2 ਔਰਤ ਦਲਾਲਾਂ ਨੂੰ ਹੈਲਥ ਡਿਪਾਰਟਮੈਂਟ ਨੇ ਕੀਤਾ ਕਾਬੂ

01/21/2019 7:27:24 AM

ਪਠਾਨਕੋਟ,   (ਆਦਿਤਆ, ਸ਼ਾਰਦਾ)–   ਪਠਾਨਕੋਟ, ਬਟਾਲਾ ਤੇ ਗੁਰਦਾਸਪੁਰ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲਿਆਂ ’ਚ ਲਿੰਗ ਨਿਰਧਾਰਨ ਦਾ ਟੈਸਟ ਕਰਵਾਉਣ ਵਾਲੇ ਸਰਗਰਮ ਗੈਂਗ ਨੂੰ ਹੈਲਥ ਡਿਪਾਰਟਮੈਂਟ ਚੰਡੀਗੜ੍ਹ ਤੇ ਪੰਜਾਬ ਦੀ ਟੀਮ ਨੇ ਸਾਂਝੇ ਰੂਪ ਨਾਲ ਛਾਪਾ ਮਾਰ ਕੇ 2 ਔਰਤ ਦਲਾਲਾਂ ਨੂੰ ਕਾਬੂ ਕੀਤਾ ਹੈ।
ਵਰਣਨਯੋਗ ਹੈ ਕਿ ਹੈਲਥ ਡਿਪਾਰਟਮੈਂਟ ਨੇ ਲਿੰਗ ਨਿਰਧਾਰਨ ਨੂੰ ਟੈਸਟ ਕਰਵਾਉਣ ਵਾਲੇ ਤੇ ਕਰਨ ਵਾਲਿਆਂ ਨੂੰ ਫੜਨ ਲਈ ਮੁਹਿੰਮ ਸ਼ੁਰੂ ਕੀਤੀ ਸੀ। ਅੱਜ ਵਿਭਾਗ ਦੀਆਂ ਟੀਮਾਂ ਨੂੰ ਇਸ ’ਚ ਸਫਲਤਾ ਮਿਲੀ ਹੈ ਤੇ ਉਨ੍ਹਾਂ ਨੇ 2 ਔਰਤਾਂ ਨੂੰ 25 ਹਜ਼ਾਰ ਦੀ ਨਕਦੀ ਨਾਲ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਗੈਂਗ ਦੇ ਹੋਰ ਮੈਂਬਰ ਅੰਮ੍ਰਿਤਸਰ ਤੇ ਕਠੂਆ ’ਚ ਸਨ। ਸਥਾਨਕ ਪੁਲਸ ਨੂੰ ਸੂਚਨਾ ਭੇਜ ਦਿੱਤੀ ਗਈ ਹੈ।  ਚੰਡੀਗੜ੍ਹ ਤੋਂ ਆਈ ਟੀਮ ਦੇ ਡਾਇਰੈਕਟਰ ਰਮੇਸ਼ ਦੱਤ ਨੇ ਦੱਸਿਆ ਕਿ ਕਈ ਦਿਨ ਪਹਿਲਾਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਠਾਨਕੋਟ ਦੇ ਅੰਗੂਰਾ ਵਾਲਾ ਬਾਗ ਨਿਵਾਸੀ ਦਰਸ਼ਨਾ ਦੇਵੀ ਤੇ ਕਾਦੀਆਂ ਨਿਵਾਸੀ ਨੀਲਮ ਕੁਮਾਰੀ ਆਪਣੇ ਆਲੇ ਦੁਆਲੇ ਦੇ ਏਰੀਆ ’ਚ ਗਰਭ ਜਾਂਚ ਕਰਵਾਉਂਦੀ ਹੈ। ਇਸ ਤੋਂ ਬਾਅਦ 2 ਗਰਭਵਤੀ ਔਰਤਾਂ ਨੂੰ ਬੁਲਾਇਆ ਗਿਆ ਤੇ ਭਰੂਣ ਜਾਂਚ ਲਈ ਦਲਾਲਾਂ ਕੋਲ ਭੇਜਿਆ। ਦਲਾਲਾਂ ਨੇ 45 ਹਜ਼ਾਰ ਰੁਪਏ ’ਚ ਸੌਦਾ ਤੈਅ ਕੀਤਾ ਤੇ 25 ਹਜ਼ਾਰ ਐਡਵਾਂਸ ਲੈ ਕੇ ਕਠੂਆ ਚਲੇ ਗਏ। ਸਭ ਕੁਝ ਤੈਅ ਯੋਜਨਾ ਅਨੁਸਾਰ ਹੋਇਆ ਤੇ ਟੀਮ ਨੇ ਸਿਵਲ ਸਰਜਨ ਡਾ. ਨੈਨਾ ਸਲਾਥੀਆ, ਡਾ. ਰਾਕੇਸ਼ ਸਰਪਾਲ ਤੇ ਡਾ. ਜਤਿਨ ਨੂੰ ਨਾਲ ਲੈ ਕੇ ਮਲਿਕਪੁਰ ’ਚ ਛਾਪਾ ਮਾਰ ਕੇ ਦੋਹਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ।
40 ਹਜ਼ਾਰ ’ਚ ਕਰਦੇ ਸਨ ਸਕੈਨਿੰਗ ਦਾ ਸੌਦਾ, ਗਰਭ ਵਿਚ ਲੜਕੀ ਹੋਣ ’ਤੇ 25 ਹਜ਼ਾਰ ਲੈ ਕੇ ਕਰਦੇ ਸਨ ਗਰਭਪਾਤ-ਰਮੇਸ਼ ਦੱਤ ਨੇ ਦੱਸਿਆ ਕਿ ਉਕਤ ਗੈਂਗ ਪੰਜਾਬ ਦੀਆਂ ਸੈਂਕੜੇ ਔਰਤਾਂ ਦਾ ਲਿੰਗ ਨਿਰਧਾਰਨ ਟੈਸਟ ਕਰਵਾ ਚੁੱਕੇ ਹਨ ਤੇ ਕਈਆਂ ਦਾ ਗਰਭਪਾਤ ਵੀ ਕਰਵਾਇਆ ਹੈ। ਗੈਂਗ ਮੈਂਬਰ ਲੜਕਾ ਹੋਣ ’ਤੇ 35-40 ਹਜ਼ਾਰ ਵਿਚ ਸੌਦਾ ਕਰਦੇ ਸਨ ਤੇ ਗਰਭ ਵਿਚ ਲੜਕੀ ਹੋਣ ਦੀ ਪੁਸ਼ਟੀ ਹੁੰਦੇ ਹੀ ਪਰਿਵਾਰ ਤੋਂ 25 ਹਜ਼ਾਰ ਲੈ ਕੇ ਗਰਭਪਾਤ ਵੀ ਕਰਦੇ ਸਨ। ਗੈਂਗ ਵਿਚ ਅੰਮ੍ਰਿਤਸਰ ਦੇ ਹਸਪਤਾਲ ਦੀ ਸਟਾਫ ਨਰਸ ਮਨਜੀਤ ਕੌਰ, ਕਠੂਆ ਦੇ ਨੈਸ਼ਨਲ ਸਕੈਨਿੰਗ ਸੈਂਟਰ ਦਾ ਕਰਿੰਦਾ ਪ੍ਰਤਾਪ ਮਾਸਟਰਮਾਈਂਡ ਸਨ।
 


Related News