ਪ੍ਰਾਪਰਟੀ ਦੇ ਲਾਲਚ ’ਚ ਆ ਕੇ ਮਾਂ-ਪੁੱਤ ਨੇ ਰਿਸ਼ਤੇਦਾਰਾਂ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ

11/30/2020 1:10:32 AM

ਤਰਨਤਾਰਨ, (ਰਾਜੂ)- ਥਾਣਾ ਸਿਟੀ ਪੱਟੀ ਪੁਲਸ ਨੇ ਪ੍ਰਾਪਰਟੀ ਦੇ ਲਾਲਚ ਵਿਚ ਆ ਕੇ ਪਤਨੀ ਵਲੋਂ ਆਪਣੇ ਪੁੱਤਰ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਪਤੀ ਦੇ ਮੰੂਹ ਉੱਪਰ ਸਿਰਹਾਣਾ ਰੱਖ ਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਦੇ ਦੋਸ਼ ਹੇਠ 4 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਗਿਆਨ ਕੌਰ ਪਤਨੀ ਹਰੀ ਸਿੰਘ ਵਾਸੀ ਵਾਰਡ ਨੰਬਰ 18 ਪੱਟੀ ਨੇ ਦੱਸਿਆ ਕਿ ਉਸ ਦੇ ਲਡ਼ਕੇ ਜਸਪਾਲ ਸਿੰਘ ਨੇ ਪੱਟੀ ਸ਼ਹਿਰ ਵਿਚ ਜਾਇਦਾਦ ਬਣਾਈ ਹੋਈ ਹੈ ਅਤੇ ਇਸ ਦੀ ਪਤਨੀ ਸੀਤਾ ਰਾਣੀ ਮੇਰੇ ਲਡ਼ਕੇ ਜਸਪਾਲ ਸਿੰਘ ਉਪਰ ਦਬਾਅ ਬਣਾਉਂਦੀ ਸੀ ਕਿ ਉਹ ਸਾਰੀ ਪ੍ਰਾਪਰਟੀ ਉਸ ਦੇ ਨਾਮ ’ਤੇ ਕਰਵਾਏ ਤਾਂ ਜੋ ਉਹ ਸਾਰੀ ਪ੍ਰਾਪਰਟੀ ਵੇਚ ਸਕਣ। ਲੇਕਿਨ ਜਸਪਾਲ ਸਿੰਘ ਪ੍ਰਾਪਰਟੀ ਨਾਮ ਕਰਵਾਉਣ ਤੋਂ ਮਨ੍ਹਾਂ ਕਰਦਾ ਸੀ ਜਿਸ ਕਰਕੇ ਬੀਤੇ ਦਿਨੀਂ ਉਸ ਦੀ ਨੂੰਹ ਸੀਤਾ ਰਾਣੀ ਨੇ ਆਪਣੇ ਲਡ਼ਕੇ ਰਛਪਾਲ ਸਿੰਘ ਉਰਫ ਗੋਰਾ ਅਤੇ ਰਿਸ਼ਤੇਦਾਰਾਂ ਸਿਮਰਨ ਕੌਰ ਅਤੇ ਲਵਪ੍ਰੀਤ ਸਿੰਘ ਨਾਲ ਮਿਲ ਕੇ ਇੱਕ ਸਲਾਹ ਹੋ ਕੇ ਜਸਪਾਲ ਸਿੰਘ ਦੇ ਮੂੰਹ ਉਪਰ ਸਿਰਹਾਣਾ ਰੱਖ ਕੇ ਸਾਹ ਘੁੱਟ ਦਿੱਤਾ। ਜਿਸ ਕਾਰਨ ਉਸ ਦੇ ਬੇਟੇ ਜਸਪਾਲ ਸਿੰਘ ਦੀ ਮੌਤ ਹੋ ਗਈ। ਉੱਧਰ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਮੁੱਦਈਆ ਦੇ ਬਿਆਨਾਂ ’ਤੇ ਰਛਪਾਲ ਸਿੰਘ ਉਰਫ ਗੋਰਾ ਪੁੱਤਰ ਜਸਪਾਲ ਸਿੰਘ, ਸੀਤਾ ਰਾਣੀ ਪਤਨੀ ਜਸਪਾਲ ਸਿੰਘ ਵਾਸੀਆਨ ਪੱਟੀ, ਸਿਮਰਨ ਕੌਰ ਪਤਨੀ ਸੁਖਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਪੱੁਤਰ ਸੁਖਵਿੰਦਰ ਸਿੰਘ ਵਾਸੀ ਮਾਣੋਚਾਹਲ ਖਿਲਾਫ ਮੁਕੱਦਮਾ ਨੰਬਰ 271 ਧਾਰਾ 302/34 ਆਈ.ਪੀ.ਸੀ . ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।


Bharat Thapa

Content Editor Bharat Thapa