ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਤੇ ਮਾੜੀ ਸ਼ਬਦਾਵਲੀ ਬੋਲਣ ’ਤੇ ਮੁੱਖ ਅਧਿਆਪਕ ਸਸਪੈਂਡ

07/30/2022 7:55:49 PM

ਤਰਨਤਾਰਨ (ਰਮਨ)-ਜ਼ਿਲ੍ਹੇ ਦੇ ਪਿੰਡ ਬੋਪਾਰਾਏ ਵਿਖੇ ਮੌਜੂਦ ਸਰਕਾਰੀ ਹਾਈ ਸਕੂਲ ਵਿਚ ਤਾਇਨਾਤ ਮੁੱਖ ਅਧਿਆਪਕ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਉਪਰ ਸਟਾਫ ਨੂੰ ਤੰਗ-ਪ੍ਰੇਸ਼ਾਨ ਕਰਨ ਤਹਿਤ ਸਸਪੈਂਡ ਕਰ ਦਿੱਤਾ ਗਿਆ ਹੈ। ਸਸਪੈਂਡ ਕੀਤੇ ਮੁੱਖ ਅਧਿਆਪਕ ਦਾ ਸਟੇਸ਼ਨ ਜ਼ਿਲ੍ਹਾ ਹੈੱਡਕੁਆਰਟਰ ਤਰਨਤਾਰਨ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਸਕੂਲ ਦੇ ਮੁੱਖ ਅਧਿਆਪਕ ਖ਼ਿਲਾਫ਼ ਸਕੂਲ ਸਟਾਫ ਵੱਲੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਮਾੜੀ ਸ਼ਬਦਾਵਲੀ ਬੋਲਣ ਸਬੰਧੀ ਸਿੱਖਿਆ ਵਿਭਾਗ ਪੰਜਾਬ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਤਹਿਸੀਲ ਪੱਟੀ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਬੋਪਾਰਾਏ ਵਿਖੇ ਤਾਇਨਾਤ ਮੁੱਖ ਅਧਿਆਪਕ ਜਤਿੰਦਰ ਸਿੰਘ ਵੱਲੋਂ ਮਿਡਲ ਸਕੂਲ ਧਾਰੀਵਾਲ ਅਤੇ ਮਾਣਕਪੁਰ ’ਚ ਪੜ੍ਹਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਵਾਰਿਸਾਂ ਵੱਲੋਂ ਮੁੱਖ ਅਧਿਆਪਕ ਖਿਲਾਫ਼ ਪ੍ਰੇਸ਼ਾਨ ਕਰਨ ਦੇ ਕਥਿਤ ਤੌਰ ਉਪਰ ਦੋਸ਼ ਲਾਏ ਗਏ ਸਨ। ਇਸ ਸਬੰਧੀ ਸਰਕਾਰੀ ਮਿਡਲ ਸਕੂਲ ਮਾਣਕਪੁਰ ਅਤੇ ਧਾਰੀਵਾਲ ਦੇ ਸ਼ਿਕਾਇਤਕਰਤਾ ਮਨਰਾਜ ਕੌਰ, ਨਵਦੀਪ ਕੌਰ, ਲਵਦੀਪ ਕੌਰ, ਸੰਦੀਪ ਕੌਰ, ਸੁਖਵਿੰਦਰ ਸਿੰਘ, ਅਸ਼ਵਨੀ ਕੁਮਾਰ, ਗੁਰਮੀਤ ਸਿੰਘ ਆਦਿ ਵੱਲੋਂ ਬੋਪਾਰਾਏ ਹਾਈ ਸਕੂਲ ’ਚ ਤਾਇਨਾਤ ਮੁੱਖ ਅਧਿਆਪਕ ਜਤਿੰਦਰ ਸਿੰਘ ਖਿਲਾਫ਼ ਸਿੱਖਿਆ ਮੰਤਰੀ ਪੰਜਾਬ ਨੂੰ ਜੁਲਾਈ ਮਹੀਨੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਮੁੱਖ ਅਧਿਆਪਕ ਵੱਲੋਂ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸ਼ਿਕਾਇਤ ’ਚ ਇਹ ਵੀ ਲਿਖਿਆ ਗਿਆ ਸੀ ਕਿ ਸਕੂਲੀ ਬੱਚਿਆਂ ਨੂੰ ਪੇਪਰ ਦੇਣ ਸੰਬੰਧੀ ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰਨ ਲਈ ਜ਼ਿਲ੍ਹਾ ਸਿੱਖਿਆ ਅਫਸਰ ਸੈਕੰ. ਹਰਭਗਵੰਤ ਸਿੰਘ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਮੌਕੇ ’ਤੇ ਜਾਂਚ ਟੀਮ ਵੱਲੋਂ ਕੀਤੀ ਗਈ ਜਾਂਚ ਅਤੇ ਇਕੱਤਰ ਕੀਤੇ ਗਏ ਬਿਆਨਾਂ ਤੋਂ ਬਾਅਦ ਇਸ ਦੀ ਰਿਪੋਰਟ ਸਿੱਖਿਆ ਵਿਭਾਗ ਪੰਜਾਬ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਭੇਜ ਦਿੱਤੀ ਗਈ, ਜਿਸ ਤੋਂ ਬਾਅਦ ਸਿੱਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਕੁਲਜੀਤਪਾਲ ਸਿੰਘ ਵੱਲੋਂ ਮੁੱਖ ਅਧਿਆਪਕ ਜਤਿੰਦਰ ਸਿੰਘ ਨੂੰ ਮਹਿਲਾ ਸਟਾਫ ਖਿਲਾਫ ਗਲਤ ਸ਼ਬਦਾਵਲੀ ਵਰਤਣ, ਪ੍ਰੀਖਿਆ ਕੇਂਦਰਾਂ ’ਚ ਜਾ ਕੇ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ, ਪੇਪਰ ਖ਼ਰਾਬ ਕਰਨ, ਮਾੜਾ ਵਤੀਰਾ ਰੱਖਣ ਅਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਕਰਵਾਈ ਗਈ ਜਾਂਚ ਤੋਂ ਬਾਅਦ ਮਿਲੀ ਰਿਪੋਰਟ ਦੇ ਆਧਾਰ ਉੱਪਰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਹਰ ਭਗਵੰਤ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਹਾਈ ਸਕੂਲ ਬੋਪਾਰਾਏ ਦੇ ਮੁਖ ਅਧਿਆਪਕ ਜਤਿੰਦਰ ਸਿੰਘ ਨੂੰ ਸਸਪੈਂਡ ਕਰਨ ਉਪਰੰਤ ਉਨ੍ਹਾਂ ਦਾ ਹੈੱਡਕੁਆਟਰ ਜ਼ਿਲਾ ਸਿੱਖਿਆ ਅਫਸਰ ਤਰਨਤਾਰਨ ਦਫਤਰ ਵਿਖੇ ਨਿਸ਼ਚਿਤ ਕੀਤਾ ਗਿਆ ਹੈ।


Manoj

Content Editor

Related News