ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਕੈਬਨਿਟ ਮੰਤਰੀਆਂ ਦੀ ਅਹਿਮ ਮੀਟਿੰਗ

Friday, Oct 10, 2025 - 03:22 PM (IST)

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਕੈਬਨਿਟ ਮੰਤਰੀਆਂ ਦੀ ਅਹਿਮ ਮੀਟਿੰਗ

ਗੁਰਦਾਸਪੁਰ (ਗੁਰਪ੍ਰੀਤ): ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਪੰਜਾਬ ਸਰਕਾਰ ਵੱਲੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਬਹੁਤ ਵੱਡੇ ਪੱਧਰ 'ਤੇ ਮਨਾਈ ਜਾ ਰਹੀ ਹੈ। ਇਸ ਸਬੰਧ ਵਿੱਚ ਕੈਬਨਿਟ ਮੰਤਰੀਆਂ ਵੱਲੋਂ ਅਹਿਮ ਮੀਟਿੰਗ ਕੀਤੀ ਗਈ।

ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ 'ਚ ਮੁੱਖ ਸਮਾਗਮ 23, 24 ਅਤੇ 25 ਨਵੰਬਰ ਨੂੰ ਹੋਣਗੇ। 23 ਨਵੰਬਰ ਨੂੰ ਸਰਬ ਧਰਮ ਸੰਮੇਲਨ ਹੋਵੇਗਾ। 24 ਨਵੰਬਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਜਾ ਰਿਹਾ ਹੈ। 25 ਨਵੰਬਰ ਨੂੰ ਸਰਬੱਤ ਦੇ ਭਲੇ ਲਈ ਇਕੱਤਰਤਾ ਹੋਵੇਗੀ। ਤਿੰਨੋਂ ਦਿਨ ਸ਼ਾਮ ਨੂੰ ਡਰੋਨ ਸ਼ੋਅ ਅਤੇ ਕੀਰਤਨ ਦਰਬਾਰ ਵੀ ਆਯੋਜਿਤ ਕੀਤੇ ਜਾਣਗੇ।

ਗੁਰਦਾਸਪੁਰ ਨਗਰ ਕੀਰਤਨ ਦੀ ਰੂਪ-ਰੇਖਾ

ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਚਾਰ ਆਰੰਭੇ ਜਾਣ ਵਾਲੇ ਨਗਰ ਕੀਰਤਨਾਂ 'ਚੋਂ, ਮਾਝੇ ਅਤੇ ਮਾਲਵੇ ਨੂੰ ਜੋੜਦਾ ਹੋਇਆ ਇੱਕ ਨਗਰ ਕੀਰਤਨ ਗੁਰਦਾਸਪੁਰ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਜਾਵੇਗਾ। ਇਹ ਨਗਰ ਕੀਰਤਨ 20 ਅਕਤੂਬਰ ਨੂੰ ਸਵੇਰੇ 8 ਵਜੇ ਗੁਰਦੁਆਰਾ ਬਾਬਾ ਹਰੀ ਸਿੰਘ ਜੀ, ਬਠਵਾਲਾ ਸਾਹਿਬ ਤੋਂ ਆਰੰਭਿਆ ਜਾਵੇਗਾ। ਇਸ ਨਗਰ ਕੀਰਤਨ ਦੀ ਰਹਿਨੁਮਾਈ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਭੂਰੀ ਵਾਲੇ ਅਤੇ ਹੋਰ ਮਾਝੇ ਦੇ ਸੰਤ ਮਹਾਂਪੁਰਖ ਕਰਨਗੇ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਨਮਾਨ ਵਿੱਚ ਨਗਰ ਕੀਰਤਨ ਦੇ ਆਰੰਭ ਹੋਣ ਵਾਲੀ ਥਾਂ 'ਤੇ ਇੱਕ ਬਹੁਤ ਸ਼ਾਨਦਾਰ 'ਗਾਰਡ ਆਫ਼ ਆਨਰ' ਦਿੱਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਸਾਰੀਆਂ ਸੜਕਾਂ ਦੀ ਸਾਫ਼-ਸਫ਼ਾਈ ਅਤੇ ਜੋ ਰਸਤੇ ਖਰਾਬ ਹਨ, ਉਨ੍ਹਾਂ ਦੀ ਮੁਰੰਮਤ ਸਮੇਤ ਸਾਰੀਆਂ ਤਿਆਰੀਆਂ ਪਹਿਲਾਂ ਹੀ ਕਰ ਲਈਆਂ ਜਾਣਗੀਆਂ।ਇਸ ਤੋਂ ਇਲਾਵਾ, ਇੱਕ ਨਗਰ ਕੀਰਤਨ ਸ੍ਰੀਨਗਰ (ਕਸ਼ਮੀਰ) ਤੋਂ 19 ਅਕਤੂਬਰ ਨੂੰ ਆਰੰਭਿਆ ਜਾਵੇਗਾ।

ਗੁਰਦਾਸਪੁਰ ਵਿੱਚ ਲਾਈਟ ਐਂਡ ਸਾਊਂਡ ਸ਼ੋਅ

ਟੂਰਿਜ਼ਮ ਵਿਭਾਗ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ 1 ਨਵੰਬਰ ਤੋਂ 18 ਨਵੰਬਰ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਸ਼ਹਾਦਤ ਬਾਰੇ ਇੱਕ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਲਗਭਗ 20 ਤੋਂ 25 ਹਜ਼ਾਰ ਸੰਗਤ ਦੀ ਆਮਦ ਦੀ ਤਿਆਰੀ ਕੀਤੀ ਜਾ ਰਹੀ ਹੈ। ਸਕੂਲੀ ਅਤੇ ਕਾਲਜ ਦੇ ਬੱਚਿਆਂ ਨੂੰ ਵਿਸ਼ੇਸ਼ ਸੱਦਾ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਗੁਰੂ ਸਾਹਿਬ ਦੇ ਜੀਵਨ ਬਾਰੇ ਜਾਣ ਸਕਣ।

 

 

 


author

Shivani Bassan

Content Editor

Related News