ਚੋਰਾਂ ਦੇ ਹੌਸਲੇ ਬੁਲੰਦ : ਨਹੀਂ ਰੁਕ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ

02/23/2020 3:13:04 PM

ਗੁਰਦਾਸਪੁਰ (ਹਰਮਨ, ਜ. ਬ.) : ਪਿਛਲੇ ਸਮੇਂ ਦੌਰਾਨ ਗੁਰਦਾਸਪੁਰ ਅੰਦਰ ਲੁਟੇਰਿਆਂ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਤਹਿਤ ਬੀਤੀ ਰਾਤ ਵੀ ਸਥਾਨਕ ਸ਼ਹਿਰ ਦੇ ਐਨ ਵਿਚਕਾਰ 2 ਨਕਾਬਪੋਸ਼ ਲੁਟੇਰਿਆਂ ਨੇ ਦੁਕਾਨ ਬੰਦ ਕਰ ਕੇ ਘਰ ਜਾ ਰਹੇ ਇਕ ਵਪਾਰੀ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਲੋਕਾਂ ਦੇ ਇਕੱਤਰ ਹੋ ਜਾਣ ਕਾਰਣ ਉਕਤ ਲੁਟੇਰੇ ਕੋਈ ਲੁੱਟ ਕਰਨ ਵਿਚ ਤਾਂ ਕਾਮਯਾਬ ਨਹੀਂ ਹੋ ਸਕੇ ਪਰ ਲੁਟੇਰਿਆਂ ਨੇ ਮੌਕੇ 'ਤੇ ਹੀ ਕਰੀਬ 3 ਫਾਇਰ ਕਰ ਦਿੱਤੇ, ਜਿਨ੍ਹਾਂ 'ਚੋਂ ਇਕ ਗੋਲੀ ਵਪਾਰੀ ਦੀ ਲੱਤ ਵਿਚ ਲੱਗ ਜਾਣ ਕਾਰਣ ਉਹ ਜ਼ਖਮੀ ਹੋ ਗਿਆ।

ਜਾਣਕਾਰੀ ਅਨੁਸਾਰ ਸਸ਼ੀ ਪਾਲ ਪੁੱਤਰ ਸਾਂਝੀ ਰਾਮ ਵਾਸੀ ਮੁਹੱਲਾ ਉਂਕਾਰ ਨਗਰ ਦੀ ਤਿੱਬੜੀ ਰੋਡ 'ਤੇ ਹੀ ਕਨਫੈਕਸ਼ਨਰੀ ਦੀ ਦੁਕਾਨ ਹੈ, ਜਿਸ ਨੂੰ ਬੰਦ ਕਰ ਕੇ ਸ਼ਸ਼ੀ ਪਾਲ ਬੀਤੀ ਰਾਤ ਇਸੇ ਰੋਡ 'ਤੇ ਸਿਨੇਮੇ ਵਾਲੀ ਗਲੀ ਸਥਿਤ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਘਰ ਨੇੜੇ ਪਹੁੰਚਿਆ ਤਾਂ ਅਚਾਨਕ ਮੋਟਰਸਾਈਕਲ 'ਤੇ ਆਏ ਦੋ ਲੁਟੇਰਿਆਂ ਨੇ ਉਸ ਕੋਲੋਂ ਪੈਸੇ ਅਤੇ ਹੋਰ ਸਾਮਾਨ ਖੋਹਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਜਦੋਂ ਉਸਨੇ ਉਕਤ ਲੁਟੇਰਿਆਂ ਦਾ ਵਿਰੋਧ ਕਰਦੇ ਹੋਏ ਰੌਲਾ ਪਾ ਦਿੱਤਾ ਤਾਂ ਕੁਝ ਲੋਕ ਵੀ ਬਾਹਰ ਆ ਗਏ ਪਰ ਇਸ ਤੋਂ ਪਹਿਲਾਂ ਹੀ ਲੁਟੇਰਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਵਿਚੋਂ ਇਕ ਗੋਲੀ ਸ਼ਸ਼ੀ ਪਾਲ ਦੀ ਲੱਤ ਵਿਚ ਵੱਜ ਗਈ। ਇਸ ਦੇ ਬਾਅਦ ਲੁਟੇਰੇ ਫਰਾਰ ਹੋ ਗਏ ਅਤੇ ਸ਼ਸ਼ੀਪਾਲ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਵਾਰਦਾਤ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸੁਖਪਾਲ ਸਿੰਘ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੌਕੇ ਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਉਕਤ ਵਾਰਦਾਤ ਦੇ ਬਾਅਦ ਦੋ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਦੇਖਣ ਦੇ ਇਲਾਵਾ ਹਰ ਪੱਖ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਲੁਟੇਰੇ ਫੜ ਲਏ ਜਾਣਗੇ।

ਸ਼ਹਿਰ ਵਾਸੀਆਂ 'ਚ ਖੌਫ
ਗੁਰਦਾਸਪੁਰ ਸ਼ਹਿਰ ਦੇ ਭੀੜ ਵਾਲੇ ਇਲਾਕੇ ਵਿਚ ਲੁਟੇਰਿਆਂ ਵੱਲੋਂ ਕੀਤੀ ਗਈ ਇਸ ਕਾਰਵਾਈ ਤੋਂ ਪਹਿਲਾਂ ਵੀ ਅਜਿਹੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ ਜਿਸ ਤਹਿਤ ਲੁਟੇਰੇ ਸ਼ਰੇਆਮ ਲੋਕਾਂ ਦੇ ਮੋਬਾਇਲ, ਪਰਸ ਅਤੇ ਹੋਰ ਸਾਮਾਨ ਖੋਹ ਕੇ ਫਰਾਰ ਹੋ ਚੁੱਕੇ ਹਨ। ਇਥੋਂ ਤੱਕ ਕਿ ਸ਼ਹਿਰ ਸਮੇਤ ਆਸਪਾਸ ਦੇ ਇਲਾਕੇ ਅੰਦਰ ਕਾਰਾਂ ਖੋਹਣ ਵਾਲਾ ਗਿਰੋਹ ਵੀ ਕਈ ਵਾਰਦਾਤਾਂ ਕਰ ਚੁੱਕਾ ਹੈ ਪਰ ਅਜੇ ਤੱਕ ਪੁਲਸ ਵੱਲੋਂ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਨਾ ਕੀਤੇ ਜਾ ਸਕਣ ਕਾਰਣ ਲੋਕਾਂ ਅੰਦਰ ਜਿਥੇ ਲੁਟੇਰਿਆਂ ਦਾ ਖੌਫ ਪਾਇਆ ਜਾ ਰਿਹਾ ਹੈ ਉਥੇ ਲੋਕ ਪੁਲਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਸਵਾਲ ਵੀ ਖੜ੍ਹੇ ਕਰ ਰਹੇ ਹਨ।


Baljeet Kaur

Content Editor

Related News