'ਵਿਕਾਸ ਨਹੀਂ ਕਰਾਉਣਾ ਸੀ ਤਾਂ ਕਿਉਂ ਲਿਆ ਪਿੰਡ ਨੂੰ ਗੋਦ'

03/24/2019 5:16:18 PM

ਗੁਰਦਾਸਪੁਰ (ਵਿਨੋਦ) : ਆਦਰਸ਼ ਗ੍ਰਾਮ ਯੋਜਨਾ ਤਹਿਤ ਸਾਬਕਾ ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਡਾ. ਅਸ਼ਵਨੀ ਕੁਮਾਰ ਨੇ ਗੁਰਦਾਸਪੁਰ ਵਿਧਾਨ ਸਭਾ ਦੇ ਪਿੰਡ ਹਰਦੋਬਥਵਾਲਾ ਨੂੰ ਗੋਦ ਲਿਆ ਸੀ ਪਰ ਸਿਆਸੀ ਖਿੱਚੋਤਾਣ ਕਾਰਨ ਇਸ ਪਿੰਡ 'ਚ ਕੇਵਲ ਪੰਚਾਇਤ ਘਰ ਨੂੰ ਛੱਡ ਕੇ ਇਕ ਵੀ ਪੈਸਾ ਵਿਕਾਸ ਕੰਮਾਂ 'ਤੇ ਖਰਚ ਨਹੀਂ ਹੋਇਆ। ਦੂਜੇ ਪਾਸੇ ਸੰਸਦ ਮੈਂਬਰ ਦੀ ਬੇਰੁਖੀ ਕਾਰਨ ਇਹ ਪਿੰਡ ਬਸ ਨਾਂ ਦਾ ਹੀ ਗੋਦ ਲਿਆ ਪਿੰਡ ਬਣ ਕੇ ਰਹਿ ਗਿਆ ਹੈ। ਪਿੰਡ ਦੀ ਸਾਬਕਾ ਮਹਿਲਾ ਸਰਪੰਚ ਦਰਸ਼ਨ ਦੇਵੀ ਤੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਸ ਪਿੰਡ ਨੂੰ ਜਦੋਂ ਰਾਜ ਸਭਾ ਮੈਂਬਰ ਡਾ.ਅਸ਼ਵਨੀ ਕੁਮਾਰ ਨੇ ਗੋਦ ਲਿਆ ਸੀ ਤਾਂ ਸਾਰੇ ਪਿੰਡ ਵਾਸੀਆਂ ਨੂੰ ਉਮੀਦ ਬੱਝੀ ਸੀ ਕਿ ਹੁਣ ਪਿੰਡ ਦਾ ਸਰਬਪੱਖੀ ਵਿਕਾਸ ਹੋਵੇਗਾ, ਕਿਉਂਕਿ ਉਦੋਂ ਪੰਜਾਬ 'ਚ ਅਕਾਲੀ-ਭਾਜਪਾ ਦੀ ਸਰਕਾਰ ਸੀ। ਸਾਡੇ ਪਿੰਡ 'ਚ ਪੰਜਾਬ ਸਰਕਾਰ ਨੇ ਗਲੀਆਂ ਤਾਂ ਬਣਾ ਦਿੱਤੀਆਂ ਸੀ, ਜਦਕਿ ਹੋਰ ਸਾਰੇ ਕੰਮ ਰਹਿੰਦੇ ਸਨ। ਸਭ ਤੋਂ ਖਰਾਬ ਸਥਿਤੀ ਪਿੰਡ ਦੇ ਵੱਡੇ ਛੱਪੜ ਕਾਰਨ ਹੁੰਦੀ ਸੀ। ਬਰਸਾਤ ਦੇ ਦਿਨਾਂ 'ਚ ਛੱਪੜ ਦਾ ਪਾਣੀ ਗਲੀਆਂ ਤੇ ਘਰਾਂ 'ਚ ਵੜ ਜਾਂਦਾ ਹੈ ਅਤੇ ਚਾਰੇ ਪਾਸੇ ਗੰਦਗੀ ਫੈਲ ਜਾਂਦੀ ਹੈ। ਕਈ ਦਿਨ ਇਹ ਪਾਣੀ ਗਲੀਆਂ 'ਚ ਖੜ੍ਹਾ ਰਹਿੰਦਾ ਸੀ ਅਤੇ ਨਾਲ ਲਗਦੇ ਸੁਖ ਬਥਵਾਲਾ 'ਚ ਵੀ ਇਹ ਪਾਣੀ ਚਲਾ ਜਾਂਦਾ ਸੀ, ਕਿਉਂਕਿ ਦੋਵਾਂ ਹੀ ਪਿੰਡਾਂ ਦਾ ਪਾਣੀ ਇਸੇ ਛੱਪੜ 'ਚ ਜਾਂਦਾ ਹੈ ਅਤੇ ਬਰਸਾਤ ਦੇ ਦਿਨਾਂ 'ਚ ਸਥਿਤੀ ਬਹੁਤ ਖਰਾਬ ਹੋ ਜਾਂਦੀ ਹੈ। ਸਾਨੂੰ ਇਸ ਪਿੰਡ ਨੂੰ ਗੋਦ ਲਏ ਜਾਣ ਦੀ ਸੂਚਨਾ ਮਿਲਣ 'ਤੇ ਬਹੁਤ ਖੁਸ਼ੀ ਹੋਈ ਸੀ।

ਪਹਿਲੀ ਹੀ ਮੀਟਿੰਗ 'ਚ ਨਿਰਾਸ਼ਾ ਹੱਥ ਲੱਗੀ
ਸਾਬਕਾ ਸਰਪੰਚ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੰਜ ਸਾਲ ਉਹ ਸਰਪੰਚ ਰਹੇ ਅਤੇ ਪੰਜ ਸਾਲ ਉਸ ਦੀ ਪਤਨੀ ਦਰਸ਼ਨਾ ਦੇਵੀ ਸਰਪੰਚ ਰਹੀ। ਸਾਡਾ ਸਬੰਧ ਅਕਾਲੀ ਦਲ ਨਾਲ ਹੋਣ ਦੇ ਬਾਵਜੂਦ ਅਸੀਂ ਬਿਨਾਂ ਕਿਸੇ ਸਿਆਸੀ ਭੇਦਭਾਵ ਦੇ ਵਿਕਾਸ ਦੇ ਕੰਮ ਕਰਵਾਏ ਸੀ। ਬੇਸ਼ੱਕ ਪਿੰਡ ਦੀ ਪੰਚਾਇਤ ਦੀ ਆਪਣੀ ਕੋਈ ਜ਼ਮੀਨ ਨਹੀਂ ਹੈ ਤੇ ਨਾ ਹੀ ਕੋਈ ਆਮਦਨ ਹੈ ਪਰ ਉਸ ਦੇ ਬਾਵਜੂਦ ਸਰਕਾਰ ਤੋਂ ਮਿਲੀ ਗ੍ਰਾਂਟ ਦੇ ਸਹਾਰੇ ਵਿਕਾਸ ਕੰਮ ਬਿਨਾਂ ਭੇਦਭਾਵ ਦੇ ਕਰਵਾਏ ਗਏ ਅਤੇ ਪਿੰਡ ਦੀ ਹਰ ਗਲੀ ਨੂੰ ਬਣਾਇਆ ਗਿਆ ਪਰ ਜਦੋਂ ਪਿੰਡ ਨੂੰ ਡਾ. ਅਸ਼ਵਨੀ ਕੁਮਾਰ ਨੇ ਪ੍ਰਧਾਨ ਮੰਤਰੀ ਦੇ ਆਦੇਸ਼ 'ਤੇ ਗੋਦ ਲਏ ਜਾਣ ਦੇ ਬਾਅਦ ਪਿੰਡ 'ਚ ਮੀਟਿੰਗ ਕੀਤੀ ਤਾਂ ਸਾਨੂੰ ਮੀਟਿੰਗ 'ਚ ਬੁਲਾਇਆ ਹੀ ਨਹੀਂ ਗਿਆ ਸੀ ਅਤੇ ਸਿਰਫ ਇਕ ਗੁਟ ਨੇ ਮੀਟਿੰਗ ਕਰ ਕੇ ਪਿੰਡ ਦੀਆਂ ਸਮੱਸਿਆਵਾਂ 'ਤੇ ਵਿਚਾਰ-ਵਟਾਂਦਰਾ ਕਰ ਲਿਆ। ਉਦੋਂ ਪਿੰਡ ਨੂੰ ਸਵਰਗ ਬਣਾ ਦਿੱਤੇ ਜਾਣ ਦੀ ਗੱਲ ਕੀਤੀ ਗਈ ਸੀ।

ਵਿਕਾਸ ਦੇ ਕੰਮ ਲਟਕੇ
ਪਿੰਡ ਦੀ ਮੁੱਖ ਸਮੱਸਿਆ ਤਾਂ ਛੱਪੜ ਦੀ ਹੈ। ਪਿੰਡ 'ਚ ਵਾਟਰ ਸਪਲਾਈ ਤਾਂ ਹੈ ਪਰ ਸੀਵਰੇਜ ਪ੍ਰਣਾਲੀ ਨਹੀਂ ਹੈ। ਲਗਭਗ 2500 ਆਬਾਦੀ ਵਾਲੇ ਇਸ ਪਿੰਡ 'ਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਤੇ ਮਿਲ ਬੈਠ ਕੇ ਸਮੱਸਿਆਵਾਂ ਹੱਲ ਕਰਦੇ ਸੀ। ਪਿੰਡ ਦੇ ਲਈ 127 ਬਾਥਰੂਮ ਮਨਜ਼ੂਰ ਹੋਏ ਅਤੇ ਪ੍ਰਤੀ ਬਾਥਰੂਮ 'ਤੇ 15-15 ਹਜ਼ਾਰ ਰੁਪਏ ਖਰਚ ਕੀਤਾ ਜਾਣਾ ਸੀ ਪਰ 10-15 ਬਾਥਰੂਮ ਬਣਾ ਕੇ ਬਾਕੀ ਕੰਮਕਾਜ ਅੱਜ ਤੱਕ ਪੂਰਾ ਨਹੀਂ ਕਰਵਾਇਆ ਗਿਆ। ਪਿੰਡ 'ਚ ਇਕ ਪ੍ਰਾਇਮਰੀ ਸਕੂਲ ਹੈ ਅਤੇ ਉਹ ਵੀ ਚੰਗੀ ਹਾਲਤ 'ਚ ਨਹੀਂ ਹੈ। ਪਹਿਲੀ ਸਰਕਾਰ ਤੋਂ ਮਿਲੀ ਗ੍ਰਾਂਟ ਤੋਂ ਪਿੰਡ 'ਚ ਇਕ ਆਂਗਣਵਾੜੀ ਸੈਂਟਰ ਦੀ ਇਮਾਰਤ ਬਣਾਈ ਗਈ ਹੈ ਪਰ ਉਸ ਦਾ ਵੀ ਉਦਘਾਟਨ ਨਹੀਂ ਕੀਤਾ ਜਾ ਰਿਹਾ ਹੈ।

ਕਮਿਊਨਿਟੀ ਸੈਂਟਰ ਬਣਾ 'ਤਾ ਪਿੰਡ ਤੋਂ ਬਾਹਰ
ਡਾ. ਅਸ਼ਵਨੀ ਕੁਮਾਰ ਨੇ ਉਦੋਂ ਪਿੰਡ ਨੂੰ ਗੋਦ ਲਏ ਜਾਣ ਤੋਂ ਬਾਅਦ ਪਿੰਡ ਵਿਚ ਮੀਟਿੰਗ ਕੀਤੀ ਸੀ ਤਾਂ ਪਿੰਡ ਨੂੰ ਸਵਰਗ ਬਣਾਉਣ ਦਾ ਦਾਅਵਾ ਕੀਤਾ ਸੀ। ਪਿੰਡ ਵਿਚ ਸੀਵਰੇਜ ਪ੍ਰਣਾਲੀ ਵਿਛਾਉਣ ਸਮੇਤ ਸਟਰੀਟ ਲਾਈਟ, ਛੱਪੜ ਦੀ ਸਮੱਸਿਆ ਦਾ ਹੱਲ ਕਰਨ ਦੇ ਨਾਲ-ਨਾਲ ਹਰ ਘਰ 'ਚ ਬਾਥਰੂਮ ਬਣਾਉਣ ਦੀ ਗੱਲ ਕੀਤੀ ਸੀ ਪਰ ਡਾ.ਅਸ਼ਵਨੀ ਕੁਮਾਰ ਨੇ ਇਸ ਪਿੰਡ 'ਚ ਇਕ ਪੰਚਾਇਤ ਘਰ-ਕਮ-ਕਮਿਊਨਿਟੀ ਸੈਂਟਰ ਬਣਾ ਕੇ ਦਿੱਤਾ, ਜਿਸ 'ਤੇ 12 ਲੱਖ ਰੁਪਏ ਖਰਚ ਆਇਆ। ਇਹ ਇਮਾਰਤ ਵੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਬਣਾਈ ਗਈ ਹੈ ਪਰ ਇਸ ਪੰਚਾਇਤ ਘਰ ਦਾ ਅੱਜ ਤੱਕ ਪ੍ਰਯੋਗ ਨਹੀਂ ਹੋਇਆ, ਕਿਉਂਕਿ ਸਕੂਲ 'ਚ ਛੁੱਟੀ ਹੋਣ ਦੇ ਬਾਅਦ ਸਕੂਲ ਨੂੰ ਤਾਲਾ ਲਗਾ ਦਿੱਤਾ ਜਾਂਦਾ ਹੈ। ਪਿੰਡ ਦੇ ਲੋਕਾਂ ਅਨੁਸਾਰ ਜਦੋਂ ਪਿੰਡ 'ਚ ਕੋਈ ਵਿਕਾਸ ਕੰਮ ਨਹੀਂ ਕਰਵਾਉਣਾ ਸੀ ਤਾਂ ਫਿਰ ਕੀ ਲੋੜ ਸੀ ਪਿੰਡ ਨੂੰ ਗੋਦ ਲੈਣ ਦੀ।  —ਸਾਬਕਾ ਸਰਪੰਚ ਦਰਸ਼ਨਾ ਦੇਵੀ।

ਦੁਬਾਰਾ ਕਦੇ ਪਿੰਡ ਨਹੀਂ ਆਏ ਸੰਸਦ ਮੈਂਬਰ

ਜਦੋਂ ਡਾ.ਅਸ਼ਵਨੀ ਕੁਮਾਰ ਵੱਲੋਂ ਗੋਦ ਲਏ ਜਾਣ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਕ ਤਾਂ ਹੁਣ ਰਾਜ ਸਭਾ ਦੇ ਮੈਂਬਰ ਨਹੀਂ ਹਨ, ਦੂਜਾ ਉਨ੍ਹਾਂ ਨੇ ਸਾਡੇ ਵਿਰੋਧ ਦੇ ਬਾਵਜੂਦ ਪਿੰਡ ਦਾ ਪੰਚਾਇਤ ਘਰ-ਕਮ-ਕਮਿਊਨਿਟੀ ਸੈਂਟਰ ਪਿੰਡ 'ਚ ਬਣਾਉਣ ਦੀ ਬਜਾਏ ਸਕੂਲ 'ਚ ਬਣਾ ਦਿੱਤਾ, ਜੋ ਬਹੁਤ ਦੂਰ ਹੈ। ਦੂਜਾ ਉਹ ਇਕ ਵਾਰ ਹੀ ਪਿੰਡ ਆਏ ਅਤੇ ਉਸ ਤੋਂ ਬਾਅਦ ਕਦੇ ਪਿੰਡ ਹਰਦੋਬਥਵਾਲਾ 'ਚ ਨਹੀਂ ਆਏ ਅਤੇ ਨਾ ਹੀ ਸਾਨੂੰ ਕਦੀ ਬੁਲਾਇਆ ਗਿਆ। ਅਸੀਂ ਕਈ ਵਾਰ ਪੱਤਰ ਲਿਖ ਕੇ ਪਿੰਡ ਦੇ ਛੱਪੜ ਦੀ ਸਮੱਸਿਆ ਸਮੇਤ ਸੀਵਰੇਜ ਪ੍ਰਣਾਲੀ ਵਿਛਾਉਣ ਦੀ ਮੰਗ ਕੀਤੀ ਸੀ ਪਰ ਕੋਈ ਲਾਭ ਨਹੀਂ ਹੋਇਆ। — ਸਰਪੰਚ ਜਗਦੀਸ਼ ਕਾਟਲ, ਪਿੰਡ ਬਥਵਾਲਾ

ਐੱਨ. ਆਰ. ਆਈ. ਨੇ ਕਰਵਾਇਆ ਛੱਪੜ ਦੀ ਸਮੱਸਿਆ ਦਾ ਅਸਥਾਈ ਹੱਲ
ਮੌਜੂਦਾ ਸਰਪੰਚ ਜਗਦੀਸ਼ ਕਾਟਲ ਨੇ ਦੱਸਿਆ ਕਿ ਪਿੰਡ ਦਾ ਇਕ ਵਿਅਕਤੀ ਹਰਰਿਆਲ ਸਿੰਘ ਇਸ ਸਮੇਂ ਅਮਰੀਕਾ 'ਚ ਰਹਿੰਦਾ ਹੈ ਅਤੇ ਕਦੀ-ਕਦੀ ਪਿੰਡ ਆਉਂਦਾ ਹੈ। ਉਸ ਨੇ ਜਦੋਂ ਛੱਪੜ ਦੀ ਸਮੱਸਿਆ ਨੂੰ ਵੇਖਿਆ ਤਾਂ ਉਨ੍ਹਾਂ ਨੇ ਇਕ ਮੋਟਰ ਲਗਵਾ ਕੇ ਦਿੱਤੀ ਅਤੇ ਪਾਈਪ ਲਾਈਨ ਵਿਛਾ ਕੇ ਦਿੱਤੀ। ਜਿਸ ਕਾਰਨ ਹੁਣ ਛੱਪੜ ਦਾ ਪਾਣੀ ਓਵਰਫਲੋ ਹੋਣ 'ਤੇ ਕੁਝ ਦੂਰੀ 'ਤੇ ਵਗਦੇ ਨਾਲੇ 'ਚ ਪਾਇਆ ਜਾਂਦਾ ਹੈ ਪਰ ਬਰਸਾਤ ਦੇ ਦਿਨਾਂ 'ਚ ਸਮੱਸਿਆ ਬਣ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਡਾ.ਅਸ਼ਵਨੀ ਕੁਮਾਰ ਵੱਲੋਂ ਪਿੰਡ ਨੂੰ ਗੋਦ ਲਏ ਜਾਣ ਦਾ ਪਿੰਡ ਨੂੰ ਕੋਈ ਲਾਭ ਨਹੀਂ ਹੋਇਆ। ਜਦ ਪਿੰਡ ਦਾ ਵਿਕਾਸ ਕਰਵਾਉਣਾ ਨਹੀਂ ਸੀ ਤਾਂ ਫਿਰ ਰਾਜ ਸਭਾ ਮੈਂਬਰ ਵੱਲੋਂ ਪਿੰਡ ਨੂੰ ਗੋਦ ਲਏ ਜਾਣ ਦੀ ਜ਼ਰੂਰਤ ਹੀ ਕੀ ਸੀ।

ਪਿੰਡ ਹਰਦੋਬਥਵਾਲਾ
ਆਬਾਦੀ- 5241
ਮਰਦ-2741
ਔਰਤਾਂ-2500
ਕੁਲ ਰਕਬਾ-270 ਹੈਕਟੇਅਰ
ਮਕਾਨ-994
ਸਾਖਰਤਾ-79.3
ਵੋਟਰ-1875
ਆਂਗਨਵਾੜੀ ਸੈਂਟਰ-3 (2 ਚੱਲ ਰਹੇ ਹਨ ਤੇ ਤੀਸਰਾ ਉਦਘਾਟਨ ਦੇ ਇੰਤਜ਼ਾਰ 'ਚ ਹੈ)

ਗੋਦ ਲਿਆ-ਅਕਤੂਬਰ 2015 ਨੂੰ
ਗੋਦ ਲੈਣ ਵਾਲੇ ਪਿੰਡ ਦੀਆਂ ਸ਼ਰਤਾਂ
1. ਘੱਟ ਤੋਂ ਘੱਟ ਆਬਾਦੀ -5600
2. ਨੈਸ਼ਨਲ ਹਾਈਵੇ ਦੇ ਕੋਲ ਹੋਣਾ ਚਾਹੀਦਾ ਹੈ
3. ਇਹ ਪਿੰਡ ਨੈਸ਼ਨਲ ਹਾਈਵੇ ਤੋਂ ਕਾਫੀ ਦੂਰ ਹੈ ਤੇ ਗੁਰਦਾਸਪੁਰ ਬਸ ਸਟੈਂਡ ਤੋਂ ਲਗਭਗ 5 ਕਿਲੋਮੀਟਰ ਦੂਰ ਹੈ।
 


Baljeet Kaur

Content Editor

Related News