ਰਾਤ ਸਮੇਂ ਜਾਣਕਾਰ ਔਰਤ ਦੇ ਘਰ ਗਏ ਵਿਅਕਤੀ ਦੀ ਮੌਤ
Monday, Mar 17, 2025 - 12:48 PM (IST)

ਤਰਨਤਾਰਨ (ਰਮਨ)- ਰਾਤ ਸਮੇਂ ਜਾਣਕਾਰ ਔਰਤ ਦੇ ਘਰ ਗਏ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਸਬੰਧਤ ਔਰਤ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਰਾਜਵਿੰਦਰ ਕੌਰ ਪਤਨੀ ਹਰਮਨਦੀਪ ਸਿੰਘ ਵਾਸੀ ਪਿੰਡ ਡੱਲ ਨੇ ਦੱਸਿਆ ਕਿ ਉਸਦਾ ਪਤੀ ਹਰਮਨਦੀਪ ਸਿੰਘ (32) ਭਿੱਖੀਵਿੰਡ ਅੱਡੇ ’ਤੇ ਮੋਬਾਈਲਾਂ ਦੀ ਦੁਕਾਨ ’ਤੇ ਕੰਮ ਕਰਦਾ ਹੈ। ਉਸ ਦਾ ਪਤੀ ਆਪਣੇ ਦੋਸਤ ਗੁਰਦੇਵ ਸਿੰਘ ਉਰਫ ਗੋਪੀ ਵਾਸੀ ਭਿੱਖੀਵਿੰਡ ਨਾਲ 11 ਮਾਰਚ ਨੂੰ ਆਪਣੇ ਮੋਟਰਸਾਈਕਲ ’ਤੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਚਲੇ ਗਏ ਅਤੇ 14 ਮਾਰਚ ਦੀ ਰਾਤ ਸਾਢੇ 10 ਵਾਪਸ ਭਿੱਖੀਵਿੰਡ ਆ ਗਏ ਤੇ ਗੋਪੀ ਦੇ ਘਰ ਹੀ ਰੁਕ ਗਏ। ਇਹ ਸਾਰਾ ਕੁਝ ਉਸਦਾ ਪਤੀ ਉਸ ਨੂੰ ਫੋਨ ’ਤੇ ਨਾਲ-ਨਾਲ ਹੀ ਦੱਸਦਾ ਰਿਹਾ। ਅੱਜ ਸਵੇਰੇ 6.45 ਉਸ ਨੂੰ ਸਿਮਰਨ ਸਿੰਘ ਉਰਫ ਸਿੰਮੂ ਪੁੱਤਰ ਨਿਰਮਲ ਸਿੰਘ ਵਾਸੀ ਡੱਲ ਦਾ ਫੋਨ ਆਇਆ ਕਿ ਹਰਮਨਦੀਪ ਸਿੰਘ ਦੀ ਮੌਤ ਹੋ ਗਈ ਹੈ, ਜਿਸ ਦੀ ਡੈੱਡ ਬਾਡੀ ਅਸੀਂ ਘਰ ਲੈ ਕੇ ਆ ਰਹੇ ਹਾਂ । ਕਰੀਬ 8 ਵਜੇ ਸਵੇਰੇ ਸਿਮਰਨ ਸਿੰਘ ਅਤੇ ਗੁਰਦੇਵ ਸਿੰਘ ਉਰਫ ਗੋਪੀ ਉਸਦੇ ਪਤੀ ਦੀ ਡੈੱਡ ਬਾਡੀ ਘਰ ਲੈ ਕੇ ਆ ਗਏ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮੁਰਗੀ ਨੇ ਬਣਾ 'ਤਾ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ
ਉਸਦੇ ਪਤੀ ਦੇ ਨੱਕ ਅਤੇ ਕੰਨਾਂ ’ਚੋਂ ਖੂਨ ਵਗਿਆ ਹੋਇਆ ਹੈ ਪਰ ਸਰੀਰ ’ਤੇ ਕੋਈ ਸੱਟ ਨਹੀਂ ਸੀ ਅਤੇ ਕਮੀਜ਼ ਫਟੀ ਹੋਈ ਸੀ। ਉਸਦੇ ਪੁੱਛਣ ’ਤੇ ਮੌਤ ਕਿਸ ਤਰ੍ਹਾਂ ਹੋਈ ਹੈ ਤਾਂ ਗੁਰਦੇਵ ਸਿੰਘ ਉਰਫ ਗੋਪੀ ਨੇ ਦੱਸਿਆ ਕਿ ਰਾਤ 10-11 ਵਜੇ ਦੇ ਕਰੀਬ ਸਰਬਜੀਤ ਕੌਰ ਉਰਫ ਗਗਨ ਪਤਨੀ ਗੁਰਿੰਦਰ ਸਿੰਘ ਵਾਸੀ ਪਹੂਵਿੰਡ ਹਾਲ ਵਾਸੀ ਅੰਮ੍ਰਿਤਸਰ ਰੋਡ ਭਿੱਖੀਵਿੰਡ ਜੋ ਕਿਰਾਏ ’ਤੇ ਕਮਰਾ ਲੈ ਕੇ ਰਹਿੰਦੀ ਹੈ, ਨੇ ਹਰਮਨਦੀਪ ਸਿੰਘ ਨੂੰ ਫੋਨ ਕਰਕੇ ਆਪਣੇ ਘਰ ਸੱਦਿਆ ਸੀ। ਸਵੇਰੇ 6 ਵਜੇ ਸਰਬਜੀਤ ਕੌਰ ਨੇ ਸੁਖਰਾਜ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਡੱਲ ਜੋ ਸ਼ਰੀਕੇ ਵਿਚੋਂ ਮੁਦੱਈਆ ਦਾ ਦਿਓਰ ਲੱਗਦਾ ਹੈ, ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦੇ ਘਰ ਹਰਮਨਦੀਪ ਸਿੰਘ ਨੂੰ ਕੁਝ ਹੋ ਗਿਆ ਹੈ। ਇਸ ਦੌਰਾਨ ਸਿਮਰਨ ਸਿੰਘ ਤੇ ਗੁਰਦੇਵ ਸਿੰਘ ਉਰਫ ਗੋਪੀ ਦੋਵਾਂ ਨੇ ਸਰਬਜੀਤ ਕੌਰ ਦੇ ਘਰ ਪੁੱਜ ਉਸਦੇ ਪਤੀ ਨੂੰ ਇਲਾਜ ਲਈ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ 11 ਪਿੰਡਾਂ ਨੂੰ ਲੈ ਕੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਕੀਤੇ ਸਖ਼ਤ ਆਦੇਸ਼ ਜਾਰੀ
ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਦਾ ਸਰਬਜੀਤ ਕੌਰ ਦੇ ਘਰ ਆਉਣ ਜਾਣ ਸੀ। ਸਰਬਜੀਤ ਕੌਰ ਨੇ ਹੀ ਉਸਦੇ ਪਤੀ ਨੂੰ ਆਪਣੇ ਘਰ ਰਾਤ ਸਮੇਂ ਸੱਦ ਕੋਈ ਜ਼ਹਿਰੀਲੀ ਚੀਜ਼ ਦੇ ਦਿੱਤੀ ਹੈ, ਜਿਸ ਨਾਲ ਉਸਦੇ ਪਤੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਸਰਬਜੀਤ ਕੌਰ ਉਰਫ ਗਗਨ ਪਤਨੀ ਗੁਰਿੰਦਰ ਸਿੰਘ ਵਾਸੀ ਪਹੂਵਿੰਡ ਹਾਲ ਵਾਸੀ ਸਾਹਮਣੇ ਥਾਣਾ ਭਿੱਖੀਵਿੰਡ ਖਿਲਾਫ ਪਰਚਾ ਦਰਜ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਰੇਡ ਕਰਨ ਆਈ ਪੰਜਾਬ ਪੁਲਸ ਨੂੰ ਵੇਖ ਮੁੰਡੇ ਨੇ ਜੋ ਕੀਤਾ ਉੱਡ ਜਾਣਗੇ ਹੋਸ਼, ਵੇਖੋ ਮੌਕੇ ਦੀ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8