ਲੁੱਟਾਂ-ਖੋਹਾਂ ਕਰਨ ਵਾਲੇ 7 ਮੈਂਬਰੀ ਗਿਰੋਹ ਦੇ 3 ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ

Thursday, Apr 21, 2022 - 12:49 PM (IST)

ਲੁੱਟਾਂ-ਖੋਹਾਂ ਕਰਨ ਵਾਲੇ 7 ਮੈਂਬਰੀ ਗਿਰੋਹ ਦੇ 3 ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ

ਤਰਨਤਾਰਨ (ਰਮਨ ਚਾਵਲਾ, ਰਾਜੂ)- ਪੁਲਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 7 ਮੈਂਬਰੀ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੱਡਾ ਡੇਹਰਾ ਸਾਹਿਬ ਤੋਂ ਜਾਮਾਰਾਏ ਨੂੰ ਨਹਿਰ ਦੇ ਨਾਲ ਜਾਂਦੀ ਸੜਕ ਵਿਖੇ ਪੁਲ ਦਿਲਾਵਲਪੁਰ ਠੱਲਾ ਨਜ਼ਦੀਕ ਇਕ ਬਿਨਾਂ ਨੰਬਰੀ ਇਨੋਵਾ ਅਤੇ ਇਕ ਸਵਿੱਫਟ ਕਾਰ ਖੜ੍ਹੀ ਹੈ।

ਪੜ੍ਹੋ ਇਹ ਵੀ ਖ਼ਬਰ - ਮੁੰਡਾ ਹੋਣ ਦੀ ਖਵਾਈ ਸੀ ਦਵਾਈ ਪਰ ਹੋਈ ਕੁੜੀ, ਹੁਣ ਸਹੁਰਿਆਂ ਨੇ ਘਰੋਂ ਕੱਢੀ ਗਰਭਵਤੀ ਜਨਾਨੀ

ਕਾਰ ਨਜ਼ਦੀਕ ਕੁਝ ਵਿਅਕਤੀ ਜਿਨ੍ਹਾਂ ਕੋਲ ਹਥਿਆਰ ਵੀ ਹਨ, ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ’ਚ ਹਨ। ਪੁਲਸ ਨੇ ਛਾਪੇਮਾਰੀ ਕਰਦੇ ਹੋਏ ਕਰਨਦੀਪ ਸਿੰਘ ਉਰਫ ਕਰਨ ਪੁੱਤਰ ਸਵਿੰਦਰ ਸਿੰਘ ਵਾਸੀ ਰੂੜੀਵਾਲਾ, ਹਰਮਨਦੀਪ ਸਿੰਘ ਉਰਫ ਹਰਮਨ ਪੁੱਤਰ ਗੁਰਬਖਸ਼ ਸਿੰਘ ਵਾਸੀ ਟਾਂਡਾ, ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਜਿੰਦਰ ਸਿੰਘ ਵਾਸੀ ਚੋਹਲਾ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਪਾਸੋਂ ਇਕ ਬਿਨਾਂ ਨੰਬਰੀ ਇਨੋਵਾ ਕਾਰ, ਦੋ ਦਾਤਰ, ਇਕ ਦੇਸੀ ਪਿਸਤੌਲ 315 ਬੋਰ ਅਤੇ ਚਾਰ ਮੋਬਾਇਲ ਫੋਨ ਬਰਾਮਦ ਹੋਏ।

ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ

ਐੱਸ.ਐੱਸ.ਪੀ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਦੇ ਹੋਰ ਸਾਥੀ ਜਿਨ੍ਹਾਂ ’ਚ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸਰਬਜੀਤ ਸਿੰਘ, ਜਗਰੂਪ ਸਿੰਘ ਉਰਫ ਜੂਪਾ ਪੁੱਤਰ ਸੁਖਵਿੰਦਰ ਸਿੰਘ, ਸੁਖਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਹਰਮਨਪ੍ਰੀਤ ਸਿੰਘ ਉਰਫ ਦਾਣਾ ਪੁੱਤਰ ਜਸਬੀਰ ਸਿੰਘ ਮੌਕੇ ਤੋਂ ਸਵਿੱਫਟ ਕਾਰ ਸਮੇਤ ਫ਼ਰਾਰ ਹੋ ਗਏ। ਐੱਸ.ਐੱਸ.ਪੀ ਨੇ ਦੱਸਿਆ ਕਿ ਇਸ ਗਿਰੋਹ ਵਲੋਂ ਬੀਤੇ ਕੁਝ ਦਿਨ ਪਹਿਲਾਂ ਨੌਸ਼ਹਿਰਾ ਪੰਨੂਆਂ ਵਿਖੇ ਸਥਿਤ ਢੀਂਗਰਾ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ 4 ਹਜ਼ਾਰ ਰੁਪਏ ਦੀ ਨਕਦੀ ਲੁੱਟੀ ਸੀ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਇਸੇ ਤਰ੍ਹਾਂ ਢੋਟੀਆਂ ਵਿਖੇ ਸਥਿਤ ਪੰਜਾਬ ਮੈਡੀਕਲ ਸਟੋਰ ਨੂੰ  ਨਿਸ਼ਾਨਾ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦੋ ਦਿਨਾਂ ਰਿਮਾਂਡ ਹਾਸਲ ਕਰਨ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ, ਜਿਸ ’ਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐੱਸ.ਪੀ ਵਿਸ਼ਾਲਜੀਤ ਸਿੰਘ, ਡੀ.ਐੱਸ.ਪੀ ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ, ਡੀ.ਐੱਸ.ਪੀ (ਡੀ) ਦੇਵਦੱਤ ਸ਼ਰਮਾ, ਡੀ.ਐੱਸ.ਪੀ ਸਥਾਨਕ ਗੁਰਪ੍ਰਤਾਪ ਸਿੰਘ, ਥਾਣਾ ਗੋਇੰਦਵਾਲ ਸਾਹਿਬ ਮੁਖੀ ਸ਼ਿਵਦਰਸ਼ਨ ਸਿੰਘ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਵਿਸਾਖੀ ’ਤੇ ਪਾਕਿ ਗਏ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ, ਗੁਰਦੁਆਰਾ ਪੰਜਾ ਸਾਹਿਬ ਹੋਣਾ ਸੀ ਨਤਮਸਤਕ


author

rajwinder kaur

Content Editor

Related News