ਕਾਲਿਆਂ ਵਾਲਾ ਖੂਹ ’ਤੇ ਪਹੁੰਚ ਕੇ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Saturday, Aug 13, 2022 - 06:36 PM (IST)

ਕਾਲਿਆਂ ਵਾਲਾ ਖੂਹ ’ਤੇ ਪਹੁੰਚ ਕੇ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਅਜਨਾਲਾ (ਗੁਰਜੰਟ) - 75ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾਉਣ ਤੋਂ ਪਹਿਲਾਂ ਪੰਜਾਬ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਆਪਣੇ ਜੱਦੀ ਸ਼ਹਿਰ ਅਜਨਾਲਾ ’ਚ 1857 ਦੇ ਸ਼ਹੀਦਾਂ ਦੀ ਯਾਦ ’ਚ ਬਣੇ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੂਹ ਵਿਖੇ ਨਤਮਸਤਕ ਹੁੰਦਿਆਂ ਹੋਇਆ ਜੁੱਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ਼ਹੀਦ ਕੌਮ ਦਾ ਉਹ ਸਰਮਾਇਆ ਹਨ, ਜਿਨ੍ਹਾਂ ਕਰਕੇ ਸਾਨੂੰ ਆਜ਼ਾਦੀ ਦਾ ਨਿੱਘ ਮਿਲਿਆ ਹੈ। ਇਸ ਲਈ ਸਾਨੂੰ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। 

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਸਹੁਰੇ ਦੇ ਕਤਲ 'ਚ ਗਿਆ ਸੀ ਜੇਲ੍ਹ, ਜ਼ਮਾਨਤ 'ਤੇ ਆਉਣ ਮਗਰੋਂ ਪਤਨੀ ਤੇ ਸੱਸ ਨੂੰ ਦਿੱਤੀ ਭਿਆਨਕ ਮੌਤ

ਉਨ੍ਹਾਂ ਕਿਹਾ ਕਿ ਮੈਨੂੰ ਫਖ਼ਰ ਹੈ ਕਿ ਮੈਂ ਉਸ ਇਲਾਕੇ ਦਾ ਜੰਮਪਲ ਹਾਂ, ਜਿੱਥੇ ਜੰਗ-ਏ-ਆਜ਼ਾਦੀ ਦੇ ਪਹਿਲੇ ਅੰਦੋਲਨ ਵਿਚ 282 ਸ਼ਹੀਦਾਂ ਨੇ ਆਪਣੀ ਸ਼ਹਾਦਤ ਦਿੱਤੀ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਈਏ, ਤਾਂ ਕਿ ਉਹ ਦੇਸ਼ ਪ੍ਰੇਮ ਦੀ ਗੁੜਤੀ ਲੈ ਸਕਣ। ਉਨ੍ਹਾਂ ਅੱਗੇ ਕਿਹਾ ਕਿ ਇਹ ਆਜ਼ਾਦੀ ਸਾਨੂੰ ਏਨੀ ਸਸਤੀ ਨਹੀਂ ਮਿਲੀ, ਜਿੰਨੀ ਕਿ ਸਾਡੀਆਂ ਪੀੜ੍ਹੀਆਂ ਸਮਝ ਰਹੀਆਂ ਹਨ। ਇਸ ਲਈ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਦੇਸ਼ ਕੌਮ ਤੋਂ ਸ਼ਹੀਦ ਹੋਣ ਵਾਲੇ ਸੂਰਬੀਰ ਯੋਧਿਆਂ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ: ਮਮਦੋਟ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲਿਆ ਬਿਨਾਂ ਸਿਰ ਤੋਂ ਬੱਚੇ ਦਾ ਭਰੂਣ

ਇਸ ਮੌਕੇ ਐੱਸ.ਡੀ.ਐੱਮ. ਅਜਨਾਲਾ ਅਮਨਪ੍ਰੀਤ ਸਿੰਘ, ਈ.ਓ.ਰਣਦੀਪ ਸਿੰਘ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਵਰਿਆਮ ਸਿੰਘ, ਪ੍ਰਧਾਨ ਧਰਮਿੰਦਰ ਸਿੰਘ ਪ੍ਰਿੰਸ, ਵਾਈਸ ਪ੍ਰਧਾਨ ਬਲਵਿੰਦਰ ਸਿੰਘ, ਜਨਰਲ ਸੈਕਟਰੀ ਭਾਈ ਕਾਬਲ ਸਿੰਘ ਸ਼ਾਹਪੁਰ ਆਦਿ ਸਖਸ਼ੀਅਤਾਂ ਹਾਜ਼ਰ ਸਨ। 


author

rajwinder kaur

Content Editor

Related News