ਆਉਣ ਵਾਲੇ ਵਿਆਹਾਂ ਦੇ ਸੀਜ਼ਨ ਨੂੰ ਲੈ ਕੇ ਅਧਿਕਾਰੀਆਂ ਨੂੰ ਹੁਕਮ ਜਾਰੀ

Thursday, Nov 06, 2025 - 12:26 PM (IST)

ਆਉਣ ਵਾਲੇ ਵਿਆਹਾਂ ਦੇ ਸੀਜ਼ਨ ਨੂੰ ਲੈ ਕੇ ਅਧਿਕਾਰੀਆਂ ਨੂੰ ਹੁਕਮ ਜਾਰੀ

ਅੰਮ੍ਰਿਤਸਰ (ਇੰਦਰਜੀਤ)-ਸੂਬੇ ਭਰ ਵਿਚ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਨੂੰ ਰੋਕਣ ਲਈ ਮਾਝਾ-ਦੋਆਬਾ ਜ਼ੋਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵਿਆਹ-ਸ਼ਾਦੀਆਂ ਦਾ ਸੀਜ਼ਨ ਨੇੜੇ ਆ ਰਿਹਾ ਹੈ। ਇਸ ਸਮੇਂ ਦੌਰਾਨ ਵਿਭਾਗੀ ਟੀਮਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਟੈਕਸ ਕਮਿਸ਼ਨਰੇਟ (ਜੀ. ਐੱਸ. ਟੀ.) ਅਤੇ ਆਬਕਾਰੀ ਕਮਿਸ਼ਨਰੇਟ ਨੇ ਮੀਟਿੰਗ ਵਿਚ ਹਿੱਸਾ ਲਿਆ।

ਇਸ ਵਿਸ਼ੇਸ਼ ਮੀਟਿੰਗ ਦੌਰਾਨ ਟੈਕਸ ਕਮਿਸ਼ਨਰ ਨੇ ਮੌਜੂਦ ਵਿਭਾਗੀ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ’ਤੇ ਜਾਣਕਾਰੀ ਪ੍ਰਦਾਨ ਕੀਤੀ। ਪਿਛਲੇ ਦਿਨੀਂ ਇਸ ਮੀਟਿੰਗ ਦੌਰਾਨ ਸਬੰਧਤ ਆਬਕਾਰੀ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਰਾਜ ਆਬਕਾਰੀ ਕਮਿਸ਼ਨਰ ਜਤਿੰਦਰ ਜੋਰਵਾਲ (ਆਈ. ਏ. ਐੱਸ.) ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਦੀ ਵਿਕਰੀ ਨਾਲ ਸੂਬੇ ਦਾ ਮਾਲੀਆ ਪ੍ਰਭਾਵਿਤ ਹੋ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਵਿਗੜੇਗਾ ਮੌਸਮ, 9 ਜ਼ਿਲ੍ਹਿਆਂ 'ਚ ਮੀਂਹ ਨਾਲ ਸੀਤ ਲਹਿਰ ਦਾ ਅਲਰਟ ਜਾਰੀ

ਵਿਭਾਗੀ ਟੀਮਾਂ ਨੂੰ ਇਨ੍ਹਾਂ ਕਾਰਨਾਂ ਨੂੰ ਲੱਭਣਾ ਹੋਵੇਗਾ, ਜਿੱਥੋਂ ਤੱਕ ਟੈਕਸ ਚੋਰੀ ਦਾ ਸਵਾਲ ਹੈ, ਚੰਡੀਗੜ੍ਹ ਅਤੇ ਹਰਿਆਣਾ ਤੋਂ ਆਉਣ ਵਾਲੀ ਸਸਤੀ ਵਿਦੇਸ਼ੀ ਸ਼ਰਾਬ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਵਿਚ ਦਾਖਲ ਹੋ ਜਾਂਦੀ ਹੈ। ਇਸ ਕਾਰਨ ਠੇਕੇਦਾਰਾਂ ਦੀ ਸੇਲ ਟੁੱਟਦੀ ਹੈ, ਜਿਸ ਨਾਲ ਸੂਬੇ ਦੇ ਮਾਲੀਏ ’ਤੇ ਅਸਰ ਪੈਂਦਾ ਹੈ। ਇਸ ਮੌਕੇ ਜਲੰਧਰ ਦੇ ਡਿਪਟੀ ਐਕਸਾਈਜ਼ ਕਮਿਸ਼ਨਰ ਸੁਰੇਂਦਰ ਕੁਮਾਰ ਗਰਗ, ਸਹਾਇਕ ਕਮਿਸ਼ਨਰ ਅੰਮ੍ਰਿਤਸਰ ਦਿਲਬਾਗ ਸਿੰਘ ਚੀਮਾ, ਹੁਸ਼ਿਆਰਪੁਰ ਤੋਂ ਏ. ਈ. ਟੀ. ਸੀ. ਹਨੂਵੰਤ ਸਿੰਘ, ਹੁਸ਼ਿਆਰਪੁਰ ਤੋਂ ਏ. ਈ. ਟੀ. ਸੀ. ਕਰਮਵੀਰ ਮਾਹਲਾ ਗੁਰਦਾਸਪੁਰ, ਜਲੰਧਰ-ਨਵਾਂਸ਼ਹਿਰ ਰੇਂਜ ਤੋਂ ਏ. ਈ. ਟੀ. ਸੀ. ਅਸ਼ੋਕ ਕੁਮਾਰ, ਜਲੰਧਰ ਕਪੂਰਥਲਾ ਰੇਂਜ ਤੋਂ ਏ. ਈ. ਟੀ. ਸੀ. ਨਵਜੀਤ ਸਿੰਘ, ਜਲੰਧਰ ਕਪੂਰਥਲਾ ਰੇਂਜ ਤੋਂ ਜ਼ਿਲਾ ਐਕਸਾਈਜ਼ ਅਫ਼ਸਰ ਅੰਮ੍ਰਿਤਸਰ ਰਮਨ ਭਗਤ, ਜਲੰਧਰ ਤੋਂ ਅਮਨ ਪੁਰੀ, ਹੁਸ਼ਿਆਰਪੁਰ ਤੋਂ ਨਵਜੋਤ ਭਾਰਤੀ ਅਤੇ ਕਪੂਰਥਲਾ ਤੋਂ ਮੇਜਰ ਸੁਖਜੀਤ ਸਿੰਘ ਚਾਹਲ ਮੌਜੂਦ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਬਿਜਲੀ ਰਹੇਗੀ ਬੰਦ, ਇਹ ਇਲਾਕੇ ਹੋਣਗੇ ਪ੍ਰਭਾਵਿਤ

ਮੀਟਿੰਗ ਦੌਰਾਨ ਸਟੇਟ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਪੰਜਾਬ ਆਉਣ ਵਾਲੀ ਸ਼ਰਾਬ ਕਿਸੇ ਨਾ ਕਿਸੇ ਤਰ੍ਹਾਂ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਪਹੁੰਚਦੀ ਹੈ। ਇੱਥੇ ਆਉਣ ਤੋਂ ਬਾਅਦ ਇਹ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਆ ਜਾਂਦੀ ਹੈ ਜੋ ਇਸ ਨੂੰ ਹਰ ਥਾਂ ਪਹੁੰਚਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸੀਜ਼ਨ ਵਿਆਹ-ਸ਼ਾਦੀਆਂ ਦਾ ਹੈ, ਇੱਥੇ ਪੈਲੇਸ ਅਤੇ ਰਿਜੋਰਟਾਂ ਵਿਚ ਤਾਂ ਆਬਕਾਰੀ ਵਿਭਾਗ ਵਲੋਂ ਚੈਕਿੰਗ ਹੋ ਜਾਂਦੀ ਹੈ ਪਰ ਇੱਥੇ ਸਿਰਫ ਦੋ ਹੀ ਫੰਕਸ਼ਨ ਹੁੰਦੇ ਹਨ, ਇਕ ਵਿਆਹ, ਦੂਸਰਾ ਰਿਸੈਪਸ਼ਨ। ਹਾਲਾਂਕਿ, ਅੱਜ ਕੱਲ ਇਕ ਵਿਆਹ ਦੌਰਾਨ ਕਈ ਸਬੰਧਤ ਫੰਕਸ਼ਨ ਹੁੰਦੇ ਹਨ। ਇਨ੍ਹਾਂ ਵਿਚੋਂ ਪੰਜ ਤੋਂ ਛੇ ਘਰਾਂ ਵਿਚ ਫੰਕਸ਼ਨ ਹੋ ਹੁੰਦੇ ਹਨ। ਇਨ੍ਹਾਂ ਵਿਚ ਜਾਗੋ, ਲੇਡੀ ਸੰਗੀਤ, ਚੂੜੀਆਂ ਫੰਕਸ਼ਨ, ਮਹਿੰਦੀ ਫੰਕਸ਼ਨ, ਹਲਦੀ ਫੰਕਸ਼ਨ, ਸ਼ਗਨ ਆਦਿ ਸ਼ਾਮਲ ਹਨ, ਜਿੱਥੇ ਵੱਡੀ ਮਾਤਰਾ ਵਿਚ ਵਿਦੇਸ਼ੀ ਸ਼ਰਾਬ ਦੀ ਖਪਤ ਹੁੰਦੀ ਹੈ। ਵਿਭਾਗੀ ਟੀਮਾਂ ਲਈ ਘਰ-ਘਰ ਜਾ ਕੇ ਚੈਕਿੰਗ ਕਰਨਾ ਮੁਸ਼ਕਲ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਨਤਕ ਸਹਿਯੋਗ ਜ਼ਰੂਰੀ ਹੈ ਅਤੇ ਵਸਨੀਕਾਂ ਨੂੰ ਸਰਕਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ, ਉਨ੍ਹਾਂ ਦੇ ਨਾਮ ਗੁਪਤ ਰੱਖੇ ਜਾਣਗੇ।

ਇਹ ਵੀ ਪੜ੍ਹੋ- ਬੀਬੀਆਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ

ਬਾਹਰੋਂ ਆਉਣ ਵਾਲੀ ਸ਼ਰਾਬ ’ਤੇ ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਹੋਰ ਸਰਕਲ ਤੋਂ ਵਿਆਹ ਸਮਾਗਮ ਵਿਚ ਸ਼ਰਾਬ ਲਿਆਂਦੀ ਜਾਂਦੀ ਹੈ ਤਾਂ ਇਸ ਦੀ ਰਿਪੋਰਟ ਕੀਤੀ ਜਾਵੇ ਤਾਂ ਜੋ ਉਸ ’ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਜੇਕਰ ਵਿਦੇਸ਼ਾਂ ਤੋਂ ਆਉਣ ਵਾਲੀ ਸ਼ਰਾਬ ਜ਼ਬਤ ਕੀਤੀ ਜਾਂਦੀ ਹੈ ਤਾਂ ਕਾਨੂੰਨੀ ਕਾਰਵਾਈ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਅਧਿਕਾਰੀਆਂ ਅਤੇ ਆਬਕਾਰੀ ਟੀਮਾਂ ਨੂੰ ਤਾਲਮੇਲ ਵਿਚ ਕੰਮ ਕਰਨਾ ਚਾਹੀਦਾ ਹੈ। ਜੇਕਰ ਆਬਕਾਰੀ ਅਧਿਕਾਰੀ ਕਿਸੇ ਰਿਜ਼ੋਰਟ ਜਾਂ ਪੈਲੇਸ ਵਿਚ ਆਯੋਜਿਤ ਸਮਾਗਮ ਵਿਚ ਟੈਕਸ ਚੋਰੀ (ਕੇਟਰਿੰਗ ਨਾਲ ਸਬੰਧਤ) ਦੇਖਦੇ ਹਨ, ਤਾਂ ਉਨ੍ਹਾਂ ਨੂੰ ਖੇਤਰੀ ਜੀ. ਐੱਸ. ਟੀ ਅਧਿਕਾਰੀਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ।

ਫੰਕਸ਼ਨ ਸਥਾਨ ਤੋਂ ਖਾਲੀ ਬੋਤਲਾਂ ਤੋੜਨ ’ਤੇ ਰੱਖਿਆ ਜਾਵੇ ਫੋਕਸ

ਰਾਜ ਅਧਿਕਾਰੀ ਨੇ ਫੰਕਸ਼ਨ ਸਥਾਨ ਤੋਂ ਖਾਲੀ ਸ਼ਰਾਬ ਦੀਆਂ ਬੋਤਲਾਂ ਤੋੜਨ ’ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਵਿਭਾਗ ਨੂੰ ਇਸ ਸਬੰਧ ਵਿਚ ਚੌਕਸ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਰਾਬ ਦੀਆਂ ਬੋਤਲਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ‘ਐਂਟੀ ਏਮਪਟੀ ਬੌਟਲਿੰਗ ਐਕਟ’ ਵੀ ਕਾਫੀ ਮਜ਼ਬੂਤ ​​ਅਤੇ ਇਸ ਕਾਰਵਾਈ ਕਰਨ ਲਈ ਸਮਰੱਥ ਹੈ।

ਇਹ ਵੀ ਪੜ੍ਹੋ- ਹਰਜਿੰਦਰ ਸਿੰਘ ਧਾਮੀ ਲਗਾਤਾਰ 5ਵੀਂ ਵਾਰ ਬਣੇ SGPC ਦੇ ਪ੍ਰਧਾਨ

ਘਰੇਲੂ ਫੰਕਸ਼ਨਾਂ ਤੋਂ ਮਿਲ ਜਾਂਦੀ ਹੈ ਚੰਗੀ ਕੁਆਲਿਟੀ ਵਿਚ ਸ਼ਰਾਬ ਦੀਆਂ ਬੋਤਲਾਂ

ਮੈਰਿਜ਼ ਪੈਲੇਸ ਅਤੇ ਰਿਜੋਰਟਾਂ ਵਿਚੋਂ ਤਾਂ ਆਬਕਾਰੀ ਦੇ ਅਧਿਕਾਰੀ ਖਾਲੀ ਬੋਤਲਾਂ ਨਸ਼ਟ ਕਰਵਾ ਦਿੰਦੇ ਹਨ ਪਰ ਸ਼ਰਾਬ ਦੇ ਸਮੱਗਲਰ ਜੋ ਵਧੀਆ ਕਿਸਮ ਦੀ ਸ਼ਰਾਬ ਦੀ (ਨਕਲੀ) ਰੀਫਿਲਿੰਗ ਕਰਦੇ ਹਨ, ਇਨ੍ਹਾਂ ਫੰਕਸ਼ਨਾਂ ਵਿਚ ਖਾਲੀ ਹੋਣ ਵਾਲੀਆਂ ਬੋਤਲਾਂ ਆਸਾਨੀ ਨਾਲ ਮਿਲ ਜਾਦੀਆ ਹਨ, ਕਿਉਂਕਿ ਇਹ ਕਬਾੜੀਆਂ ਨੂੰ ਵੇਚ ਦਿੰਦੇ ਹਨ। ਇਸ ’ਤੇ ਸਖਤ ਨਿਗਰਾਨੀ ਰੱਖਣ ਦੀ ਲੋੜ ਹੈ।

400 ਤੋਂ 1 ਹਜ਼ਾਰ ਤੱਕ ਵਿਕਦੀ ਹੈ ਵਧੀਆ ਸ਼ਰਾਬ ਦੀ ਖਾਲੀ ਬੋਤਲ

ਵਧੀਆ ਸ਼ਰਾਬ ਦੀਆਂ ਬੋਤਲਾਂ ਵਿਚ ਬਲੈਕ ਲੇਬਲ, ਚਿਵਾਸ ਰੀਗਲ, ਮੰਕੀ ਸ਼ੋਲਡਰ, ਗੇਲੇਨਫਿਡਿਚ, ਡਬਲ ਬਲੈਕ, ਰਾਇਲ ਸੈਲਿਊਟ, ਬਲੂ ਲੇਬਲ, ਸਿੰਗਲ ਮਾਲਟ, ਆਦਿ ਬ੍ਰਾਂਡ ਸ਼ਾਮਲ ਹਨ,ਜਿੰਨਾਂ ਦੀ ਖਾਲੀ ਬੋਤਲ 400 ਤੋਂ 1 ਹਜ਼ਾਰ ਰੁਪਏ ਦੇ ਵਿਚਕਾਰ ਵਿਕਦੀਆਂ ਹਨ। ਗੈਰ-ਕਾਨੂੰਨੀ ਸਮੱਗਲਰ ਇਨ੍ਹਾਂ ਬੋਤਲਾਂ ਨੂੰ ਘਟੀਆ ਸ਼ਰਾਬ ਨਾਲ ਭਰਦੇ ਹਨ ਅਤੇ ਪੈਸੇ ਜੇਬ ਵਿਚ ਪਾਉਂਦੇ ਹਨ। ਇਸ ਮਾਫੀਆ ’ਤੇ ਨਜ਼ਰ ਰੱਖਣ ਦੀ ਲੋੜ ਹੈ, ਕਿਉਂਕਿ ਉਨ੍ਹਾਂ ਨੂੰ ਕਾਪੀਰਾਈਟ ਐਕਟ ਦੀ ਧਾਰਾ 420 ਦੇ ਤਹਿਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News