ਘਰਿੰਡਾ ਡਕੈਤੀ ਕਾਂਡ ਦਾ ਥਾਣੇਦਾਰ ਤੇ ਸਿਪਾਹੀ ਹੈ ਐਕਸਾਈਜ਼ ’ਚ ਤਾਇਨਾਤ, ਪੁਲਸ ਵੱਲੋਂ ਭਾਲ ਜਾਰੀ

06/28/2022 11:02:05 AM

ਅੰਮ੍ਰਿਤਸਰ (ਇੰਦਰਜੀਤ) - ਪੁਲਸ ਵੱਲੋਂ ਡਕੈਤੀ ਦੇ ਕੇਸ ਵਿਚ ਨਾਮਜ਼ਦ ਕੀਤੇ ਗਏ ਪੰਜ ਮੁਲਜ਼ਮਾਂ ਵਿੱਚੋਂ ਦੋ ਆਬਕਾਰੀ ਪੁਲਸ ਵਿਚ ਤਾਇਨਾਤ ਹਨ ਅਤੇ ਆਬਕਾਰੀ ਅਧਿਕਾਰੀਆਂ ਨਾਲ ਮਿਲ ਕੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ’ਤੇ ਛਾਪੇਮਾਰੀ ਕਰ ਰਹੇ ਹਨ। ਇਨ੍ਹਾਂ ਲੋਕਾਂ ਕੋਲ ਇਹ ਵਿਆਪਕ ਅਧਿਕਾਰ ਹੈ ਕਿ ਉਹ ਕਿਸੇ ਵੀ ਥਾਂ ’ਤੇ ਜਾ ਤਲਾਸ਼ੀ ਲੈ ਸਕਦੇ ਹਨ ਕਿ ਕੋਈ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਦਾ ਕੰਮ ਤਾਂ ਨਹੀਂ ਕਰ ਰਿਹਾ। ਸਰਕਾਰ ਵਲੋਂ ਆਬਕਾਰੀ ਵਿਭਾਗ ਨੂੰ ਦੋ ਨੰਬਰੀ ਸ਼ਰਾਬ ਦੇ ਕਾਰੋਬਾਰੀਆਂ ’ਤੇ ਸ਼ਿਕੰਜਾ ਕੱਸਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਦੀ ਆੜ ’ਚ ਇਨ੍ਹਾਂ ਦੇ ਹੌਸਲੇ ਵਧ ਗਏ ਹਨ ਅਤੇ ਇਕ ਵਿਅਕਤੀ ਦੇ ਘਰ ਛਾਪਾ ਮਾਰ ਕੇ ਸਿੱਧੇ ਤੌਰ ’ਤੇ 10 ਲੱਖ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਹੈ।

ਇਹ ਉਸੇ ਘਟਨਾ ਦੀ ਕੜੀ ਹੈ, ਜਿਸ ਵਿਚ ਥਾਣਾ ਘੜਿੰਡਾ ਅਧੀਨ ਆਉਂਦੇ ਇਕ ਬੱਕਰੀ ਪਾਲਣ ਵਾਲੇ ਦੇ ਘਰ ਵਿਚ ਤਲਾਸ਼ੀ ਲੈਣ ਦੀ ਗੱਲ ਕਹਿ ਕੇ ਉਥੋਂ 18 ਤੋਲੇ ਸੋਨਾ ਅਤੇ 80 ਹਜ਼ਾਰ ਰੁਪਏ ਲੁੱਟ ਲਏ ਗਏ ਸਨ। ਇਸ ਮਾਮਲੇ ਵਿਚ ਇਕ ਬਾਡੀ ਬਿਲਡਰ ਵਿਅਕਤੀ ਸੁਨੀਲ ਕੁਮਾਰ ਸ਼ਰਮਾ ਜੋ ਲੁਟੇਰਾ ਗਰੁੱਪ ਦਾ ਸਾਥੀ ਹੈ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਵੱਲੋਂ ਉਸ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਅਦਾਲਤ ਵੱਲੋਂ ਉਸ ਦਾ 2 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ।

ਪੁਲਸ ਨੂੰ ਦਿੱਤੀ ਜਾਣਕਾਰੀ ’ਚ ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਦਾਉਕੇ ਦੇ ਵਸਨੀਕ ਹਰਦੇਵ ਸਿੰਘ ਉਰਫ਼ ਦੇਬੂ ਨੇ ਦੱਸਿਆ ਕਿ ਬੀਤੇ 15 ਦਿਨ ਪਹਿਲਾਂ 5 ਵਿਅਕਤੀ ਉਸਦੇ ਘਰ ਆਏ, ਜਿਨ੍ਹਾਂ ’ਚ 4 ਪੁਲਸ ਦੀ ਵਰਦੀਧਾਰੀ ਮੁਲਾਜ਼ਮ ਸਨ। ਉਨ੍ਹਾਂ ਨੇ ਆਉਂਦੇ ਸਾਰ ਹੀ ਉਸ ਦੇ ਘਰ ਦੀ ਤਲਾਸ਼ੀ ਲੈਣ ਦੀ ਗੱਲ ਕਹੀ। ਇਸ ਨਾਲ ਉਹ ਜ਼ਬਰਦਸਤੀ ਅੰਦਰ ਆ ਗਏ ਅਤੇ ਅਲਮਾਰੀ ਖੋਲ੍ਹਣ ਲੱਗੇ ਤਾਂ ਅਲਮਾਰੀ ਦਾ ਤਾਲਾ ਲੱਗਾ ਹੋਇਆ ਸੀ ਅਤੇ ਉਨ੍ਹਾਂ ਅਲਮਾਰੀ ਤੋੜ ਦਿੱਤੀ ਅਤੇ ਉਥੋਂ ਉਸ ਦਾ 18 ਤੋਲੇ ਸੋਨਾ ਜੋ ਉਸ ਨੇ 2 ਮਹੀਨੇ ਬਾਅਦ ਆਪਣੀ ਭੈਣ ਦੇ ਵਿਆਹ ਲਈ ਰੱਖਿਆ ਸੀ, ਖੋਹ ਲਿਆ। ਇਸ ਦੇ ਨਾਲ ਹੀ 80 ਹਜ਼ਾਰ ਰੁਪਏ ਨਕਦ ਵੀ ਲੈ ਗਏ।

ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਇਨ੍ਹਾਂ ਵਰਦੀਧਾਰੀ ਲੁਟੇਰਿਆਂ ਨੇ ਹਰਦੇਵ ਸਿੰਘ ਨੂੰ ਆਪਣੀ ਕਾਰ ਵਿਚ ਬਿਠਾ ਲਿਆ। ਇਸ ਤੋਂ ਬਾਅਦ ਇਸ ਗਿਰੋਹ ਦੇ ਲੋਕ ਸ਼ਹਿਰ ਵੱਲ ਚਲੇ ਗਏ। ਯੂਨੀਵਰਸਿਟੀ ਦੇ ਸਾਹਮਣੇ ਸਥਿਤ ਚੌਕੀ ਨੇੜੇ ਆ ਕੇ ਉਨ੍ਹਾਂ ਨੇ ਹਰਦੇਵ ਸਿੰਘ ਨੂੰ ਕਾਰ ਤੋਂ ਹੇਠਾਂ ਉਤਾਰ ਦਿੱਤਾ ਅਤੇ ਕਿਹਾ ਕਿ ਜੇ ਉਸ ਨੇ ਰੋਲਾ ਪਾਇਆ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਣਗੇ। ਇਸ ਦੇ ਨਾਲ ਹੀ ਗਿਰੋਹ ਨੇ ਪੀੜਤ ਵਿਅਕਤੀ ਨੂੰ 2 ਦਿਨ ਬਾਅਦ ਮਿਲਣ ਦੀ ਗੱਲ ਕਹੀ ਸੀ।

ਹਰਦੇਵ ਸਿੰਘ ਨੇ ਪੁਲਸ ਨੂੰ ਉਨ੍ਹਾਂ ਦਾ ਹੁਲੀਆ ਦੱਸਿਆ ਅਤੇ ਵਾਹਨ ਦੇ ਸਬੰਧ ਵਿਚ ਗੱਲਬਾਤ ਕੀਤੀ। ਪਤਾ ਲੱਗਾ ਹੈ ਕਿ ਇਸ ਤੋਂ ਬਾਅਦ ਪੀੜਤ ਨੇ ਖੁਦ ਉਸ ਗੱਡੀ ਦੇ ਨੰਬਰ ਦੇ ਆਧਾਰ ’ਤੇ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਕ ਵਰਦੀਧਾਰੀ ਲੁਟੇਰਾ ਗਿਰੋਹ ਦਾ ਇਕ ਵਿਅਕਤੀ, ਜੋ ਸਰੀਰਕ ਤੌਰ ’ਤੇ ਪਹਿਲਵਾਨ ਜਾਪਦਾ ਸੀ, ਖਾਲਸਾ ਕਾਲਜ ਨੇੜੇ ਰਹਿੰਦਾ ਹੈ, ਜਦਕਿ 2 ਵਿਅਕਤੀ ਪੁਲਸ ਵਿਚ ਕਾਂਸਟੇਬਲ ਹਨ। ਪੀੜਤ ਨੇ ਥਾਣਾ ਘਰਿੰਡਾ ਅਤੇ ਆਸ-ਪਾਸ ਦੀਆਂ ਕਈ ਪੁਲਸ ਚੌਕੀਆਂ ਖਾਸਾ, ਰਾਜਾਤਾਲ, ਕਾਨ੍ਹਗੜ੍ਹ ਦੇ ਮੁਲਾਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ।

ਉਧਰ ਗੱਡੀ ਨੰਬਰ ਪੀ.ਬੀ.02-ਬੀ.ਜੀ. 5152 (ਨਿਸ਼ਾਨ) ਦੇ ਆਧਾਰ ’ਤੇ ਜਦੋਂ ਉਸ ਨੇ ਆਪਣੇ ਤੌਰ ’ਤੇ ਪੁੱਛਗਿੱਛ ਕੀਤੀ ਤਾਂ ਕਾਫੀ ਕੋਸ਼ਿਸ਼ ਤੋਂ ਬਾਅਦ ਪਤਾ ਲੱਗਾ ਕਿ ਉਕਤ ਪਹਿਲਵਾਨ ਦਾ ਨਾਮ ਸੁਨੀਲ ਕੁਮਾਰ ਸ਼ਰਮਾ ਪੁੱਤਰ ਮੋਹਨ ਲਾਲ ਸ਼ਰਮਾ ਵਾਸੀ ਇੰਦਰਾਪੁਰੀ ਹੈ ਅਤੇ ਉਹ ਕਾਰ ਦਾ ਕਥਿਤ ਮਾਲਕ ਵੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਇਨ੍ਹਾਂ ਲੋਕਾਂ ’ਚ ਏ. ਐੱਸ. ਆਈ. ਬਲਦੇਵ ਸਿੰਘ ਅਤੇ ਏ. ਐੱਸ. ਆਈ. ਵਰਿਆਮ ਸਿੰਘ ਦੇ ਨਾਲ ਕਾਂਸਟੇਬਲ ਨਿਸ਼ਾਨਪ੍ਰੀਤ ਅਤੇ ਤਰਸੇਮ ਸਿੰਘ ਕਾਂਸਟੇਬਲ ਹਨ। ਹਾਲਾਂਕਿ ਉਸ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਲੋਕ ਕਿੱਥੇ ਤਾਇਨਾਤ ਸਨ? ਇਸ ਸਬੰਧੀ ਜਦੋਂ ਹਰਦੇਵ ਸਿੰਘ ਨੇ ਪਿੰਡ ਦੇ ਸਰਪੰਚ ਆਦਿ ਨੂੰ ਮਾਮਲਾ ਦੱਸਿਆ ਤਾਂ ਪੁਲਸ ਨੇ ਕਾਰਵਾਈ ਕਰਦਿਆਂ ਸਾਰੇ ਵਿਅਕਤੀਆਂ ਨੂੰ ਟਰੇਸ ਕਰ ਲਿਆ। ਇਸ ’ਚ ਸਿਰਫ਼ ਸੁਨੀਲ ਕੁਮਾਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਬਾਕੀ ਅਜੇ ਫਰਾਰ ਹਨ। ਇਸ ਮਾਮਲੇ ਵਿਚ ਪੁਲਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਧਾਰਾ 380,454,365,149,506 ਤਹਿਤ ਕੇਸ ਦਰਜ ਕੀਤਾ ਹੈ। ਫੜੇ ਗਏ ਮੁਲਜ਼ਮਾਂ ਕੋਲੋਂ ਤਿੰਨ-ਚਾਰ ਤੋਲੇ ਸੋਨਾ ਬਰਾਮਦ ਹੋਇਆ ਹੈ। ਇਸ ਤੋਂ ਜਾਪਦਾ ਹੈ ਕਿ ਲੁੱਟਿਆ ਗਿਆ ਸੋਨਾ ਪੰਜ ਵਿਚ ਵੰਡਿਆ ਗਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਬਲਦੇਵ ਸਿੰਘ ਅਤੇ ਸਿਪਾਹੀ ਤਰਸੇਮ ਸਿੰਘ ਅੰਮ੍ਰਿਤਸਰ ਦੇ ਐਕਸਾਈਜ਼ ਵਿਭਾਗ ਵਿਚ ਤਾਇਨਾਤ ਹਨ। ਵਰਿਆਮ ਸਿੰਘ ਅਤੇ ਨਿਸ਼ਾਨਪ੍ਰੀਤ ਸਿੰਘ ਕਿਤੇ ਹੋਰ ਜਗ੍ਹਾ ’ਤੇ ਤਾਇਨਾਤ ਹਨ। ਇਨ੍ਹਾਂ ਸਾਰਿਆਂ ਨੇ ਮਿਲ ਕੇ ਘਰ ਲੁੱਟਣ ਦੀ ਯੋਜਨਾ ਬਣਾਈ, ਉਨ੍ਹਾਂ ਨੂੰ ਪਤਾ ਸੀ ਕਿ ਇੱਥੇ ਸੋਨਾ ਅਤੇ ਨਕਦੀ ਹੈ। ਸ਼ਿਕਾਇਤਕਰਤਾ ਹਰਦੇਵ ਸਿੰਘ ਨੇ ਇਹ ਸੋਨੇ ਦੇ ਗਹਿਣੇ ਮੁਥੂਟ ਫਾਈਨਾਂਸ ਕੰਪਨੀ ’ਚ ਰੱਖ ਕੇ ਉਥੋਂ ਕਰਜ਼ਾ ਲਿਆ ਸੀ ਅਤੇ ਸਿਰਫ ਆਪਣੀ ਭੈਣ ਦੇ ਵਿਆਹ ਲਈ ਉਥੋਂ ਸੋਨੇ ਦੇ ਗਹਿਣੇ ਲੈ ਕੇ ਆਇਆ ਸੀ।

ਪੀੜਤ ਹਰਦੇਵ ਬੱਕਰੀਆਂ ਦੀ ਕਮਾਈ ਨਾਲ ਕਰਦਾ ਸੀ ਗੁਜ਼ਾਰਾ
ਸ਼ਰਮ ਦੀ ਗੱਲ ਹੈ ਕਿ ਜਦੋਂ ਪੀੜਤ ਪਰਿਵਾਰ ਨੇ ਇਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਘਰੋਂ ਸੋਨਾ ਅਤੇ ਨਕਦੀ ਨਾ ਚੁੱਕਣ ਲਈ ਰਹਿਮ ਦੀ ਅਪੀਲ ਕੀਤੀ। ਇਸ ’ਤੇ ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਦੱਸਿਆ ਕਿ ਪੀੜਤ ਹਰਦੇਵ ਸਿੰਘ ਦੀਆਂ ਪੰਜ ਭੈਣਾਂ ਅਤੇ ਪੰਜ ਧੀਆਂ ਵੀ ਹਨ। ਉਸ ਕੋਲ ਸਿਰਫ਼ 35 ਬੱਕਰੀਆਂ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਦੂਜੇ ਪਾਸੇ ਪੁਲਸ ਮੁਲਾਜ਼ਮ ਸਰਕਾਰ ਤੋਂ ਤਨਖ਼ਾਹ ਵਜੋਂ ਲੱਖਾਂ ਰੁਪਏ ਲੈਂਦੇ ਹਨ ਅਤੇ ਉਪਰਲੀ ਕਮਾਈ ਵੱਖਰੀ ਹੁੰਦੀ ਹੈ। ਆਮ ਲੋਕਾਂ ਦਾ ਸਵਾਲ ਹੈ ਕਿ ਫਿਰ ਡਾਕਾ ਮਾਰਨ ਦੀ ਕੀ ਲੋੜ ਸੀ?


rajwinder kaur

Content Editor

Related News