ਅੰਤਰਰਾਸ਼ਟਰੀ ਨੰਬਰਾਂ ਤੋਂ ਕਾਰੋਬਾਰੀ ਨੂੰ ਆਏ ਧਮਕੀ ਭਰੇ ਫੋਨ, ਮੰਗੀ 20 ਲੱਖ ਦੀ ਫ਼ਿਰੌਤੀ

Tuesday, Sep 10, 2024 - 04:52 PM (IST)

ਖਰੜ (ਰਣਬੀਰ) : ਕਾਰੋਬਾਰੀ ਨੂੰ ਫੋਨ 'ਤੇ ਧਮਕੀਆਂ ਦਿੰਦੇ ਹੋਏ ਉਸ ਕੋਲੋਂ ਫ਼ਿਰੌਤੀ ਦੀ ਮੰਗ ਕਰਦਿਆਂ, ਰਕਮ ਨਾ ਦੇਣ ਦੀ ਸੂਰਤ 'ਚ ਉਸਦੇ ਪਰਿਵਾਰ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੇ ਦੋਸ਼ ਤਹਿਤ ਥਾਣਾ ਸਦਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸੈਕਟਰ-125 ਸੰਨੀ ਇਨਕਲੇਵ ਖਰੜ ਨਾਲ ਸਬੰਧਿਤ ਵਿਅਕਤੀ ਜਿਸਦਾ ਆਪਣਾ ਕਾਰੋਬਾਰ ਹੈ, ਵੱਲੋਂ ਪੁਲਸ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ ਦੇ ਅੰਦਰ ਉਸਨੇ ਦੱਸਿਆ ਕਿ ਬੀਤੀ ਪਹਿਲੀ ਤਾਰੀਖ਼ ਨੂੰ ਉਸ ਦੇ ਫੋਨ 'ਤੇ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ।

ਇਸ ਨੂੰ ਕਰਨ ਵਾਲੇ ਨਾ-ਮਾਲੂਮ ਵਿਅਕਤੀ ਨੇ ਉਸ ਨੂੰ ਗੱਲ ਕਰਦਿਆਂ ਸਾਰ ਧਮਕੀ ਦਿੰਦੇ ਹੋਇਆ ਕਿਹਾ ਕਿ ਉਹ ਫੋਨ ਹੈਕਰ ਹਨ, ਜੋ ਬਹੁਤ ਹੀ ਖ਼ਤਰਨਾਕ ਅੰਤਰਰਾਸ਼ਟਰੀ ਗਿਰੋਹ ਨਾਲ ਸਬੰਧ ਰੱਖਦੇ ਹਨ। ਇਸ ਪਿੱਛੋਂ ਉਕਤ ਵਿਅਕਤੀ ਨੇ ਉਸ ਪਾਸੋਂ 20 ਲੱਖ ਰੁਪਏ ਦੀ ਮੰਗ ਕੀਤੀ, ਜੋ ਨਾ ਦੇਣ 'ਤੇ ਉਸ ਵਿਅਕਤੀ ਨੇ ਦਰਖ਼ਾਸਤ ਕਰਤਾ ਦੇ ਬੇਟੇ ਦੇ ਫੋਨ ਦਾ ਸਾਰਾ ਪਰਸਨਲ ਡਾਟਾ ਲੀਕ ਕਰ ਦੇਣ, ਨਾਲ ਹੀ ਇਸਦੀ ਇਤਲਾਹ ਪੁਲਸ ਨੂੰ ਕੀਤੇ ਜਾਣ 'ਤੇ ਬੇਟੇ ਸਣੇ ਬਾਕੀ ਪਰਿਵਾਰ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਪਿੱਛੋਂ ਉਹ ਕਾਫੀ ਘਬਰਾ ਗਿਆ, ਜਿਸਦੇ ਚੱਲਦਿਆਂ ਉਸ ਨੇ ਇਸਦੀ ਸ਼ਿਕਾਇਤ ਪੁਲਸ ਨੂੰ ਵੀ ਨਹੀਂ ਕੀਤੀ। ਇਸ ਪਿੱਛੋਂ ਉਸ ਨੂੰ ਲਗਾਤਾਰ ਵੱਖ-ਵੱਖ ਅੰਤਰਰਾਸ਼ਟਰੀ ਨੰਬਰਾਂ ਤੋਂ ਫ਼ਿਰੌਤੀ ਦੀ ਮੰਗ ਨੂੰ ਲੈ ਕੇ ਫੋਨ ਕਾਲਾਂ ਆਉਂਦੀਆਂ ਰਹੀਆਂ। ਜਿਸ ਦੇ ਚੱਲਦਿਆਂ ਉਹ ਮਾਨਸਿਕ ਤੌਰ 'ਤੇ ਕਾਫੀ ਪਰੇਸ਼ਾਨ ਰਹਿਣ ਲੱਗਾ ਪਰ ਇਸ ਸਭ ਦੇ ਚੱਲਦਿਆਂ ਉਸਨੂੰ ਮੁੜ ਉਸੇ ਨੰਬਰ ਤੋਂ ਫੋਨ ਕਾਲ ਆਈ, ਜਿਸਨੂੰ ਕਰਨ ਵਾਲੇ ਵਿਅਕਤੀ ਨੇ ਉਸਨੂੰ ਸ਼ਾਮ 5 ਵਜੇ ਤੱਕ ਕੇ. ਐੱਫ. ਸੀ ਖਰੜ ਕੋਲ ਰਕਮ ਲੈ ਕੇ ਆਉਣ ਲਈ ਕਿਹਾ ਅਤੇ ਅਜਿਹਾ ਨਾ ਕਰਨ 'ਤੇ ਨਤੀਜਾ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ। ਅਖ਼ੀਰ ਤੰਗ ਆ ਚੁੱਕੇ ਉਕਤ ਵਿਅਕਤੀ ਵਲੋਂ ਇਸਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ, ਜਿਸ 'ਤੇ ਸਦਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Babita

Content Editor

Related News