ਪ੍ਰਵਾਸੀ ਭਾਰਤੀ ਨੇ ਖੰਡਰ ਤੋਂ ਆਲੀਸ਼ਾਨ ਇਮਾਰਤ ''ਚ ਤਬਦੀਲ ਕੀਤਾ ਸਰਕਾਰੀ ਸਕੂਲ

07/19/2019 7:11:43 PM

ਬਟਾਲਾ (ਬੇਰੀ)-ਭਾਰਤ-ਪਾਕਿਸਤਾਨ ਸਰਹੱਦ ਨੇੜੇ ਜ਼ਿਲਾ ਗੁਰਦਾਸਪੁਰ ਦੇ ਪਿੰਡ ਨੜਾਂਵਾਲੀ ਦੇ ਸਰਕਾਰੀ ਸਕੂਲ ਨੂੰ ਦੇਖ ਕੇ ਸਾਰੇ ਲੋਕ ਦੰਗ ਰਹਿ ਜਾਂਦੇ ਹਨ। ਇਸ ਸਕੂਲ 'ਚੋਂ ਪੜ੍ਹੇ ਪਿੰਡ ਨੜਾਂਵਾਲੀ ਦੇ ਸਪੂਤ ਕੁਲਜੀਤ ਸਿੰਘ ਗੌਸਲ ਜੋ ਇਸ ਸਮੇਂ ਆਸਟ੍ਰੇਲੀਆ ਵਿਚ ਜੇਲ ਅਫ਼ਸਰ ਵਜੋਂ ਤਾਇਨਾਤ ਹਨ, ਨੇ ਆਪਣੇ ਸਕੂਲ ਦੀ ਸਾਰ ਲੈਂਦਿਆਂ ਇਸ ਸਕੂਲ ਦਾ ਪੂਰੀ ਤਰ੍ਹਾਂ ਮੁਹਾਂਦਰਾ ਹੀ ਬਦਲ ਦਿੱਤਾ ਹੈ। ਸੱਤ ਸਮੁੰਦਰੋਂ ਪਾਰ ਆਸਟ੍ਰੇਲੀਆ ਦੀ ਧਰਤੀ ਉੱਪਰ ਆਪਣੀ ਮਿਹਨਤ ਦੇ ਦਮ 'ਤੇ ਸਫਲਤਾ ਹਾਸਲ ਕਰਨ ਵਾਲੇ ਜ਼ਿਲਾ ਗੁਰਦਾਸਪੁਰ ਦੇ ਪਿੰਡ ਨੜਾਂਵਾਲੀ ਦੇ ਜੰਮਪਲ ਕੁਲਜੀਤ ਸਿੰਘ ਗੌਸਲ ਅੱਜ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ ਅਤੇ ਉਹ ਆਪਣੀ ਜੰਮਣ ਭੋਇੰ ਦੇ ਕਰਜ਼ ਨੂੰ ਉਤਾਰਨ ਦਾ ਯਤਨ ਕਰ ਰਹੇ ਹਨ।

ਪਿੰਡ ਨੜਾਂਵਾਲੀ ਦਾ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਜੋ ਕਿ ਇਕੋ ਕੰਪਲੈਕਸ ਵਿਚ ਚੱਲ ਰਹੇ ਹਨ, ਦੀ ਕੁਝ ਸਾਲ ਪਹਿਲਾਂ ਇਮਾਰਤ ਪੱਖੋਂ ਹਾਲਤ ਠੀਕ ਨਹੀਂ ਸੀ। ਜਦੋਂ ਪ੍ਰਵਾਸੀ ਭਾਰਤੀ ਕੁਲਜੀਤ ਸਿੰਘ ਗੌਸਲ ਆਪਣੇ ਪਿੰਡ ਆਇਆ ਤਾਂ ਉਸ ਨੇ ਸਕੂਲ ਦੀ ਹਾਲਤ ਸੁਧਾਰਨ ਦਾ ਨਿਸ਼ਚਾ ਕਰ ਲਿਆ। ਕੁਲਜੀਤ ਸਿੰਘ 1973 ਵਿਚ ਇਸ ਸਕੂਲ ਤੋਂ ਪ੍ਰਾਇਮਰੀ ਜਮਾਤਾਂ ਪੜ੍ਹਿਆ ਸੀ। ਇਸ ਸਕੂਲ ਤੋਂ ਆਪਣੀ ਤਾਲੀਮ ਦਾ ਮੁੱਢ ਬੰਨ੍ਹਣ ਵਾਲੇ ਕੁਲਜੀਤ ਸਿੰਘ ਨੇ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਸਿਡਨੀ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਦੇ ਨਾਲ ਸਾਇੰਸ ਦੇ ਖੇਤਰ ਵਿਚ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕੀਤੀ ਹੈ। ਇਸ ਸਮੇਂ ਉਹ ਆਸਟ੍ਰੇਲੀਆ ਵਿਖੇ ਜੇਲ ਅਫ਼ਸਰ ਅਤੇ ਸੀਨੀਅਰ ਵਕੀਲ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਆਪਣੇ ਸਕੂਲ ਨੂੰ ਬੁਨਿਆਦੀ ਢਾਂਚੇ ਦੇ ਪੱਖ ਤੋਂ ਵਿਸ਼ਵ ਪੱਧਰ ਦਾ ਬਣਾਉਣ ਦਾ ਸੁਪਨਾ ਲੈਣ ਵਾਲੇ ਪ੍ਰਵਾਸੀ ਭਾਰਤੀ ਗੌਸਲ ਨੇ 18 ਨਵੰਬਰ 2017 ਨੂੰ ਸਰਕਾਰੀ ਮਨਜ਼ੂਰੀ ਲੈ ਕੇ ਇਸ ਸਕੂਲ ਦੀ ਇਮਾਰਤ ਨੂੰ ਨਵੇਂ ਸਿਰੇ ਤੋਂ ਬਣਾਉਣਾ ਸ਼ੁਰੂ ਕਰ ਦਿੱਤਾ। ਕੁਲਜੀਤ ਸਿੰਘ ਗੌਸਲ ਵਲੋਂ 80 ਲੱਖ ਰੁਪਏ ਖਰਚ ਕੇ 5 ਮਹੀਨਿਆਂ ਵਿਚ ਸਕੂਲ ਦੀ ਦੋ-ਮੰਜ਼ਿਲਾ ਆਲੀਸ਼ਾਨ ਇਮਾਰਤ ਤਿਆਰ ਕਰ ਦਿੱਤੀ ਗਈ। ਇਸ ਸਕੂਲ ਦਾ ਉਦਘਾਟਨ 28 ਫਰਵਰੀ 2019 ਨੂੰ ਕੀਤਾ ਗਿਆ ਹੈ। ਕੁਲਜੀਤ ਸਿੰਘ ਗੌਸਲ ਨੇ ਇਸ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਪਿੰਡ ਦੀ ਸਭ ਤੋਂ ਬਜ਼ੁਰਗ ਔਰਤ ਕੋਲੋਂ ਰਖਾਇਆ ਸੀ ਅਤੇ ਉਦਘਾਟਨ ਵੀ ਪਿੰਡ ਦੇ ਇਕ ਬਜ਼ੁਰਗ ਵਿਅਕਤੀ ਕੋਲੋਂ ਕਰਾਇਆ ਗਿਆ।


Karan Kumar

Content Editor

Related News