ਸਾਢੇ 7 ਕਰੋੜ ਰੁਪਏ ਦੀ ਗ੍ਰਾਂਟ ਦਾ ਗਬਨ ਕਰਨ ਦੇ ਦੋਸ਼ ’ਚ ਮੁਅੱਤਲ BDPO ਖ਼ਿਲਾਫ਼ ਪਰਚਾ ਦਰਜ

06/22/2022 3:37:12 PM

ਤਰਨਤਾਰਨ (ਰਮਨ) - ਥਾਣਾ ਵਲਟੋਹਾ ਵਿਖੇ ਤਾਇਨਾਤ ਬੀ. ਡੀ. ਪੀ. ਓ. ਖ਼ਿਲਾਫ਼ 7 ਕਰੋੜ 45 ਲੱਖ 15 ਹਜ਼ਾਰ 727 ਰੁਪਏ ਦੀ ਗ੍ਰਾਂਟ ਦਾ ਗਬਨ ਕਰਨ ਦੇ ਦੋਸ਼ ’ਚ ਥਾਣਾ ਵਲਟੋਹਾ ਵਿਖੇ ਮਾਮਲਾ ਦਰਜ ਕਰ ਕੇ ਪੁਲਸ ਵੱਲੋਂ ਗ੍ਰਿਫ਼ਤਾਰੀ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਮਈ ਮਹੀਨੇ ਦੌਰਾਨ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬੀ. ਡੀ. ਪੀ. ਓ. ਖ਼ਿਲਾਫ਼ ਮਿਲੀ ਸ਼ਿਕਾਇਤ ਤਹਿਤ ਕਾਰਵਾਈ ਕਰਦੇ ਹੋਏ ਮੁਅੱਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਸ ਨੂੰ ਇਸ ਸਬੰਧੀ ਜਾਂਚ ਦੇ ਹੁਕਮ ਦਿੱਤੇ ਗਏ ਸਨ।

ਮਿਲੀ ਜਾਣਕਾਰੀ ਅਨੁਸਾਰ ਬਲਾਕ ਵਲਟੋਹਾ ਵਿਖੇ ਤਾਇਨਾਤ ਲਾਲ ਸਿੰਘ ਐੱਸ. ਈ. ਪੀ. ਓ. ਕੋਲ ਬੀ. ਡੀ. ਪੀ. ਓ. ਦਾ ਚਾਰਜ ਸੀ। ਉਸ ਨੂੰ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵੱਲੋਂ 9 ਮਈ ਨੂੰ ਤਰਨਤਾਰਨ ਪੰਚਾਇਤ ਭਵਨ ਵਿਖੇ ਪੁੱਜਣ ਤੋਂ ਬਾਅਦ ਮਿਲੀ ਸ਼ਿਕਾਇਤ ਤਹਿਤ ਕਾਰਵਾਈ ਕਰਦੇ ਹੋਏ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਦੇ ਨਾਲ ਜ਼ਿਲ੍ਹਾ ਪੰਚਾਇਤ ਵਿਭਾਗ ਵੱਲੋਂ ਸਬੰਧਿਤ ਬੀ. ਡੀ. ਪੀ. ਓ. ਖ਼ਿਲਾਫ਼ ਪੁਲਸ ਨੂੰ ਦਿੱਤੀ ਸ਼ਿਕਾਇਤ ਸਬੰਧੀ ਜਾਂਚ ਕਰਨ ਲਈ ਕਿਹਾ ਗਿਆ ਸੀ।

ਇਸ ਜਾਂਚ ਨੂੰ ਲਖਵਿੰਦਰ ਸਿੰਘ ਉਪ ਕਪਤਾਨ ਪੁਲਸ (ਪੀ. ਬੀ. ਆਈ.) ਹੋਮੀਸਾਈਡ ਐਂਡ ਫੋਰੈਂਸਿਕ ਵੱਲੋਂ ਮੁਕੰਮਲ ਕਰਨ ਤੋਂ ਬਾਅਦ ਲਾਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਥਾਣਾ ਵਲਟੋਹਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਕੀਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਲਾਕ ਵਲਟੋਹਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਲਈ ਸਰਕਾਰ ਵੱਲੋਂ ਭੇਜੀ ਗਈ 7 ਕਰੋੜ 45 ਲੱਖ 15 ਹਜ਼ਾਰ 727 ਰੁਪਏ ਦਾ ਗਬਨ ਬੀ. ਡੀ. ਪੀ. ਓ. ਲਾਲ ਸਿੰਘ ਵੱਲੋਂ ਕੀਤਾ ਜਾਣਾ ਪਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਲਖਵਿੰਦਰ ਸਿੰਘ ਨੇ ਦੱਸਿਆ ਕਿ ਬੀ. ਡੀ. ਪੀ. ਓ. ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


rajwinder kaur

Content Editor

Related News