ਲੜਕੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਕਤਲ ਕਰਨ ਵਾਲੇ ਦੋਸ਼ੀ ਨੂੰ ਉਮਰਕੈਦ

Tuesday, Sep 04, 2018 - 12:50 PM (IST)

ਗੁਰਦਾਸਪੁਰ (ਵਿਨੋਦ) : 27 ਜਨਵਰੀ 2015 ਨੂੰ ਗੁਰਦਾਸਪੁਰ ਦੇ ਇਕ ਹੋਟਲ 'ਚ ਪੁਰਾਣਾਸ਼ਾਲਾ ਪੁਲਸ ਸਟੇਸ਼ਨ ਅਧੀਨ ਇਕ ਪਿੰਡ ਦੀ ਲੜਕੀ ਦੇ ਨਾਲ ਜਬਰ-ਜ਼ਨਾਹ ਕਰਨ ਦੇ ਬਾਅਦ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰਨ ਦੇ ਮਾਮਲੇ 'ਚ ਸੈਸ਼ਨ ਕੋਰਟ ਵਲੋਂ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਨਾਲ ਹੀ ਲੜਕੀ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ।

ਗੁਰਦਾਸਪੁਰ ਦੇ ਅਡੀਸ਼ਨਲ ਸੈਸ਼ਨ ਜੱਜ ਜਤਿੰਦਰਪਾਲ ਸਿੰਘ ਖੁਰਮੀ ਨੇ ਦੋਸ਼ੀ ਜੈ ਪ੍ਰਕਾਸ਼ ਮਿਸ਼ਰਾ ਨੂੰ ਜਬਰ-ਜ਼ਨਾਹ, ਕਤਲ, ਮ੍ਰਿਤਕਾ ਦੀ ਜਾਇਦਾਦ ਦਾ ਦੁਰਪ੍ਰਯੋਗ ਕਰਨ ਦਾ ਦੋਸ਼ੀ ਮੰਨਦੇ ਹੋਏ ਧਾਰਾ 376 ਦੇ ਤਹਿਤ 10 ਸਾਲ ਕੈਦ ਤੇ 15 ਹਜ਼ਾਰ ਰੁਪਏ ਜੁਰਮਾਨਾ, ਧਾਰਾ 302 ਦੇ ਤਹਿਤ ਉਮਰ ਕੈਦ ਤੇ 15 ਹਜ਼ਾਰ ਰੁਪਏ ਜੁਰਮਾਨਾ, ਧਾਰਾ 404 ਦੇ ਤਹਿਤ ਤਿੰਨ ਸਾਲ ਦਾ ਸਖਤ ਕਾਰਵਾਸ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਉਥੇ ਕੇਰਲਾ ਹਾਈ ਕੋਰਟ ਦੇ ਸੀ-ਗੰਗਾ ਬਨਾਮ ਲਕਸ਼ਮੀ ਅਮਾਲ ਦੇ ਕੇਸ ਦਾ ਹਵਾਲਾ ਦਿੰਦੇ ਹੋਏ ਦੋਸ਼ੀ ਨੂੰ ਮ੍ਰਿਤਕ ਲੜਕੀ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਨੂੰ ਕਿਹਾ ਗਿਆ। 48 ਸਾਲਾ ਦੋਸ਼ੀ ਜੇ.ਪੀ. ਮਿਸ਼ਰਾ ਨਿਵਾਸੀ ਸੁਭਾਸ਼ ਨਗਰ, ਮੁਗਲ ਸਰਾਏ ਜ਼ਿਲਾ ਚੰਦੌਲੀ ਉੱਤਰ ਪ੍ਰਦੇਸ਼ ਵਿਆਹੁਤਾ ਹੈ ਅਤੇ ਉਸ ਦੀਆਂ ਦੋ ਲੜਕੀਆਂ ਤੇ ਇਕ ਲੜਕਾ ਵੀ ਹੈ।

ਕੀ ਸੀ ਮਾਮਲਾ
27 ਜਨਵਰੀ 2015 ਨੂੰ ਸਥਾਨਕ ਸਿਵਲ ਲਾਈਨ ਰੋਡ ਤੋਂ ਇਕ ਵਿਅਕਤੀ ਜੇ.ਪੀ. ਮਿਸ਼ਰਾ ਨਿਵਾਸੀ ਜ਼ਿਲਾ ਚੰਦੋਲੀ ਠਹਿਰਿਆ ਸੀ ਅਤੇ ਅਗਲੇ ਦਿਨ ਜਦ ਦੇਰ ਸ਼ਾਮ ਤੱਕ ਕਮਰਾ ਲਗਾਤਾਬ ਬੰਦ ਮਿਲਿਆ ਤਾਂ ਉਦੋਂ ਹੋਟਲ ਵਾਲਿਆਂ ਨੇ ਆਪਣੇ ਕੋਲ ਪਈ ਚਾਬੀ ਨਾਲ ਕਮਰਾ ਖੋਲਿਆ ਤਾਂ ਉਥੇ ਉਕਤ ਜੇ.ਪੀ. ਮਿਸ਼ਰਾ ਦੀ ਬਜਾਏ ਇਕ ਲੜਕੀ ਮ੍ਰਿਤਕ ਪਈ ਮਿਲੀ। ਹੋਟਲ ਵਾਲਿਆ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਜਾਂਚ ਪੜਤਾਲ 'ਚ ਇਹ ਪਾਇਆ ਕਿ ਇਹ ਲੜਕੀ ਚੁੱਪਚਾਪ ਹੀ ਕਮਰੇ 'ਚ ਚਲੀ ਗਈ ਅਤੇ ਹੋਟਲ ਵਾਲਿਆਂ ਨੂੰ ਇਸ ਦੀ ਜਾਣਕਾਰੀ ਤੱਕ ਨਹੀਂ ਸੀ। ਇਸ ਤਰ੍ਹਾਂ ਦੋਸ਼ੀ ਨੇ ਇਸ ਲੜਕੀ ਦੀ ਬਲਾਤਕਾਰ ਕਰਕੇ ਹੱਤਿਆ ਕਰ ਦਿੱਤੀ ਅਤੇ ਹੋਟਲ ਤੋਂ ਕਦੋਂ ਸਮਾਨ ਲੈ ਕੇ ਚਲਾ ਗਿਆ ਇਸ ਦੀ ਵੀ ਜਾਣਕਾਰੀ ਹੋਟਲ ਵਾਲਿਆਂ ਨੂੰ ਨਹੀਂ ਸੀ। ਲੜਕੀ ਦੇ ਮੋਬਾਇਲ ਦੇ ਆਧਾਰ ਤੇ ਦੋਸ਼ੀ ਦੀ ਤਲਾਸ਼ ਕੀਤੀ ਗਈ।


Related News