ਗੁਰਦਾਸਪੁਰ ਜ਼ਿਲ੍ਹੇ ’ਚ ਕੋਰੋਨਾ ਨੇ ਇਕੋ ਦਿਨ 21 ਸਾਲ ਦੇ ਨੌਜਵਾਨ ਸਮੇਤ 5 ਮਰੀਜ਼ਾਂ ਦੀ ਲਈ ਜਾਨ

09/03/2020 2:19:23 AM

ਗੁਰਦਾਸਪੁਰ/ਧਾਰੀਵਾਲ, (ਹਰਮਨ, ਜ. ਬ., ਖੋਸਲਾ, ਬਲਬੀਰ)- ਕੋਰੋਨਾ ਵਾਇਰਸ ਨੇ ਅੱਜ ਜ਼ਿਲਾ ਗੁਰਦਾਸਪੁਰ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਕਹਿਰ ਮਚਾਇਆ ਹੈ, ਜਿਸ ਤਹਿਤ ਅੱਜ ਇਕੋ ਦਿਨ ’ਚ 21 ਸਾਲ ਦੇ ਨੌਜਵਾਨ ਸਮੇਤ 5 ਵਿਅਕਤੀ ਇਸ ਵਾਇਰਸ ਕਾਰਣ ਮੌਤ ਦੇ ਮੂੰਹ ’ਚ ਚਲੇ ਗਏ ਹਨ। ਇਕੱਤਰ ਜਾਣਕਾਰੀ ਅਨੁਸਾਰ ਧਾਰੀਵਾਲ ਨੇੜਲੇ ਪਿੰਡ ਨਾਲ ਸਬੰਧਤ 21 ਸਾਲ ਦਾ ਨੌਜਵਾਨ ਪੇਟ ਅਤੇ ਅੰਤੜੀਆਂ ਦੀਆਂ ਬੀਮਾਰੀਆਂ ਤੋਂ ਪੀੜਤ ਸੀ, ਜਿਸ ਦਾ ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ ਅਤੇ ਅੱਜ ਉੱਥੇ ਉਕਤ ਨੌਜਵਾਨ ਦੀ ਮੌਤ ਹੋ ਗਈ ਹੈ। ਕਾਦੀਆਂ ਨਾਲ ਸਬੰਧਤ 59 ਸਾਲ ਦੀ ਔਰਤ ਦਾ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਹੋਣ ਕਾਰਣ ਜਲੰਧਰ ਵਿਖੇ ਕੈਪੀਟਲ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਸੀ, ਜਿੱਥੇ ਇਸ ਔਰਤ ਨੇ ਦਮ ਤੋੜ ਦਿੱਤਾ। ਇਸੇ ਤਰ੍ਹਾਂ ਬਟਾਲਾ ਨਾਲ ਸਬੰਧਤ 70 ਸਾਲ ਦਾ ਵਿਅਕਤੀ ਵੀ ਅੰਮ੍ਰਿਤਸਰ ਵਿਖੇ ਜ਼ੇਰੇ ਇਲਾਜ ਸੀ, ਜਿਸ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬਾਕੀ ਦੇ 2 ਮਰੀਜ਼ਾਂ ’ਚ ਬਟਾਲਾ ਨਾਲ ਸਬੰਧਤ 52 ਸਾਲ ਦੀ ਔਰਤ ਅਤੇ 66 ਸਾਲ ਦਾ ਵਿਅਕਤੀ ਸ਼ਾਮਲ ਹਨ ਅਤੇ ਇਹ ਦੋਵੇਂ ਮਰੀਜ਼ ਕ੍ਰਮਵਾਰ ਸ਼ੂਗਰ ਅਤੇ ਲਿਵਰ ਦੀ ਬੀਮਾਰੀ ਤੋਂ ਪੀੜਤ ਹੋਣ ਕਾਰਨ ਅੰਮ੍ਰਿਤਸਰ ਵਿਖੇ ਇਲਾਜ ਅਧੀਨ ਸਨ।

ਸਿਹਤ ਮੰਤਰੀ ਨੇ ਸਿਵਲ ਸਰਜਨ ਨਾਲ ਗੱਲਬਾਤ ਕਰ ਕੇ ਲਿਆ ਸਥਿਤੀ ਦਾ ਜਾਇਜ਼ਾ

ਅੱਜ ਹੋਈਆਂ 5 ਮੌਤਾਂ ਕਾਰਣ ਜਿਥੇ ਜ਼ਿਲਾ ਪ੍ਰਸ਼ਾਸਨ ਕਾਫੀ ਗੰਭੀਰ ਹੋ ਗਿਆ ਹੈ, ਉਸ ਦੇ ਨਾਲ ਹੀ ਪੰਜਾਬ ਪੱਧਰ ’ਤੇ ਵੀ ਸਿਹਤ ਵਿਭਾਗ ਅਤੇ ਸਰਕਾਰ ਦੇ ਹੋਰ ਨੁਮਾਇੰਦੇ ਗੁਰਦਾਸਪੁਰ ਜ਼ਿਲੇ ਨੂੰ ਲੈ ਕੇ ਚਿੰਤਤ ਹਨ। ਇਸ ਤਹਿਤ ਅੱਜ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਗੁਰਦਾਸਪੁਰ ਦੇ ਸਿਵਲ ਸਰਜਨ ਨਾਲ ਫੋਨ ’ਤੇ ਗੱਲਬਾਤ ਕਰ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਜਦੋਂ ਕਿ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਵੀ ਸਿਹਤ ਵਿਭਾਗ ਦੀਆਂ ਟੀਮਾਂ ਦੇ ਮੁਖੀਆਂ ਨਾਲ ਮੀਟਿੰਗ ਕਰਨ ਦੇ ਇਲਾਵਾ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਜ਼ਰੂਰ ਕਰਨ। ਜ਼ਿਲੇ ’ਚ ਪੀੜਤ ਪਾਏ ਜਾ ਚੁੱਕੇ ਕੁੱਲ ਮਰੀਜ਼ਾਂ ਦੀ ਗਿਣਤੀ 2499 ਹੋ ਗਈ ਹੈ ਜਦੋਂ ਕਿ ਅੱਜ ਕੋਈ ਗੰਭੀਰ ਪਾਜ਼ੇਟਿਵ ਨਹੀਂ ਪਾਇਆ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ 65633 ਮਰੀਜ਼ਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ’ਚੋਂ 63,695 ਦੀਆਂ ਰਿਪੋਰਟਾਂ ਨੈਗੇਟਿਵ ਹਨ ਜਦੋਂ ਕੇ 469 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਇਸ ਮੌਕੇ ਜ਼ਿਲੇ ’ਚ 835 ਐਕਟਿਵ ਮਰੀਜ਼ ਹਨ ਜਦੋਂ ਕਿ 1606 ਮਰੀਜ਼ ਠੀਕ ਹੋ ਚੁੱਕੇ ਹਨ। ਅੱਜ ਹੋਈਆਂ ਮੌਤਾਂ ਕਾਰਣ ਹੁਣ ਜ਼ਿਲੇ ’ਚ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਕੇ ਮਰਨ ਵਾਲਿਆਂ ਦੀ ਕੁੱਲ ਗਿਣਤੀ 58 ਹੋ ਗਈ ਹੈ।


Bharat Thapa

Content Editor

Related News