਹਾਂ ਦੱਸਿਆ ਕਿ ਗੋਦਾਮਾਂ ਨਜ਼ਦੀਕ ਕਈ ਸਾਲ ਪੁਰਾਣੇ ਪਿੱਪਲ ਆਦਿ ਦੇ ਰੁੱਖ ਲੱਗੇ ਹੋਏ ਹਨ, ਜਿੰਨ੍ਹਾਂ ਤੋਂ ਡਿੱਗਣ ਵਾਲੇ ਪੱਤਿਆਂ ਨੂੰ ਇਕੱਠਾ ਕਰਕੇ ਉਸ ਦੀ ਖਾਦ ਤਿਆਰ ਕੀਤੀ ਜਾਂਦੀ ਹੈ। ਕੰਡਮ ਹੋ ਚੁੱਕੇ ਬਾਰਦਾਨੇ ’ਚ ਮਿੱਟੀ, ਰੂੜੀ ਅਤੇ ਤਿਆਰ ਕੀਤੀ ਖਾਦ ਨੂੰ ਮਿਲਾ ਕੇ ਆਰਗੈਨਿਕ ਸਬਜ਼ੀਆਂ ਬੀਜੀਆਂ ਗਈਆਂ ਹਨ, ਜਿਸ ਉੱਪਰ ਕੋਈ ਵੀ ਦਵਾਈ ਆਦਿ ਦਾ ਛਿੜਕਾਅ ਨਹੀਂ ਕੀਤਾ ਗਿਆ।

ਨਵਦੀਪ ਸਿੰਘ ਨੇ ਦੱਸਿਆ ਕਿ ਇਸ ਵੇਲੇ ਗੋਦਾਮ ਦੀ ਖਾਲ੍ਹੀ ਜ਼ਮੀਨ ਉੱਪਰ ਬਗੀਚੇ ’ਚ ਕਰੀਬ 300 ਖਾਲੀ ਕੰਡਮ ਤੋੜਿਆਂ ’ਚ ਬਰੌਕਲੀ, ਫੁੱਲ ਗੋਬੀ, ਆਲੂ, ਆਰਟੀਚੋਕ, ਸ਼ਿਮਲਾ ਮਿਰਚ, ਬੌਕਚੋਏ, ਹਰੀਆਂ ਮਿਰਚਾਂ, ਟਮਾਟਰ, ਪਿਆਜ, ਬੈਂਗਨ ਆਦਿ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸਬਜ਼ੀਆਂ ਨੂੰ ਸਟਾਫ਼ ਦੇ ਮੈਂਬਰਾਂ ਅਤੇ ਲੋੜਵੰਦਾਂ ਨੂੰ ਮੁਫ਼ਤ ਵੰਡ ਦਿੱਤਾ ਜਾਂਦਾ ਹੈ। ਹਰਿਆਲੀ ਦੇ ਸ਼ੌਕੀਨ ਨਵਦੀਪ ਸਿੰਘ ਨੇ ਕਿਹਾ ਕਿ ਅੱਜਕੱਲ ਬਾਜ਼ਾਰਾਂ ’ਚ ਜ਼ਹਿਰੀਲੀਆਂ ਖਾਦਾਂ ਅਤੇ ਦਵਾਈਆਂ ਨਾਲ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਸਾਡੇ ਸਰੀਰ ਲਈ ਖ਼ਤਰਨਾਕ ਸਾਬਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤਿਆਰ ਕੀਤੀਆਂ ਆਰਗੈਨਿਕ ਸਬਜ਼ੀਆਂ ਨੂੰ ਵੇਖਣ ਲਈ ਲੋਕ ਦੂਰ ਦਰਾਡੇ ਤੋਂ ਆ ਜਾਂਦੇ ਹਨ।


rajwinder kaur

Content Editor

Related News