ਛੋਟੇ ਹਾਥੀ ਤੇ ਮੋਟਰਸਾਈਕਲ ਦੀ ਟੱਕਰ ’ਚ ਬੱਚੇ ਦੀ ਮੌਤ

01/31/2019 2:04:03 AM

ਤਰਨਤਾਰਨ, (ਰਾਜੂ)- ਪੁਲਸ ਨੇ ਮੋਟਰਸਾਈਕਲ ਤੇ ਛੋਟੇ ਹਾਥੀ ਦੀ ਟੱਕਰ ਦੌਰਾਨ ਮੋਟਰਸਾਈਕਲ ਚਾਲਕ ਇਕ ਬੱਚੇ  ਦੀ ਮੌਤ ਹੋ ਜਾਣ ਤੇ ਦੂਸਰੇ ਨੌਜਵਾਨ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ’ਤੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। 
ਇਸ ਸਬੰਧੀ ਗੁਰਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਗਲੀ ਐਨਕਾਂ ਵਾਲੀ ਤਰਨਤਾਰਨ ਨੇ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 26 ਜਨਵਰੀ ਨੂੰ ਉਹ ਆਪਣੇ ਮੋਟਰਸਾਈਕਲ  ’ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਤਰਨਤਾਰਨ ਨੂੰ ਵਾਪਸ ਆ ਰਿਹਾ ਸੀ। ਉਸ ਦੇ ਮੋਟਰਸਾਈਕਲ ਦੇ ਅੱਗੇ ਉਸ ਦੇ ਦੋਵੇਂ ਪੁੱਤਰ ਦਮਨਪ੍ਰੀਤ ਸਿੰਘ (18) ਤੇ ਮਨਪ੍ਰੀਤ ਸਿੰਘ (13) ਆਪਣੇ ਵੱਖ ਮੋਟਰਸਾਈਕਲ ਡਿਸਕਵਰ  ’ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਤਰਨਤਾਰਨ ਨੂੰ ਵਾਪਸ ਆ ਰਹੇ ਸਨ। ਦਮਨਪ੍ਰੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ ਤੇ ਮਨਪ੍ਰੀਤ ਸਿੰਘ ਉਸ ਦੇ ਪਿੱਛੇ ਬੈਠਾ ਸੀ ਕਿ ਸ਼ਾਮ ਕਰੀਬ ਸਾਢੇ 5 ਵਜੇ ਮੋਡ਼ ਪੰਡੋਰੀਆਂ ਅੰਮ੍ਰਿਤਸਰ ਰੋਡ ਗੋਹਲਵਡ਼ ਪਹੁੰਚਣ ’ਤੇ ਸਾਹਮਣੇ ਤੋਂ ਇਕ ਛੋਟਾ ਹਾਥੀ,  ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ ਨੇ ਬਡ਼ੀ ਤੇਜ਼ ਰਫਤਾਰ ਨਾਲ ਉਸ ਦੇ  ਲਡ਼ਕੇ ਦੇ ਮੋਟਰਸਾਈਕਲ ’ਚ ਮਾਰ ਦਿੱਤਾ। ਉਸ ਦੇ ਦੋਵੇਂ ਲਡ਼ਕੇ ਮੋਟਰਸਾਈਕਲ ਤੋਂ ਡਿੱਗ ਗਏ ਤੇ ਉਨ੍ਹਾਂ ਦੇ ਗੰਭੀਰ ਸੱਟਾਂ ਲੱਗ ਗਈਆਂ। ਛੋਟੇ ਹਾਥੀ ਦਾ ਚਾਲਕ ਮੌਕੇ ’ਤੇ ਫਰਾਰ ਹੋ ਗਿਆ। ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਮੌਕੇ ’ਤੇ ਐਂਬੂਲੈਂਸ ਬੁਲਾ ਕੇ ਆਪਣੇ ਦੋਵਾਂ ਲਡ਼ਕਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਜਿਥੇ ਉਸ ਦੇ ਛੋਟੇ ਲਡ਼ਕੇ ਮਨਪ੍ਰੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। 
ਇਸ ਸਬੰਧੀ ਏ. ਐੱਸ. ਆਈ. ਸਤਪਾਲ ਨੇ ਦੱਸਿਆ ਕਿ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 


Related News