ਗੁਰਦਾਸਪੁਰ ਜ਼ਿਲ੍ਹੇ ਨੂੰ ਮਿਲੀ ਕੋਰੋਨਾ ਤੋਂ ਰਾਹਤ, ਸਿਰਫ ਇਕ ਵਿਅਕਤੀ ਦੀ ਰਿਪੋਰਟ ਆਈ ਪਾਜ਼ੇਟਵ

10/22/2020 1:14:48 AM

ਗੁਰਦਾਸਪੁਰ, (ਹਰਮਨ, ਜ. ਬ.)- ਅੱਜ ਜ਼ਿਲਾ ਗੁਰਦਾਸਪੁਰ ਕੋਰੋਨਾ ਵਾਇਰਸ ਨੇ ਇਕ ਹੋਰ ਮਰੀਜ਼ ਦੀ ਜਾਨ ਲੈ ਲਈ ਹੈ ਜਦੋਂ ਕਿ ਰਾਹਤ ਵਾਲੀ ਗੱਲ ਇਹ ਹੈ ਕਿ ਅੱਜ ਲੰਮੇ ਸਮੇਂ ਦੇ ਬਾਅਦ ਗੁਰਦਾਸਪੁਰ ਜ਼ਿਲੇ ਅੰਦਰ ਸਿਰਫ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅੱਜ ਗੁਰਦਾਸਪੁਰ ਨਾਲ ਸਬੰਧਤ ਇਕ 88 ਸਾਲ ਦੇ ਵਿਅਕਤੀ ਦੀ ਮੌਤ ਹੋਈ ਹੈ।

ਸਿਵਲ ਸਰਜਨ ਡਾ. ਵਰਿੰਦਰ ਜਗਤ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 1,50,946 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ’ਚੋਂ 1,42,282 ਨੈਗੇਟਿਵ ਪਾਏ ਗਏ ਹਨ ਜਦੋਂ ਕਿ ਕੁੱਲ 6744 ਮਰੀਜ਼ ਪਾਜ਼ੇਟਿਵ ਪਾਏ ਗਏ ਅਤੇ 2697 ਰਿਪੋਰਟਾਂ ਦੇ ਨਤੀਜੇ ਪੈਂਡਿੰਗ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ’ਚ 8 ਮਰੀਜ਼ ਦਾਖਲ ਹਨ ਜਦੋਂ ਕਿ 36 ਮਰੀਜ਼ ਬਾਹਰਲੇ ਜ਼ਿਲਿਆਂ ’ਚ ਹਨ। ਉਨ੍ਹਾਂ ਦੱਸਿਆ ਕਿ 176 ਪੀੜਤਾਂ ਨੂੰ ਲੱਛਣ ਨਾ ਹੋਣ ਕਾਰਣ ਘਰਾਂ ’ਚ ਇਕਾਂਤਵਾਸ ਕੀਤਾ ਗਿਆ ਹੈ। ਕੋਰੋਨਾ ਵਾਇਰਸ ਨਾਲ ਪੀੜਤ 6326 ਵਿਅਕਤੀਆਂ ਨੇ ਫਤਿਹ ਹਾਸਲ ਕਰ ਲਈ ਹੈ, ਇਨ੍ਹਾਂ ’ਚੋਂ 6052 ਪੀੜਤ ਠੀਕ ਹੋਏ ਹਨ ਅਤੇ 274 ਪੀੜਤਾਂ ਨੂੰ ਡਿਸਚਾਰਜ ਕਰ ਕੇ ਹੋਮ ਇਕਾਂਤਵਾਸ ਕੀਤਾ ਗਿਆ ਹੈ। ਇਸ ਮੌਕੇ ਜ਼ਿਲੇ ’ਚ ਐਕਟਿਵ ਕੇਸ 224 ਹਨ ਅਤੇ 194 ਮੌਤਾਂ ਹੋ ਚੁੱਕੀਆਂ ਹਨ।

ਜੀ. ਟੀ. ਬੀ. ਸਕੂਲ ਦੇ ਸਟਾਫ ਨੇ ਕਰਵਾਇਆ ਕੋਰੋਨਾ ਟੈਸਟ

ਧਾਰੀਵਾਲ, 21 ਅਕਤੂਬਰ (ਬਲਬੀਰ, ਖੋਸਲਾ)-ਸਕੂਲ ਦੇ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਸਟਾਫ ਦਾ ਕੋਰੋਨਾ ਟੈਸਟ ਕੀਤਾ ਗਿਆ। ਇਸ ਸਬੰਧੀ ਪ੍ਰਿੰ. ਡਾ. ਰਵਨੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ 42 ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਦੇ ਕੋਰੋਨਾ ਟੈਸਟ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਸਕੇ। ਇਸ ਮੌਕੇ ਡਾਇਰੈਕਟਰ ਸੁਰਜੀਤ ਸਿੰਘ ਅਤੇ ਸਮੂਹ ਅਧਿਆਪਕ ਹਾਜ਼ਰ ਸਨ।


Bharat Thapa

Content Editor Bharat Thapa