ਗੈਰ-ਕਾਨੂੰਨੀ ਖੱਡਾਂ ਸਬੰਧੀ ਮਾਈਨਿੰਗ ਵਿਭਾਗ ਨੇ ਮੰਗਿਆ ਥਾਣਾ ਅਜਨਾਲਾ ਪੁਲਸ ਕੋਲੋਂ ਜਵਾਬ

Tuesday, Dec 03, 2024 - 04:43 PM (IST)

ਅਜਨਾਲਾ (ਬਾਠ)-ਹਲਕਾ ਅਜਨਾਲਾ ਦੇ ਸਰਹੱਦੀ ਪਿੰਡ ਸਾਹੋਵਾਲ ’ਚ ਪਿਛਲੇ ਲੰਮੇ ਸਮੇਂ ਤੋਂ ਵੱਡੇ ਪੱਧਰ ’ਤੇ ਹੋ ਰਹੀ ਕਥਿਤ ਗੈਰ-ਕਾਨੂੰਨੀ ਰੇਤ ਦੀ ਮਾਈਨਿੰਗ ਦੀਆਂ ਖਬਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਉੱਪ ਮੰਡਲ ਅਫ਼ਸਰ, ਅੰਮ੍ਰਿਤਸਰ ਜਲ ਨਿਕਾਸ ਉੱਪ ਮੰਡਲ ਅੰਮ੍ਰਿਤਸਰ ਦੇ ਅਧਿਕਾਰੀਆਂ ਨੇ ਆਪਣੀ ਟੀਮ ਸਮੇਤ ਥਾਣਾ ਦੀ ਪੁਲਸ ਨੂੰ ਨਾਲ ਲੈ ਕੇ ਬੀਤੇ ਕੱਲ੍ਹ ਪਿੰਡ ਸਾਹੋਵਾਲ ’ਚ ਰੇਤ ਦੀਆਂ ਕਥਿਤ ਗੈਰ-ਕਾਨੂੰਨੀ ਖੱਡਾਂ ਦੀ ਨਿਸ਼ਾਨਦੇਹੀ ਕੀਤੀ। ਗੈਰ-ਕਾਨੂੰਨੀ ਰੇਤ ਦੀਆਂ ਕਥਿਤ ਖੱਡਾਂ ਦੀ ਨਿਸ਼ਾਨਦੇਹੀ ਕਰਨ ਤੋਂ ਬਾਅਦ ਰਮਨਦੀਪ ਸਿੰਘ ਜੇ. ਈ. ਮਾਈਨਿੰਗ ਵਿਭਾਗ ਨੇ ਇਕ ਲਿਖਤੀ ਦਰਖਾਸਤ ਥਾਣਾ ਅਜਨਾਲਾ ਦੀ ਪੁਲਸ ਨੂੰ ਦੇ ਕੇ ਮੰਗ ਕੀਤੀ ਕਿ ਸਾਹੋਵਾਲ ਪਿੰਡ ਵਿਚ ਤਿੰਨ ਕਥਿਤ ਗ਼ੈਰ-ਕਾਨੂੰਨੀ ਖੱਡਾਂ ਦੀ ਨਿਸ਼ਾਨਦੇਹੀ ਉਨ੍ਹਾਂ ਦੀ ਟੀਮ ਵੱਲੋਂ ਥਾਣਾ ਅਜਨਾਲਾ ਦੀ ਪੁਲਸ ਦੀ ਹਾਜ਼ਰੀ ਵਿਚ ਕੀਤੀ ਗਈ ਹੈ।

ਇਹ ਵੀ ਪੜ੍ਹੋ-  ਅਕਾਲੀ ਆਗੂਆਂ ਨੇ ਕੀਤੇ ਪਖਾਨੇ ਸਾਫ਼

ਉਨ੍ਹਾਂ ਦਰਖ਼ਾਸਤ ਵਿਚ ਲਿਖਿਆ ਹੈ ਕਿ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਜ਼ਮੀਨ ਉੱਪਰ ਇਹ ਖੱਡਾਂ ਬਣੀਆਂ ਹਨ, ਉਸ ਜ਼ਮੀਨ ਦਾ ਮਾਲਕ ਖੱਡ ਨੰਬਰ ਇਕ ਕੁਲਵੰਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸਾਹੋਵਾਲ, ਦੂਸਰੀ ਖੱਡ ਦਿਲਬਾਗ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਸਾਹੋਵਾਲ ਤੇ ਤੀਸਰੀ ਖੱਡ ਗੁਰਨਾਮ ਸਿੰਘ ਪੁੱਤਰ ਫਕੀਰ ਸਿੰਘ ਵਾਸੀ ਸਾਹੋਵਾਲ ਪਾਇਆ ਗਿਆ ਹੈ ਅਤੇ ਲਿਖਤੀ ਦਰਖਾਸਤ ਵਿਚ ਇਹ ਵੀ ਦੱਸਿਆ ਗਿਆ ਕਿ ਉਕਤ ਨਾਜਾਇਜ਼ ਖੱਡਾਂ ਤੋਂ ਤਿੰਨ ਕਿੱਲੇ ਦੂਰੀ ਕਮਾਦਾਂ ਵਿਚ ਜੋ ਡੇਰਾ ਬਣਿਆ ਹੋਇਆ ਹੈ, ਉੱਥੇ 2 ਜੇ. ਸੀ. ਬੀ. ਮਸ਼ੀਨਾਂ ਖੜ੍ਹੀਆਂ ਹਨ।

ਇਹ ਵੀ ਪੜ੍ਹੋ-  ਸਜ਼ਾ ਦੌਰਾਨ ਸੁਖਬੀਰ ਬਾਦਲ ਨਾਲ ਪੁਲਸ ਫੋਰਸ ਤਾਇਨਾਤ ਰਹਿਣ 'ਤੇ ਖੜ੍ਹੇ ਹੋਏ ਵੱਡੇ ਸਵਾਲ

ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇ ਕਿ ਕਿਤੇ ਉਹ ਗੈਰ-ਕਾਨੂੰਨੀ ਰੇਤ ਦੀ ਮਾਈਨਿੰਗ ਕਰਨ ਵਿਚ ਸ਼ਾਮਲ ਤਾਂ ਨਹੀਂ ਹਨ।ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਜੇ. ਈ. ਰਮਨਦੀਪ ਸਿੰਘ ਵੱਲੋਂ ਅਜਨਾਲਾ ਦੇ ਪਿੰਡ ਸਾਹੋਵਾਲ ’ਚ ਹੋ ਰਹੀ ਕਥਿਤ ਗੈਰ-ਕਾਨੂੰਨੀ ਮਾਈਨਿੰਗ ਦੀ ਐੱਫ. ਆਈ. ਆਰ. ਨੰਬਰ 198 ਮਿਤੀ 19 ਅਕਤੂਬਰ 2024 ਤੇ ਐੱਫ. ਆਈ. ਆਰ. ਨੰਬਰ 225 ਮਿਤੀ 5 ਨਵੰਬਰ 2024 ਨੂੰ ਵੀ ਥਾਣਾ ਅਜਨਾਲਾ ’ਚ ਦਰਜ ਕਰਵਾਈਆਂ ਗਈਆਂ ਸੀ। ਪਰ ਥਾਣਾ ਅਜਨਾਲਾ ਦੀ ਪੁਲਸ ਵੱਲੋਂ ਸੰਬੰਧਤ ਦੋਸ਼ੀਆਂ ਵਿਰੁੱਧ ਅਜੇ ਤੱਕ ਕੋਈ ਵੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ ਤੇ ਨਾ ਹੀ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ, ਜਿਸ ਕਾਰਨ ਪਿੰਡ ਸਾਹੋਵਾਲ ’ਚ ਗੈਰ-ਕਾਨੂੰਨੀ ਮਾਈਨਿੰਗ ਬੰਦ ਨਹੀਂ ਹੋ ਰਹੀ ਅਤੇ ਗੈਰ-ਕਾਨੂੰਨੀ ਮਾਈਨਿੰਗ ਦਾ ਕੰਮ ਅੱਗੇ ਨਾਲੋਂ ਵਧਿਆ ਅਤੇ ਹੁਣ ਜੀ. ਪੀ. ਐੱਸ. ਕੁਆਰਡੀਨੇਟਸ ਦੇ ਤਾਜ਼ਾ ਅੰਕੜਿਆਂ ਸਮੇਤ ਉਕਤ ਨਾਜਾਇਜ਼ ਖੱਡਾਂ ’ਚੋਂ 2318000 ਸੀ. ਟੀ. ਟੀ. ਜ਼ਮੀਨ ਦੀ ਖ਼ੁਦਾਈ ਹੋਈ ਹੈ।

ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ

ਉਪਰੰਤ ਉਨ੍ਹਾਂ ਥਾਣਾ ਅਜਨਾਲਾ ਦੇ ਪੁਲਸ ਅਫ਼ਸਰਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੁਆਰਾ ਜੋ ਵੀ ਕਥਿਤ ਗੈਰ-ਕਾਨੂੰਨੀ ਰੇਤ ਦੀ ਮਾਈਨਿੰਗ ਦੀ ਪੜਤਾਲ ਲਈ ਅਫ਼ਸਰ ਤਾਇਨਾਤ ਕੀਤਾ ਜਾਵੇ। ਉਸ ਨੂੰ ਤਾੜਨਾ ਕੀਤੀ ਜਾਵੇ ਕਿ ਉਕਤ ਕਥਿਤ ਗੈਰ-ਕਾਨੂੰਨੀ ਮਾਈਨਿੰਗ ਨੂੰ ਗੰਭੀਰਤਾ ਨਾਲ ਲੈ ਕੇ ਸਬੰਧਤ ਦੋਸ਼ੀ ਵਿਅਕਤੀਆਂ ਵਿਰੁੱਧ ਮਾਈਨਿੰਗ ਐਂਡ ਮਿਨਰਲ ਐਕਟ ਦੀ ਧਾਰਾ 21(1) ਤਹਿਤ ਪਰਚਾ ਦਰਜ ਕੀਤਾ ਜਾਵੇ।

ਜਾਂਚ ਕਰ ਰਹੇ ਹਾਂ, ਦੋਸ਼ ਸਾਬਤ ਹੋਣ ’ਤੇ ਕਰਾਂਗੇ ਕਾਨੂੰਨੀ ਕਾਰਵਾਈ : ਐੱਸ. ਐੱਚ. ਓ. ਸਤਪਾਲ ਸਿੰਘ

ਇਸ ਸਬੰਧੀ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦਰਖਾਸਤ ਦੇ ਅਾਧਾਰ ’ਤੇ ਮੌਕਾ ਦੇਖਿਆ ਹੈ ਅਤੇ ਜਾਂਚ ਚੱਲ ਰਹੀ ਹੈ। ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ’ਤੇ ਮਾਈਨਿੰਗ ਐਂਡ ਮਿਨਰਲ ਐਕਟ ਦੀ ਧਾਰਾ ਤਹਿਤ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰੀ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News