ਟੈਕਸ ਚੋਰੀ ਦੀ ਸੂਚਨਾ ’ਤੇ ਮੋਬਾਇਲ ਅਧਿਕਾਰੀਆਂ ਨੇ ਕੱਟਿਆ ਨੋਟਿਸ, ਗੁਰਦੇਵ ਸਾਬਾ ਸਮੇਤ 7 ਵਿਰੁੱਧ ਕੇਸ ਦਰਜ

Sunday, Feb 04, 2024 - 03:33 PM (IST)

ਟੈਕਸ ਚੋਰੀ ਦੀ ਸੂਚਨਾ ’ਤੇ ਮੋਬਾਇਲ ਅਧਿਕਾਰੀਆਂ ਨੇ ਕੱਟਿਆ ਨੋਟਿਸ, ਗੁਰਦੇਵ ਸਾਬਾ ਸਮੇਤ 7 ਵਿਰੁੱਧ ਕੇਸ ਦਰਜ

ਅੰਮ੍ਰਿਤਸਰ (ਇੰਦਰਜੀਤ)- ਇਕ ਟਰੱਕ ਵਿਚ ਟੈਕਸ ਚੋਰੀ ਦਾ ਮਾਲ ਹੋਣ ਦੀ ਸੂਚਨਾ ਨੂੰ ਲੈ ਕੇ ਜੀ. ਐੱਸ. ਟੀ. ਟੀਮ ਬੈਲ ਵਿੰਗ ਦੇ ਅਧਿਕਾਰੀ ਉਸ ਸਮੇਂ ਹੈਰਾਨ ਹੋ ਗਏ, ਜਦੋਂ ਟਰੱਕ ਦੀ ਚੈਕਿੰਗ ਦੌਰਾਨ ਕੁਝ ਲੋਕ ਉਨ੍ਹਾਂ ਦੇ ਸਾਹਮਣੇ ਆ ਕੇ ਖੜ੍ਹੇ ਹੋ ਗਏ। ਮੋਬਾਇਲ ਵਿੰਗ ਅਧਿਕਾਰੀਆਂ ਮੁਤਾਬਕ ਇਸ ਦੌਰਾਨ ਅਧਿਕਾਰੀ ਦਵਿੰਦਰ ਸਿੰਘ ਦੇ ਚਾਲਕ ਦੀ ਕਮੀਜ਼ ਪਾੜ ਗਈ। ਜੀ. ਐੱਸ. ਟੀ. ਅਧਿਕਾਰੀਆਂ ਦਾ ਦੋਸ਼ ਸੀ ਕੇ ਟੈਕਸ ਚੋਰੀ ਦੇ ਮਾਮਲੇ ਵਿਚ ਵਿਭਾਗੀ ਕਾਰਵਾਈ ਤੋਂ ਬਚਣ ਲਈ ਮਾਮਲੇ ਨੂੰ ਦੂਸਰਾ ਮੋੜ ਦਿੱਤਾ ਜਾ ਰਿਹਾ ਹੈ। ਮਾਮਲਾ ਪੁਲਸ ਕੋਲ ਪੁੱਜਾ ਤਾਂ ਜੀ. ਐੱਸ. ਟੀ. ਮੋਬਾਇਲ ਵਿੰਗ ਅਧਿਕਾਰੀਆਂ ਦੇ ਐਕਸ਼ਨ ਦੇ ਅੱਗੇ ਰੁਕਾਵਟ ਬਣੇ ਹੋਏ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਅਤੇ ਟਰੱਕ ਥਾਣਾ ਪੁਲਸ ਮਹਿਤਾ ਦੀ ਹਿਰਾਸਤ ਵਿਚ ਹੈ। ਪੁਲਸ ਅਨੁਸਾਰ ਇਸ ਕੇਸ ਵਿਚ ਟਰੱਕ ਚਾਲਕ ਮਨਜੀਤ ਸਿੰਘ ਅਤੇ ਸਕਰੈਪ ਦਾ ਕਾਰੋਬਾਰ ਕਰਨ ਵਾਲੇ ਗੁਰਦੇਵ ਸਿੰਘ ਸਾਬਾ ਸਮੇਤ ਛੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਜਾਣਕਾਰੀ ਅਨੁਸਾਰ ਵੀਰਵਾਰ ਦੀ ਰਾਤ ਅੰਮ੍ਰਿਤਸਰ ਬਾਰਡਰ ਰੇਂਜ ਦੇ ਸਹਾਇਕ ਕਮਿਸ਼ਨਰ ਮੋਬਾਇਲ ਵਿੰਗ ਮਹੇਸ਼ ਗੁਪਤਾ ਨੂੰ ਸੂਚਨਾ ਮਿਲੀ ਸੀ ਕਿ ਮਹਿਤਾ ਨੇੜੇ ਇਕ ਲੋਹੇ ਦੇ ਮਾਲ ਨਾਲ ਲੱਦਿਆ ਹੋਇਆ ਟਰੱਕ ਜਾ ਰਿਹਾ ਹੈ, ਜਿਸ ਵਿਚ ਲੱਦੇ ਹੋਏ ਮਾਲ ’ਤੇ ਲੱਖਾਂ ਦੀ ਟੈਕਸ ਚੋਰੀ ਦਾ ਮਾਮਲਾ ਬਣਦਾ ਹੈ। ਸੂਚਨਾ ਦੇ ਆਧਾਰ ’ਤੇ ਮਹੇਸ਼ ਗੁਪਤਾ ਨੇ ਮੋਬਾਇਲ ਵਿੰਗ ਦੇ ਈ. ਟੀ. ਓ. ਦਵਿੰਦਰ ਸਿੰਘ ਨੂੰ ਆਪਣੀ ਟੀਮ ਨਾਲ ਮਹਿਤਾ ਚੌਕ ਇਲਾਕੇ ਵਿਚ ਕਾਰਵਾਈ ਦੇ ਨਿਰਦੇਸ਼ ਦਿੱਤੇ। ਪੁਲਸ ਨੂੰ ਦਿੱਤੀ ਗਈ ਸੂਚਨਾ ਵਿਚ ਮੋਬਾਇਲ ਵਿੰਗ ਅਫ਼ਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਟੈਕਸ ਚੋਰੀ ਫੜਨ ਲਈ ਜਾ ਰਹੀ ਟੀਮ ਜਦੋਂ ਉੱਥੇ ਪੁੱਜੀ ਤਾਂ ਮੋਬਾਇਲ ਟੀਮ ਦੇ ਕਰਮਚਾਰੀਆਂ ਨੇ ਇੱਕ ਟਰੱਕ ਦੇ ਚਾਲਕ ਨੂੰ ਲਾਈਟ ਦਿਖਾ ਕੇ ਰੁਕਣ ਦਾ ਇਸ਼ਾਰਾ ਕੀਤਾ। ਟਰੱਕ ਦੇ ਰੁਕਣ ’ਤੇ ਮਾਲ ਦੇ ਦਸਤਾਵੇਜ਼ ਦਿਖਾਉਣ ਨੂੰ ਕਿਹਾ ਤਾਂ ਲੱਦੇ ਹੋਏ ਮਾਲ ਦੇ ਦਸਤਾਵੇਜ ਫਰਜ਼ੀ ਨਿਕਲੇ। ਇਸ ਦੌਰਾਨ ਮੋਬਾਇਲ ਵਿੰਗ ਅਧਿਕਾਰੀਆਂ ਨੇ ਵਾਹਨ ਚਾਲਕ ਨੂੰ ਨੋਟਿਸ ਕੱਟ ਕੇ ਦਿੱਤਾ ਅਤੇ ਟਰੱਕ ਨੂੰ ਥਾਣੇ ਲਿਜਾਣ ਦੇ ਨਿਰਦੇਸ਼ ਦਿੱਤੇ। 

ਇਹ ਵੀ ਪੜ੍ਹੋ : CM ਮਾਨ ਨੇ ਦੇਸ਼ ਦਾ ਮਾਣ ਵਧਾਉਣ ਵਾਲੇ ਪੰਜਾਬ ਦੇ 11 ਖਿਡਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

ਇਸ ਦੇ ਜਵਾਬ ਵਿਚ ਚਾਲਕ ਮਨਜੀਤ ਸਿੰਘ ਨੇ ਟਰੱਕ ਨੂੰ ਥਾਣੇ ਲਿਜਾਣ ਤੋਂ ਮਨਾ ਕਰ ਦਿੱਤਾ ਅਤੇ ਉਸ ਨੇ ਆਪਣੇ ਸਾਥੀਆਂ ਨੂੰ ਜਦੋਂ ਫੋਨ ਕੀਤਾ ਤਾਂ ਕੁਝ ਸਮੇਂ ਬਾਅਦ ਗੁਰਦੇਵ ਸਿੰਘ ਸਾਬਾ ਸਮੇਤ 6-7 ਲੋਕ ਉੱਥੇ ਪੁੱਜ ਗਏ ਅਤੇ ਉਨ੍ਹਾਂ ਆਉਂਦਿਆਂ ਹੀ ਮੋਬਾਇਲ ਵਿੰਗ ਦੇ ਅਧਿਕਾਰੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨਾਲ ਧੱਕਾ ਮੁੱਕੀ ਕਰਦੇ ਹੋਏ ਪਿੱਛੋਂ ਧੱਕੇ ਮਾਰਨੇ ਸ਼ੁਰੂ ਕੀਤੇ ਤਾਂ ਅਧਿਕਾਰੀ ਦਾ ਵਾਹਨ ਚਾਲਕ ਮੁਲਜ਼ਮ ਪੱਖ ਦੇ ਲੋਕਾਂ ਦੇ ਸਾਹਮਣੇ ਆ ਗਿਆ ਪਰ ਉਨ੍ਹਾਂ ਲੋਕਾਂ ਨੇ ਚਾਲਕ ਨਾਲ ਕੁੱਟਮਾਰ ਕਰ ਕੇ ਉਸ ਦੀ ਕਮੀਜ਼ ਪਾੜ ਦਿੱਤੀ। ਮੋਬਾਇਲ ਵਿੰਗ ਅਫ਼ਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਮਾਲ ਨੂੰ ਟਰੱਕ ਸਮੇਤ ਥਾਣਾ ਮਹਿਤਾ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਮੁਤਾਬਕ ਇਸ ਮਾਮਲੇ ਵਿਚ ਧਾਰਾ 353, 506 ਅਧੀਨ ਉਕਤ ਦੋ ਨਾਮਜ਼ਦ ਗੁਰਦੇਵ ਸਿੰਘ ਸਾਬਾ ਅਤੇ ਮਨਜੀਤ ਸਿੰਘ ਤੋਂ ਇਲਾਵਾ 6 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਪਹਿਲਾਂ ਵੀ ਕਈ ਵਾਰ ਕਰ ਚੁੱਕੇ ਹਨ ਵਿਭਾਗੀ ਕਾਰਵਾਈ ਦਾ ਵਿਰੋਧ : ਏ. ਈ. ਟੀ. ਸੀ. ਮਹੇਸ਼ ਗੁਪਤਾ

ਇਸ ਮਾਮਲੇ ਸਬੰਧੀ ਸਹਾਇਕ ਕਮਿਸ਼ਨਰ ਮੋਬਾਇਲ ਵਿੰਗ ਅੰਮ੍ਰਿਤਸਰ ਰੇਂਜ ਮਹੇਸ਼ ਗੁਪਤਾ ਦਾ ਕਹਿਣਾ ਹੈ ਕਿ ਉਕਤ ਗੁਰਦੇਵ ਸਿੰਘ ਸਾਬਾ ਪਹਿਲਾਂ ਵੀ ਵਿਭਾਗ ਦੀ ਕਾਰਵਾਈ ਦਾ ਵਿਰੋਧ ਕਰਦਾ ਆ ਰਿਹਾ ਹੈ ਅਤੇ ਇਹ ਚੌਥਾ ਮਾਮਲਾ ਹੈ, ਜਦੋਂ ਟੈਕਸ ਚੋਰੀ ਕਰਨ ਲਈ ਰੁਕੇ ਟਰੱਕ ਨੂੰ ਹੋਰ ਮੋੜ ਦੇਣ ਲਈ ਡਰਾਈਵਰ ਦੀ ਕੁੱਟਮਾਰ ਦਾ ਮਾਮਲਾ ਬਣਾਇਆ ਜਾਂਦਾ ਹੈ। ਦਵਿੰਦਰ ਸਿੰਘ ਨੇ ਦੱਸਿਆ ਕਿ ਸਾਬਾ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੋ ਚੁੱਕੇ ਹਨ, ਜਿਸ ਵਿਚ ਉਸ ਨੇ ਟੈਕਸ ਚੋਰੀ ਸਬੰਧੀ ਕਾਰਵਾਈ ਨੂੰ ਰੋਕਣ ਲਈ ਅਧਿਕਾਰੀਆਂ ’ਤੇ ਗਲਤ ਦਬਾਅ ਪਾਇਆ ਸੀ। ਈ. ਟੀ. ਓ. ਦਵਿੰਦਰ ਸਿੰਘ ਨੇ ਦੱਸਿਆ ਕਿ ਅਸਲ ਵਿਚ ਮੁਲਜ਼ਮ ਦਾ ਮਕਸਦ ਸੀ ਇਹ ਹੈ ਕਿ ਜੀ. ਐੱਸ. ਟੀ. ਅਧਿਕਾਰੀ ਬਿਨਾਂ ਬਿੱਲ ਦੇ ਸਾਮਾਨ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰਨ, ਇਸੇ ਲਈ ਜਾਣਬੁਝ ਕੇ ਧੱਕਾ-ਮੁੱਕੀ ਕੀਤੀ ਜਾਂਦੀ ਹੈ ਅਤੇ ਲੜਾਈ-ਝਗੜੇ ਦੇ ਦੋਸ਼ ਲਗਾਏ ਜਾਂਦੇ ਹਨ ਤਾਂ ਕਿ ਲੜਾਈ-ਝਗੜੇ ਦਰਮਿਆਨ ਟੈਕਸ ਚੋਰੀ ਦਾ ਮਾਮਲਾ ਸਮਾਪਤ ਹੋ ਜਾਵੇ। ਗੁਰਦੇਵ ਸਾਬਾ ਦੇ ਗੈਰ-ਕਾਨੂੰਨੀ ਦਖਲਅੰਦਾਜ਼ੀ ਦੇ ਮਾਮਲੇ ਉੱਚ ਅਧਿਕਾਰੀਆਂ ਨੂੰ ਭੇਜੇ ਗਏ ਹਨ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਅੱਗੇ ਪੰਜਾਬ ਸਰਕਾਰ ਦੀਆਂ ਮਸ਼ਹੂਰੀ ਵਾਲੀਆਂ ਸਕ੍ਰੀਨਾਂ ਹਟਾਈਆਂ ਜਾਣ : SGPC ਦਾ ਬਿਆਨ

ਮੈਂ ਟਰਾਂਸਪੋਰਟਰ ਹਾਂ, ਵਪਾਰੀ ਨਹੀਂ

ਇਸ ਮਾਮਲੇ ਵਿਚ ਪੁਲਸ ਵੱਲੋਂ ਮੁਲਜ਼ਮ ਬਣਾਏ ਗਏ ਗੁਰਦੇਵ ਸਿੰਘ ਸਾਬਾ ਨੇ ਕਿਹਾ ਹੈ ਕਿ ਮੈਂ ਟਰਾਂਸਪੋਰਟਰ ਹਾਂ ਨਾ ਕਿ ਵਪਾਰੀ। ਮੇਰਾ ਟਰੱਕ ਕਿਰਾਏ ’ਤੇ ਗਿਆ ਸੀ। ਮੈਂ ਇਸ ਸਬੰਧ ਵਿਚ ਮੌਕੇ ’ਤੇ ਪਹੁੰਚਿਆ ਸੀ। ਮੋਬਾਇਲ ਵਿੰਗ ਅਫਸਰਾਂ ਨਾਲ ਜੋ ਵੀ ਲੜਾਈ ਝਗੜਾ ਹੋਇਆ ਹੈ, ਉਸ ਲਈ ਟਰੱਕ ’ਤੇ ਲੱਦੇ ਹੋਏ ਮਾਲ ਦੇ ਵਪਾਰੀ ਜ਼ਿੰਮੇਵਾਰ ਹਨ, ਮੈਂ ਨਹੀਂ। ਮੇਰਾ ਇਸ ਕੇਸ ਨਾਲ ਕੋਈ ਸਬੰਧ ਨਹੀਂ ਹੈ। ਹਾਲਾਂਕਿ ਮਾਮਲੇ ਵਿਚ ਸਾਬਾ ਨੇ ਕਿਸੇ ਵੀ ਤਰ੍ਹਾਂ ਨਾਲ ਸਬੰਧ ਹੋਣ ਤੋਂ ਮਨ੍ਹਾ ਕਰ ਦਿੱਤਾ ਪਰ ਪੁਲਸ ਦੀ ਜਾਂਚ ਅਤੇ ਬਣੇ ਹਲਾਤਾਂ ਵਿਚਕਾਰ ਮਿਲੀਆਂ ਇਨਪੁਟ ਵੱਖਰੇ ਨਿਕਲੇ, ਜਿਸ ’ਤੇ ਪੁਲਸ ਨੇ ਕੇਸ ਦਰਜ ਕੀਤਾ।

ਇਹ ਵੀ ਪੜ੍ਹੋ : ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ, 20 ਦੇ ਕਰੀਬ ਹਥਿਆਰਬੰਦਾਂ ਨੇ ਬੱਸ ਨੂੰ ਰੋਕ ਕੇ ਕੀਤੀ ਵੱਡੀ ਵਾਰਦਾਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News