ਮੈਡੀਕਲ ਸਟੋਰ ’ਤੇ ਪੁਲਸ ਨੇ ਮਾਰਿਆ ਛਾਪਾ, ਨਸ਼ੇ ਦੀਆਂ ਦਵਾਈਆਂ ਸਣੇ ਬਰਾਮਦ ਹੋਈ ਨਕਦੀ
Wednesday, May 25, 2022 - 01:46 PM (IST)

ਫ਼ਤਹਿਗੜ੍ਹ ਚੂੜੀਆਂ (ਬਿਕਰਮਜੀਤ/ਸਾਰੰਗਲ)- ਸਥਾਨਕ ਮੈਡੀਕਲ ਸਟੋਰ ’ਤੇ ਛਾਪੇਮਾਰੀ ਦੌਰਾਨ ਨਸ਼ੇ ਦੀਆਂ ਦਵਾਈਆਂ ਤੇ ਨਕਦੀ ਬਰਾਮਦ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਥਾਣਾ ਫ਼ਤਿਹਗੜ੍ਹ ਚੂੜੀਆਂ ਦੇ ਐੱਸ. ਐੱਚ. ਓ. ਇੰਸਪੈਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਸਮੇਤ ਮੇਨ ਬਜ਼ਾਰ ’ਚ ਸਥਿਤ ਇਕ ਮੈਡੀਕਲ ਸਟੋਰ ’ਤੇ ਡਰੱਗ ਇੰਸਪੈਕਟਰ ਗੁਰਦਾਸਪੁਰ ਗੁਰਦੀਪ ਸਿੰਘ ਦੀ ਮੌਜੂਦਗੀ ਵਿਚ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪਾਬੰਦੀਸ਼ੁਦਾ ਨਸ਼ੇ ਦੀਆਂ ਗੋਲੀਆਂ ਦੀ ਬਰਾਮਦਗੀ ਕਰਨ ਮਗਰੋਂ ਮੈਡੀਕਲ ਸਟੋਰ ਦੇ ਮਾਲਕ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਾਲਾ ਅਫਗਾਨਾ ਪੁਲਸ ਚੌਕੀ ਦੇ ਇੰਚਾਰਜ ਰਜਿੰਦਰ ਸਿੰਘ ਨੇ ਪਿੰਡ ਅਵਾਣ ਦੇ ਟੀ ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਵੇਖ ਕੇ ਪਿੰਡ ਅਵਾਣ ਵੱਲੋਂ ਆ ਰਿਹਾ ਇਕ ਵਿਅਕਤੀ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੁਲਸ ਪਾਰਟੀ ਵੱਲੋਂ ਉਸ ਨੂੰ ਕਾਬੂ ਕਰਦਿਆਂ ਉਸਦੀ ਚੈਕਿੰਗ ਕੀਤੀ, ਜਿਸ ਕੋਲੋਂ 100 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਭੁਪਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਪਿੰਡ ਅਵਾਣ ਵਜੋਂ ਹੋਈ। ਐੱਸ.ਐੱਚ.ਓ ਪ੍ਰਭਜੋਤ ਸਿੰਘ ਨੇ ਅੱਗੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਭੁਪਿੰਦਰ ਸਿੰਘ ਦੀ ਥਾਣੇ ਵਿਚ ਸਖ਼ਤੀ ਨਾਲ ਪੁੱਛਗਿੱਛ ਕਰਨ ਮਗਰੋਂ ਉਸ ਨੇ ਫ਼ਤਿਹਗੜ੍ਹ ਚੂੜੀਆਂ ਦੇ ਇਕ ਮੈਡੀਕਲ ਸਟੋਰ ਦਾ ਨਾਂ ਲਿਆ।
ਇਸ ਤੋਂ ਬਾਅਦ ਪੁਲਸ ਪਾਰਟੀ ਨੇ ਮੈਡੀਕਲ ਸਟੋਰ ’ਤੇ ਛਾਪੇਮਾਰੀ ਕਰਦਿਆਂ 2 ਹਜ਼ਾਰ 33 ਨਸ਼ੇ ਦੀਆਂ ਗੋਲੀਆਂ ਅਤੇ 17 ਹਜ਼ਾਰ 260 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਸਟੋਰ ਦੇ ਮਾਲਕ ਕੁਲਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਵਾਰਡ ਨੰਬਰ 10 ਫ਼ਤਿਹਗੜ੍ਹ ਚੂੜੀਆਂ ਅਤੇ ਭੁਪਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਪਿੰਡ ਅਵਾਣ ਵਿਰੁੱਧ ਮੁਕੱਦਮਾ ਦਰਜ ਕੇ ਅਗਲੇਰੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।