ਸਿਹਤ ਵਿਭਾਗ ਨੇ ਡੇਅਰੀ ਤੇ ਨਮਕੀਨ ਦੀਆਂ ਦੁਕਾਨਾਂ ਤੋਂ ਭਰੇ ਸੈਂਪਲ

Sunday, Nov 25, 2018 - 12:34 AM (IST)

 ਬਟਾਲਾ,  (ਸਾਹਿਲ)-  ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਬਟਾਲਾ ਵਿਖੇ ਵੱਖ-ਵੱਖ ਡੇਅਰੀਆਂ ਅਤੇ ਨਮਕੀਨ ਦੀਆਂ ਦੁਕਾਨਾਂ ਤੇ ਵੱਡੀ ਪੱਧਰ ’ਤੇ ਚੈਕਿੰਗ ਕੀਤੀ ਗਈ। ਇਸ ਸਬੰਧੀ  ਜ਼ਿਲਾ ਸਿਹਤ ਅਧਿਕਾਰੀ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਸਾਡੀ ਟੀਮ ਵੱਲੋਂ ਬਟਾਲਾ ਦੀ ਪਰਮਾਰ ਡੇਅਰੀ  ਵਿਖੇ ਦੁੱਧ, ਘਿਓ, ਪਨੀਰ ਅਤੇ ਦਹੀਂ ਦੇ ਸੈਂਪਲ ਭਰੇ ਗਏ ਅਤੇ ਇਸ ਤੋਂ ਇਲਾਵਾ ਬੀਕਾਨੇਰ ਨਮਕੀਨ ਦੀ ਦੁਕਾਨ ਤੋਂ ਨਮਕੀਨ ਦੇ 3 ਸੈਂਪਲ ਭਰੇ ਅਤੇ ਜਾਂਚ ਲਈ ਚੰਡੀਗਡ਼੍ਹ ਲੈਬਾਰਟਰੀ ਭੇਜ ਦਿੱਤੇ ਗਏ ਹਨ ਤਾਂ ਜੋ ਮਿਲਾਵਟ ਦਾ ਪਤਾ ਲਾਇਆ ਜਾ ਸਕੇ। 
ਉਨ੍ਹਾਂ ਦੁਕਾਨਦਾਰਾਂ ਨੂੰ ਖਾਣ ਪੀਣ ਦੇ ਪਦਾਰਥਾਂ ਨੂੰ ਬਣਾਉਣ ਵੇਲੇ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ। ਡਾ. ਅਮਨਦੀਪ ਨੇ ਮਿਲਾਵਟਖੋਰਾਂ ਨੂੰ ਸਖ਼ਤ ਤਾਡ਼ਨਾ ਕਰਦਿਆਂ ਕਿਹਾ ਹੈ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਸੂਰਤ ’ਚ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਆਸ-ਪਾਸ ਕੋਈ ਦੁਕਾਨਦਾਰ ਖਾਣ-ਪੀਣ ਦੀਆਂ ਵਸਤਾਂ ’ਚ ਮਿਲਾਵਟ ਕਰਦਾ ਹੈ ਤਾਂ ਉਸਦੀ ਜਾਣਕਾਰੀ ਸਾਨੂੰ ਦੇਣ ਤਾਂ ਅਜਿਹੇ ਦੁਕਾਨਦਾਰਾਂ ਵਿਰੁੱਧ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਅਤੇ ਤੁਹਾਡਾ ਨਾਮ ਵੀ ਗੁਪਤ ਰੱਖਾਂਗੇ। 
  
 
 


Related News